ਮਾਰਖਮ— ਮਾਂ ਇਕ ਅਜਿਹਾ ਰਿਸ਼ਤਾ ਹੈ ਜੋ ਆਪਣੇ-ਆਪ 'ਚ ਹੀ ਸਾਰੀਆਂ ਖੁਸ਼ੀਆਂ ਦਾ ਖਜ਼ਾਨਾ ਹੁੰਦੀ ਹੈ। ਹਰ ਔਰਤ ਦੀ ਇੱਛਾ ਹੁੰਦੀ ਹੈ ਕਿ ਉਹ ਮਾਂ ਬਣੇ ਅਤੇ ਆਪਣੇ ਬੱਚਿਆਂ 'ਤੇ ਆਪਣੀ ਮਮਤਾ ਲੁਟਾਵੇ ਪਰ ਕਈ ਵਾਰ ਰੱਬ ਨੂੰ ਕੁੱਝ ਹੋਰ ਹੀ ਮਨਜ਼ੂਰ ਹੁੰਦਾ ਹੈ। ਕੈਨੇਡਾ ਦੇ ਸੂਬੇ ਓਨਟਾਰੀਓ ਦੇ ਸ਼ਹਿਰ ਮਾਰਖਮ 'ਚ ਆਇਸ਼ਾ ਰਿਆਜ਼ ਨਾਂ ਦੀ ਔਰਤ ਨੇ 7 ਫਰਵਰੀ 2018 ਨੂੰ ਇਕ ਪੁੱਤ ਨੂੰ ਜਨਮ ਦਿੱਤਾ ਪਰ 10 ਫਰਵਰੀ ਨੂੰ ਆਇਸ਼ਾ ਦੀ ਮੌਤ ਹੋ ਗਈ। ਅਜੇ ਉਸ ਨੇ ਆਪਣੇ ਪੁੱਤ ਲਈ ਕਿੰਨਾ ਕੁੱਝ ਕਰਨਾ ਸੀ ਪਰ ਇਸ ਤੋਂ ਪਹਿਲਾਂ ਹੀ ਉਹ ਇਨਫੈਕਸ਼ਨ ਹੋ ਜਾਣ ਕਾਰਨ ਦਮ ਤੋੜ ਗਈ। ਉਸ ਦੇ ਪਤੀ ਅਹਿਮਦ ਸਲੀਮ ਨੇ ਦੱਸਿਆ ਕਿ ਜਦ ਉਸ ਨੂੰ ਪਤਾ ਲੱਗਾ ਸੀ ਕਿ ਉਨ੍ਹਾਂ ਦੇ ਘਰ ਪੁੱਤ ਨੇ ਜਨਮ ਲਿਆ ਹੈ ਤਾਂ ਉਹ ਬਹੁਤ ਖੁਸ਼ ਸੀ।

ਬੱਚੇ ਦਾ ਜਨਮ 4 ਹਫਤੇ ਪਹਿਲਾਂ ਹੀ ਹੋ ਗਿਆ ਸੀ ਪਰ ਉਹ ਸਿਹਤਮੰਦ ਸੀ। 10 ਫਰਵਰੀ ਨੂੰ ਹਸਪਤਾਲ 'ਚ ਫੈਲੇ 'ਏ' ਸਟ੍ਰੈਪਟੋਕੌਕਸ ਇਨਫੈਕਸ਼ਨ ਕਾਰਨ ਆਇਸ਼ਾ ਦੇ ਸਰੀਰ ਦੇ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ। ਕੁੱਝ ਹੀ ਘੰਟਿਆਂ ਬਾਅਦ ਉਸ ਦੀ ਮੌਤ ਹੋ ਗਈ। ਡਾਕਟਰਾਂ ਨੇ ਦੱਸਿਆ ਕਿ ਇਸ ਇਨਫੈਕਸ਼ਨ ਦਾ ਪ੍ਰਭਾਵ ਇਨਸਾਨ ਦੇ ਫੇਫੜਿਆਂ, ਖੂਨ ਅਤੇ ਟਿਸ਼ੂਆਂ 'ਤੇ ਪੈਂਦਾ ਹੈ। ਇਸ ਹਸਪਤਾਲ 'ਚ 2 ਹੋਰ ਔਰਤਾਂ ਇਸ ਇਨਫੈਕਸ਼ਨ ਦੀਆਂ ਸ਼ਿਕਾਰ ਹੋਈਆਂ ਹਨ।

24 ਸਾਲਾ ਆਇਸ਼ਾ ਅਤੇ ਉਸ ਦੇ ਪਤੀ ਨੇ ਆਪਣੇ ਬੱਚੇ ਨੂੰ ਲੈ ਕੇ ਕਈ ਸੁਪਨੇ ਸਜਾਏ ਸਨ ਪਰ ਉਹ ਸਭ ਅਧੂਰੇ ਛੱਡ ਕੇ ਆਇਸ਼ਾ ਇਸ ਦੁਨੀਆ ਤੋਂ ਚਲੀ ਗਈ। ਆਇਸ਼ਾ ਦੇ ਪਤੀ ਨੇ ਕਿਹਾ ਕਿ ਇਹ ਉਨ੍ਹਾਂ ਦਾ ਪਹਿਲਾ ਬੱਚਾ ਹੈ ਅਤੇ ਇਹ ਕਿੰਨਾ ਬੁਰਾ ਹੋਇਆ ਕਿ ਬੱਚੇ ਦੀ ਮਾਂ ਦੀ ਮੌਤ ਹੋ ਗਈ ਹੈ। ਉਸ ਨੇ ਕਿਹਾ ਕਿ ਉਹ ਹਸਪਤਾਲ ਦੇ ਖਿਲਾਫ ਕਾਰਵਾਈ ਕਰਨ ਬਾਰੇ ਸੋਚ ਰਿਹਾ ਹੈ ਕਿ ਕਿਉਂਕਿ ਜਿਸ ਹਸਪਤਾਲ 'ਚ ਆਇਸ਼ਾ ਨੇ ਪੁੱਤ ਨੂੰ ਜਨਮ ਦਿੱਤਾ, ਉੱਥੇ ਇਕ ਹੀ ਨਰਸ ਸੀ ਅਤੇ ਕੋਈ ਵੀ ਡਾਕਟਰ ਨਹੀਂ ਸੀ। ਹਾਲਾਂਕਿ ਹਸਪਤਾਲ ਵਾਲਿਆਂ ਨੇ ਕਿਹਾ ਹੈ ਕਿ ਇਸ ਮਾਮਲੇ ਦੀ ਜਾਂਚ ਹੋਣ ਮਗਰੋਂ ਹੀ ਉਹ ਕੁੱਝ ਕਹਿ ਸਕਣਗੇ।
ਸਪੇਨ 'ਚ ਰੋਜ਼ਾਨਾ 6 ਘੰਟੇ ਬਿਨਾ ਤਨਖਾਹ ਦੇ ਕੰਮ ਕਰਦੀਆਂ ਹਨ ਔਰਤਾਂ : ਅਧਿਐਨ
NEXT STORY