ਢਾਕਾ (ਏਜੰਸੀ)- ਬੰਗਲਾਦੇਸ਼ ਦੀ ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਅਤੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ.ਐਨ.ਪੀ.) ਦੀ ਚੇਅਰਪਰਸਨ ਖਾਲਿਦਾ ਜ਼ਿਆ ਨੂੰ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਬਰੀ ਕਰ ਦਿੱਤਾ ਅਤੇ ਹਾਈ ਕੋਰਟ ਦੁਆਰਾ ਦਿੱਤੀ ਗਈ ਉਨ੍ਹਾਂ ਦੀ 10 ਸਾਲ ਦੀ ਕੈਦ ਦੀ ਸਜ਼ਾ ਨੂੰ ਪਲਟ ਦਿੱਤਾ। ਢਾਕਾ ਟ੍ਰਿਬਿਊਨ ਦੀ ਰਿਪੋਰਟ ਅਨੁਸਾਰ, ਹਾਈ ਕੋਰਟ ਦੇ ਫੈਸਲੇ ਵਿਰੁੱਧ ਖਾਲਿਦਾ (79) ਦੀ ਅਪੀਲ ਦੀ ਸਮੀਖਿਆ ਕਰਨ ਤੋਂ ਬਾਅਦ ਬੁੱਧਵਾਰ ਨੂੰ ਚੀਫ਼ ਜਸਟਿਸ ਡਾ. ਸਈਦ ਰਿਫਤ ਅਹਿਮਦ ਦੀ ਅਗਵਾਈ ਵਾਲੇ ਬੈਂਚ ਨੇ ਇਹ ਫੈਸਲਾ ਸੁਣਾਇਆ। ਖਬਰ ਵਿੱਚ ਕਿਹਾ ਗਿਆ ਹੈ ਕਿ ਸੁਪਰੀਮ ਕੋਰਟ ਨੇ ਜ਼ਿਆ, ਪਾਰਟੀ ਦੇ ਕਾਰਜਕਾਰੀ ਪ੍ਰਧਾਨ ਤਾਰਿਕ ਰਹਿਮਾਨ ਅਤੇ ਹੋਰ ਸਾਰੇ ਸ਼ੱਕੀਆਂ ਨੂੰ ਜ਼ਿਆ ਅਨਾਥ ਆਸ਼ਰਮ ਟਰੱਸਟ ਭ੍ਰਿਸ਼ਟਾਚਾਰ ਮਾਮਲੇ ਵਿੱਚ ਉਨ੍ਹਾਂ ਦੀ ਅਪੀਲ 'ਤੇ ਬਰੀ ਕਰ ਦਿੱਤਾ। ਅਪੀਲੀ ਡਿਵੀਜ਼ਨ ਨੇ ਕਿਹਾ ਕਿ ਇਹ ਮਾਮਲਾ ਬਦਲੇ ਦੀ ਭਾਵਨਾ ਤੋਂ ਪ੍ਰੇਰਿਤ ਸੀ।
ਜ਼ਿਆ ਨੂੰ 8 ਫਰਵਰੀ 2018 ਨੂੰ ਢਾਕਾ ਦੀ ਵਿਸ਼ੇਸ਼ ਜੱਜ ਅਦਾਲਤ-5 ਨੇ ਜ਼ਿਆ ਅਨਾਥ ਆਸ਼ਰਮ ਟਰੱਸਟ ਦੇ ਨਾਮ 'ਤੇ ਸਰਕਾਰੀ ਫੰਡਾਂ ਦੇ ਕਥਿਤ ਗਬਨ ਦੇ ਦੋਸ਼ ਵਿੱਚ 5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। ਇਸੇ ਫੈਸਲੇ ਵਿੱਚ ਖਾਲਿਦਾ ਜ਼ਿਆ ਦੇ ਪੁੱਤਰ ਤਾਰਿਕ ਅਤੇ ਸਾਬਕਾ ਮੁੱਖ ਸਕੱਤਰ ਕਮਾਲੂਦੀਨ ਸਿੱਦੀਕੀ ਸਮੇਤ 5 ਹੋਰ ਦੋਸ਼ੀਆਂ ਨੂੰ 10 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਗਈ। ਹਰੇਕ ਦੋਸ਼ੀ 'ਤੇ 2.1 ਕਰੋੜ ਟਕਾ ਦਾ ਜੁਰਮਾਨਾ ਵੀ ਲਗਾਇਆ ਗਿਆ। ਮੁਲਜ਼ਮਾਂ ਵਿੱਚੋ ਤਾਰਿਕ, ਸਿੱਦੀਕੀ ਅਤੇ ਜ਼ਿਆਉਰ ਰਹਿਮਾਨ ਦਾ ਰਿਸ਼ਤੇਦਾਰ ਮੋਮੀਨੁਰ ਰਹਿਮਾਨ ਅਜੇ ਵੀ ਫਰਾਰ ਹਨ।
ਜ਼ਿਆ ਨੇ ਅਧੀਨ ਅਦਾਲਤ ਦੇ ਫੈਸਲੇ ਵਿਰੁੱਧ ਹਾਈ ਕੋਰਟ ਵਿੱਚ ਅਪੀਲ ਕੀਤੀ ਸੀ, ਪਰ 30 ਅਕਤੂਬਰ 2018 ਨੂੰ ਜਸਟਿਸ ਐਮ. ਇਨਾਇਤੁਰ ਰਹੀਮ ਅਤੇ ਜਸਟਿਸ ਐਮ. ਮੁਸਤਫਿਜ਼ੁਰ ਰਹਿਮਾਨ ਦੀ ਬੈਂਚ ਨੇ ਸਜ਼ਾ ਵਧਾ ਕੇ 10 ਸਾਲ ਕਰ ਦਿੱਤੀ। ਇਸ ਤੋਂ ਬਾਅਦ ਜ਼ਿਆ ਨੇ ਇਸ ਸਜ਼ਾ ਵਿਰੁੱਧ ਅਪੀਲ ਦਾਇਰ ਕੀਤੀ। ਕਾਨੂੰਨੀ ਪ੍ਰਕਿਰਿਆ ਸੰਬੰਧੀ ਮੁੱਦਿਆਂ ਅਤੇ ਵਕੀਲਾਂ ਵੱਲੋਂ ਪਹਿਲਕਦਮੀ ਦੀ ਘਾਟ ਕਾਰਨ ਸਾਲਾਂ ਦੀ ਦੇਰੀ ਤੋਂ ਬਾਅਦ ਅਪੀਲੀ ਡਿਵੀਜ਼ਨ ਨੇ 11 ਨਵੰਬਰ 2024 ਨੂੰ ਜ਼ਿਆ ਦੀ ਅਪੀਲ ਮਨਜ਼ੂਰ ਕਰ ਲਈ। ਅਦਾਲਤ ਨੇ ਅਪੀਲ ਦੀ ਅੰਤਿਮ ਸੁਣਵਾਈ ਤੱਕ ਹਾਈ ਕੋਰਟ ਦੀ 10 ਸਾਲ ਦੀ ਸਜ਼ਾ 'ਤੇ ਵੀ ਰੋਕ ਲਗਾ ਦਿੱਤੀ। ਸੁਣਵਾਈ ਖਤਮ ਹੋਣ ਤੋਂ ਬਾਅਦ ਅਪੀਲੀ ਡਿਵੀਜ਼ਨ ਨੇ ਜ਼ਿਆ ਨੂੰ ਬਰੀ ਕਰਨ ਦੇ ਆਪਣੇ ਫੈਸਲੇ ਦਾ ਐਲਾਨ ਕੀਤਾ, ਜਿਸ ਨਾਲ ਉਨ੍ਹਾਂ ਨੂੰ ਅਧਿਕਾਰਤ ਤੌਰ 'ਤੇ ਮਾਮਲੇ ਵਿੱਚ ਦੋਸ਼ਾਂ ਤੋਂ ਮੁਕਤ ਕਰ ਦਿੱਤਾ ਗਿਆ। ਜ਼ਿਆ ਬਿਮਾਰ ਹੈ ਅਤੇ ਇਸ ਮਹੀਨੇ ਦੇ ਸ਼ੁਰੂ ਵਿੱਚ ਇਲਾਜ ਲਈ ਲੰਡਨ ਗਈ ਸੀ। ਜ਼ਿਆ ਮਾਰਚ 1991 ਤੋਂ ਮਾਰਚ 1996 ਤੱਕ ਅਤੇ ਫਿਰ ਜੂਨ 2001 ਤੋਂ ਅਕਤੂਬਰ 2006 ਤੱਕ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਰਹੀ।
ਚੰਦਰਮਾ ਦੀ ਯਾਤਰਾ 'ਤੇ ਰਵਾਨਾ ਹੋਏ ਦੋ ਨਿੱਜੀ ਚੰਦਰਮਾ ਪੁਲਾੜ ਯਾਨ
NEXT STORY