ਸਰੀ- ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿਚ 24 ਅਕਤੂਬਰ, 2020 ਨੂੰ ਵਿਧਾਨਸਭਾ ਚੋਣਾਂ ਹੋਣ ਜਾ ਰਹੀਆਂ ਹਨ। ਹਾਲਾਂਕਿ ਚੋਣ ਪ੍ਰਚਾਰ ਲਈ ਰਾਜਨੀਤਕ ਪਾਰਟੀਆਂ ਕੋਲ ਸਮਾਂ ਬਹੁਤ ਘੱਟ ਹੈ ਤੇ ਕੋਰੋਨਾ ਸੰਕਟ ਕਾਰਨ ਚੋਣ ਪ੍ਰਚਾਰ ਪਹਿਲਾਂ ਵਾਂਗ ਨਹੀਂ ਰਿਹਾ ਹੋਵੇਗਾ।
ਬ੍ਰਿਟਿਸ਼ ਕੋਲੰਬੀਆ ਵਿਚ 2017 ਵਿਚ ਐੱਨ. ਡੀ. ਪੀ. ਲੀਡਰ ਜੌਹਨ ਹੌਰਗਨ ਨੇ ਗ੍ਰੀਨ ਪਾਰਟੀ ਨਾਲ ਮਿਲ ਕੇ ਸਰਕਾਰ ਬਣਾਈ ਸੀ ਤੇ ਲਿਬਰਲ ਨੂੰ ਤਕੜੀ ਹਾਰ ਦਿੱਤੀ ਸੀ। ਉਂਝ ਤਾਂ ਇਹ ਚੋਣਾਂ ਅਕਤੂਬਰ 2021 ਵਿਚ ਹੋਣੀਆਂ ਸਨ ਪਰ ਹੌਰਗਨ ਚਾਹੁੰਦੇ ਹਨ ਕਿ ਕੋਰੋਨਾ ਦੌਰਾਨ ਵਧੀਆ ਕੰਮ ਕਰਕੇ ਖੱਟੀ ਵਾਹੋ-ਵਾਹੀ ਦੀ ਵਰਤੋਂ ਕਰਕੇ ਉਹ ਆਪਣੇ ਦਮ 'ਤੇ ਸਰਕਾਰ ਬਣਾਉਣ ਅਤੇ ਅਗਲੇ ਹੋਰ 4 ਸਾਲਾਂ ਤੱਕ ਸੂਬੇ ਵਿਚ ਰਾਜ ਕਰਨ।
ਕੋਰੋਨਾ ਸੰਕਟ ਦੌਰਾਨ ਇਨ੍ਹਾਂ ਚੋਣਾਂ ਦਾ ਐਲਾਨ ਕਰਨ ਮਗਰੋਂ ਲਿਬਰਲ ਤੇ ਗ੍ਰੀਨ ਪਾਰਟੀ ਨੇ ਐੱਨ. ਡੀ. ਪੀ. ਦੀ ਆਲੋਚਨਾ ਕੀਤੀ ਹੈ ਜੋ ਇਸ ਮੌਕੇ ਦਾ ਫਾਇਦਾ ਚੁੱਕਣ ਜਾ ਰਹੀ ਹੈ ਤੇ ਲੋਕਾਂ ਲਈ ਖਤਰਾ ਵਧਾਉਣ ਜਾ ਰਹੀ ਹੈ। ਮਾਹਰਾਂ ਦਾ ਵਿਚਾਰ ਹੈ ਕਿ ਇਸ ਸਮੇਂ ਲਿਬਰਲ ਅਤੇ ਗ੍ਰੀਨ ਪਾਰਟੀ ਲਈ ਸਭ ਤੋਂ ਵੱਡੀ ਮੁਸੀਬਤ ਇਹ ਹੈ ਕਿ ਉਹ ਇੰਨੀ ਜਲਦੀ ਲੋਕਾਂ ਦਾ ਭਰੋਸਾ ਜਿੱਤਣ ਵਾਲੇ ਉਮੀਦਵਾਰ ਕਿਵੇਂ ਚੁਣਨ ਕਿਉਂਕਿ ਲਗਭਗ ਇਕ ਮਹੀਨੇ ਵਿਚ ਉਮੀਦਵਾਰ ਚੁਣਨਾ ਤੇ ਚੋਣ ਪ੍ਰਚਾਰ ਕਰਨਾ ਬਹੁਤ ਵੱਡਾ ਕੰਮ ਹੈ। ਮਾਹਰਾਂ ਦਾ ਕਹਿਣਾ ਹੈ ਕਿ ਜੌਹਨ ਹੌਰਗਨ ਨੇ ਸੋਚ-ਸਮਝ ਕੇ ਆਪਣੇ ਫਾਇਦੇ ਲਈ ਇਹ ਦਾਅ ਲਗਾਇਆ ਹੈ।
ਉਂਝ ਇੱਥੇ ਲਗਭਗ 1 ਫੀਸਦੀ ਲੋਕ ਡਾਕ ਰਾਹੀਂ ਵੋਟਾਂ ਪਾਉਂਦੇ ਹਨ ਪਰ ਕੋਰੋਨਾ ਕਾਰਨ ਚੋਣ ਐਲਾਨ ਦੇ ਅਗਲੇ ਦਿਨ ਹੀ 20 ਹਜ਼ਾਰ ਲੋਕ ਆਪਣੀ ਬੇਨਤੀ ਭੇਜ ਚੁੱਕੇ ਹਨ ਕਿ ਉਹ ਡਾਕ ਰਾਹੀਂ ਆਪਣੀ ਵੋਟ ਭੇਜ ਸਕਦੇ ਹਨ। ਦੱਸ ਦਈਏ ਕਿ 2017 ਵਿਚ ਕੁੱਲ 6500 ਲੋਕਾਂ ਨੇ ਹੀ ਡਾਕ ਰਾਹੀਂ ਵੋਟ ਪਾਈ ਸੀ ਪਰ ਇਸ ਵਾਰ ਕੋਰੋਨਾ ਤੋਂ ਬਚਾਅ ਲਈ ਵੱਧ ਤੋਂ ਵੱਧ ਲੋਕ ਘਰੋਂ ਹੀ ਵੋਟ ਪਾਉਣਗੇ।
ਅਮਰੀਕੀ ਉਪ ਰਾਸ਼ਟਰਪਤੀ ਦੇ ਜਹਾਜ਼ ਨਾਲ ਟਕਰਾਈ ਚਿੜੀ, ਹੋਈ ਐਮਰਜੈਂਸੀ ਲੈਂਡਿੰਗ
NEXT STORY