ਢਾਕਾ(ਭਾਸ਼ਾ)- ਬੰਗਲਾਦੇਸ਼ ਦੀ ਇੱਕ ਅਦਾਲਤ ਨੇ ਵੀਰਵਾਰ ਨੂੰ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ 'ਚ ਅਹੁਦੇ ਤੋਂ ਹਟਾਈ ਗਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ, ਉਨ੍ਹਾਂ ਦੀ ਧੀ ਸਾਇਮਾ ਵਾਜਿਦ ਪੁਤੁਲ ਅਤੇ 17 ਹੋਰਾਂ ਵਿਰੁੱਧ ਨਵਾਂ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ। ਉਨ੍ਹਾਂ 'ਤੇ ਧੋਖਾਧੜੀ ਰਾਹੀਂ ਰਿਹਾਇਸ਼ੀ ਜ਼ਮੀਨ ਹਾਸਲ ਕਰਨ ਦਾ ਦੋਸ਼ ਹੈ। ਢਾਕਾ ਮੈਟਰੋਪੋਲੀਟਨ ਸੀਨੀਅਰ ਸਪੈਸ਼ਲ ਜੱਜ ਜ਼ਾਕਿਰ ਹੁਸੈਨ ਗਾਲਿਬ ਨੇ ਭ੍ਰਿਸ਼ਟਾਚਾਰ ਵਿਰੋਧੀ ਕਮਿਸ਼ਨ (ਏ.ਸੀ.ਸੀ.) ਵੱਲੋਂ ਦਾਇਰ ਚਾਰਜਸ਼ੀਟ ਨੂੰ ਸਵੀਕਾਰ ਕਰ ਲਿਆ। ਕਿਉਂਕਿ ਦੋਸ਼ੀ ਫਰਾਰ ਹਨ, ਇਸ ਲਈ ਅਦਾਲਤ ਨੇ ਉਨ੍ਹਾਂ ਖਿਲਾਫ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ। ਏਸੀਸੀ ਦੇ ਵਕੀਲ ਮੀਰ ਅਹਿਮਦ ਸਲਾਮ ਨੇ ਪੱਤਰਕਾਰਾਂ ਨੂੰ ਦੱਸਿਆ, "ਮੈਟਰੋਪੋਲੀਟਨ ਸੀਨੀਅਰ ਸਪੈਸ਼ਲ ਜੱਜ ਜ਼ਾਕਿਰ ਹੁਸੈਨ ਗਾਲਿਬ ਨੇ ਮਾਮਲੇ 'ਚ ਏਸੀਸੀ ਦੀ ਚਾਰਜਸ਼ੀਟ ਨੂੰ ਸਵੀਕਾਰ ਕਰਦੇ ਹੋਏ ਵਾਰੰਟ ਜਾਰੀ ਕੀਤਾ।
ਉਨ੍ਹਾਂ ਕਿਹਾ ਕਿ ਜੱਜ ਨੇ ਏਸੀਸੀ ਨੂੰ ਰਾਜਧਾਨੀ ਢਾਕਾ ਦੇ ਬਾਹਰਵਾਰ ਪੂਰਬਾਚਲ ਖੇਤਰ ਵਿੱਚ ਸਰਕਾਰੀ ਰਾਜਧਾਨੀ ਉਨਯਾਨ ਕਾਰਤੀਪਕਸ਼ (ਰਾਜੁਕ) ਦੁਆਰਾ ਲੀਜ਼ 'ਤੇ ਲਈ ਗਈ ਜ਼ਮੀਨ ਨਾਲ ਸਬੰਧਤ ਦੋਸ਼ ਦੀ ਸੁਣਵਾਈ ਲਈ 4 ਮਈ ਨੂੰ ਆਪਣੀ ਜਾਂਚ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਏਸੀਸੀ ਨੇ ਗੱਦੀਓਂ ਲਾਹੀ ਗਈ ਪ੍ਰਧਾਨ ਮੰਤਰੀ ਹਸੀਨਾ ਅਤੇ ਹੋਰ ਸਹਿ-ਦੋਸ਼ੀਆਂ, ਜਿਨ੍ਹਾਂ ਵਿੱਚ ਜ਼ਿਆਦਾਤਰ ਸਰਕਾਰੀ ਅਧਿਕਾਰੀ ਸ਼ਾਮਲ ਸਨ, ਖਿਲਾਫ 12 ਜਨਵਰੀ, 2025 ਨੂੰ ਕੇਸ ਦਾਇਰ ਕੀਤਾ। ਚਾਰਜਸ਼ੀਟ ਦੇ ਅਨੁਸਾਰ, ਪੂਰਬਾਚਲ ਨਿਊ ਸਿਟੀ ਹਾਊਸਿੰਗ ਪ੍ਰੋਜੈਕਟ 'ਜ਼ਮੀਨ ਹਾਸਲ ਕਰਨ ਲਈ ਗਲਤ ਇਰਾਦੇ ਨਾਲ ਪੂਤੁਲ ਨੇ ਆਪਣੀ ਮਾਂ ਅਤੇ ਸਾਬਕਾ ਪ੍ਰਧਾਨ ਮੰਤਰੀ ਹਸੀਨਾ ਨੂੰ ਪ੍ਰਭਾਵਿਤ ਕੀਤਾ ਸੀ। ਏਸੀਸੀ ਨੇ ਦੋਸ਼ ਲਗਾਇਆ ਕਿ ਪੁਤੁਲ ਨੇ ਅਜਿਹਾ ਇਸ ਤੱਥ ਦੇ ਬਾਵਜੂਦ ਕੀਤਾ ਕਿ "ਉਸ ਕੋਲ ਅਤੇ ਉਸਦੇ ਪਰਿਵਾਰਕ ਮੈਂਬਰਾਂ ਕੋਲ ਢਾਕਾ ਸ਼ਹਿਰ 'ਚ ਰਾਜੁਕ ਦੇ ਅਧਿਕਾਰ ਖੇਤਰ ਵਿੱਚ ਇੱਕ ਘਰ, ਫਲੈਟ ਜਾਂ ਰਿਹਾਇਸ਼ ਹੈ।"
ਪੁਤੁਲ 1 ਨਵੰਬਰ, 2023 ਤੋਂ ਵਿਸ਼ਵ ਸਿਹਤ ਸੰਗਠਨ (WHO) ਦੇ ਨਵੀਂ ਦਿੱਲੀ ਸਥਿਤ ਦੱਖਣ-ਪੂਰਬੀ ਏਸ਼ੀਆਈ ਖੇਤਰੀ ਨਿਰਦੇਸ਼ਕ ਵਜੋਂ ਸੇਵਾ ਨਿਭਾ ਰਹੀ ਹੈ। ਬੰਗਲਾਦੇਸ਼ ਦੇ ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ ਨੇ ਪਹਿਲਾਂ ਹਸੀਨਾ, ਉਸਦੇ ਰਾਜਨੀਤਿਕ ਸਹਿਯੋਗੀਆਂ ਅਤੇ ਸੀਨੀਅਰ ਸਿਵਲ ਅਤੇ ਫੌਜੀ ਅਧਿਕਾਰੀਆਂ ਵਿਰੁੱਧ ਮਨੁੱਖਤਾ ਵਿਰੁੱਧ ਅਪਰਾਧਾਂ ਸਮੇਤ ਦੋਸ਼ਾਂ 'ਚ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਸਨ। ਵੀਰਵਾਰ ਦਾ ਵਾਰੰਟ ਏਸੀਸੀ ਦੇ ਉਸ ਬਿਆਨ ਤੋਂ ਇੱਕ ਦਿਨ ਬਾਅਦ ਆਇਆ ਹੈ ਜਿਸ ਵਿੱਚ ਉਸਨੇ ਹਸੀਨਾ, ਉਸਦੀ ਛੋਟੀ ਭੈਣ ਸ਼ੇਖ ਰੇਹਾਨਾ ਅਤੇ ਇੱਕ ਸਾਬਕਾ ਅਧਿਕਾਰੀ ਦੁਆਰਾ 'ਮੁਜੀਬ ਸ਼ਤਾਬਦੀ' ਸਮਾਰੋਹਾਂ ਦੇ ਆਯੋਜਨ 'ਚ ਸਰਕਾਰੀ ਖਜ਼ਾਨੇ 'ਚੋਂ 4,000 ਕਰੋੜ ਰੁਪਏ ਦੀ ਕਥਿਤ ਬਰਬਾਦੀ ਦੀ ਨਵੀਂ ਜਾਂਚ ਸ਼ੁਰੂ ਕੀਤੀ ਹੈ। ਬੰਗਲਾਦੇਸ਼ ਨੇ 2020 ਵਿੱਚ ਦੇਸ਼ ਦੇ ਸੰਸਥਾਪਕ ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਦੀ 100ਵੀਂ ਜਯੰਤੀ ਮਨਾਉਣ ਲਈ ਸਾਲ ਭਰ ਸਮਾਗਮ ਕਰਵਾਏ, ਜਦੋਂ ਹਸੀਨਾ ਦੀ ਅਵਾਮੀ ਲੀਗ ਸੱਤਾ 'ਚ ਸੀ।
ਪੰਜਾਬ 'ਚ ASI ਨੂੰ ਮਾਰ 'ਤੀਆਂ ਗੋਲੀਆਂ, ਜਲੰਧਰ ਦੇ ਰੇਲਵੇ ਸਟੇਸ਼ਨ 'ਚ ਲੱਗੀ ਅੱਗ, ਜਾਣੋ ਅੱਜ ਦੀਆਂ ਟੌਪ-10 ਖਬਰਾਂ
NEXT STORY