ਆਕਲੈਂਡ/ ਸਿਡਨੀ, (ਏਜੰਸੀ)— ਨਿਊਜ਼ੀਲੈਂਡ 'ਚ ਦੋ ਮਸਜਿਦਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਆਸਟ੍ਰੇਲੀਅਨ ਨਾਗਰਿਕ ਬ੍ਰੈਂਟਨ ਟੈਰੇਂਟ ਦੇ ਫੜੇ ਜਾਣ ਮਗਰੋਂ ਆਸਟ੍ਰੇਲੀਅਨ ਪੁਲਸ ਨੇ ਉਸ ਨਾਲ ਸਬੰਧਤ ਦੋ ਘਰਾਂ 'ਚ ਛਾਪੇਮਾਰੀ ਕੀਤੀ। ਉਸ ਦੇ ਦੋਵੇਂ ਘਰ ਨਿਊ ਸਾਊਥ ਵੇਲਜ਼ ਦੇ ਸ਼ਹਿਰਾਂ ਸੈਂਡੀ ਬੀਚ ਅਤੇ ਲਾਅਰੈਂਸ 'ਚ ਹਨ, ਇਹ ਦੋਵੇਂ ਸ਼ਹਿਰ ਗ੍ਰਾਫਟਨ ਦੇ ਕੋਲ ਹਨ ਅਤੇ ਬ੍ਰੈਂਟਨ ਇੱਥੇ ਹੀ ਪਲਿਆ ਅਤੇ ਵੱਡਾ ਹੋਇਆ ਸੀ। ਇਸੇ ਲਈ ਇਨ੍ਹਾਂ ਦੋਹਾਂ ਘਰਾਂ 'ਚ ਛਾਪੇ ਮਾਰ ਕੇ ਜਾਂਚ ਕੀਤੀ ਗਈ। ਬ੍ਰੈਂਟਨ ਦੇ ਪਰਿਵਾਰ ਦੇ ਕੁੱਝ ਮੈਂਬਰਾਂ ਵਲੋਂ ਘਟਨਾ ਦੀ ਜਾਣਕਾਰੀ ਮਿਲਣ 'ਤੇ ਦੁੱਖ ਅਤੇ ਹੈਰਾਨੀ ਦਾ ਪ੍ਰਗਟਾਵਾ ਕੀਤਾ ਗਿਆ।
ਪੁਲਸ ਨੇ ਦੱਸਿਆ ਕਿ ਪਰਿਵਾਰ ਜਾਂਚ 'ਚ ਉਨ੍ਹਾਂ ਦੀ ਮਦਦ ਕਰ ਰਿਹਾ ਹੈ। ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਜਦ ਬ੍ਰੈਟੇਂਨ ਨੇ ਵਿਦੇਸ਼ਾਂ ਦੀ ਸੈਰ ਕੀਤੀ, ਉਦੋਂ ਹੀ ਉਸ ਦਾ ਦਿਮਾਗ ਗਲਤ ਸੋਚ ਵਾਲਾ ਬਣਿਆ ਹੋਵੇਗਾ ਕਿਉਂਕਿ ਪਹਿਲਾਂ ਉਹ ਅਜਿਹਾ ਨਹੀਂ ਸੀ। ਉਸ ਨੇ ਸਾਈਬੇਰੀਆ, ਬੋਸਨੀਆ, ਹੈਰਜ਼ੇਗੋਵੀਨਾ, ਕ੍ਰੋਸ਼ੀਆ, ਤੁਰਕੀ, ਬੁਲਗਾਰੀਆ ਅਤੇ ਇਜ਼ਰਾਇਲ ਦਾ ਸਫਰ ਵੀ ਕੀਤਾ ਸੀ। ਅਧਿਕਾਰੀਆਂ ਨੇ ਕਿਹਾ ਕਿ ਬ੍ਰੈਂਟਨ ਪਹਿਲਾਂ ਨਿਊ ਸਾਊਥ ਵੇਲਜ਼ 'ਚ ਹੀ ਰਿਹਾ ਤੇ ਕੁੱਝ ਸਮੇਂ ਤੋਂ ਨਿਊਜ਼ੀਲੈਂਡ ਦੇ ਡੁਨੇਡੀਨ ਇਲਾਕੇ 'ਚ ਰਹਿ ਰਿਹਾ ਸੀ।
ਜ਼ਿਕਰਯੋਗ ਹੈ ਕਿ ਬ੍ਰੈਂਟਨ ਨੇ ਨਿਊਜ਼ੀਲੈਂਡ ਦੇ ਸ਼ਹਿਰ ਕ੍ਰਾਈਸਟ ਚਰਚ ਦੀਆਂ ਦੋ ਮਸਜਿਦਾਂ 'ਚ ਨਮਾਜ਼ ਅਦਾ ਕਰ ਰਹੇ ਲੋਕਾਂ 'ਤੇ ਗੋਲੀਆਂ ਚਲਾਈਆਂ, ਜਿਸ ਕਾਰਨ 50 ਲੋਕਾਂ ਦੀ ਮੌਤ ਹੋ ਗਈ ਅਤੇ 42 ਲੋਕ ਜ਼ਖਮੀ ਹੋ ਗਏ। ਜ਼ਖਮੀਆਂ 'ਚੋਂ ਕੁਝ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮ੍ਰਿਤਕਾਂ 'ਚ ਕੈਨੇਡਾ, ਭਾਰਤ, ਫਲਸਤੀਨ ਅਤੇ ਪਾਕਿਸਤਾਨ ਸਮੇਤ ਕੁੱਝ ਹੋਰ ਦੇਸ਼ਾਂ ਦੇ ਨਾਗਰਿਕ ਵੀ ਸ਼ਾਮਲ ਸਨ।
ਨਿਊਜ਼ੀਲੈਂਡ ਗੋਲੀਬਾਰੀ : ਹੁਣ ਦੋਸ਼ੀ ਖੁਦ ਲੜੇਗਾ ਆਪਣਾ ਮੁਕੱਦਮਾ
NEXT STORY