ਓਟਾਵਾ- ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਜੋਅ ਬਾਈਡੇਨ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ ਤੇ ਭਾਰਤੀ ਮੂਲ ਦੀ ਕਮਲਾ ਹੈਰਿਸ ਉਪ ਰਾਸ਼ਟਰਪਤੀ ਵਜੋਂ ਚੁਣੀ ਗਈ ਹੈ। ਉਨ੍ਹਾਂ ਨੂੰ ਜਿੱਤ ਦੀਆਂ ਵਧਾਈਆਂ ਦਿੰਦੇ ਹੋਏ ਕੈਨੇਡਾ ਸਰਕਾਰ ਨੇ ਉਨ੍ਹਾਂ ਦੋਹਾਂ ਨੂੰ ਆਪਣੇ ਮੁਲਕ ਵਿਚ ਆਉਣ ਦਾ ਸਰਕਾਰੀ ਤੌਰ 'ਤੇ ਸੱਦਾ ਦੇ ਦਿੱਤਾ ਹੈ।
ਐੱਨ. ਡੀ. ਪੀ. ਦੇ ਐੱਮ. ਪੀ. ਪੀਟਰ ਜੁਲੀਅਨ ਨੇ 16 ਨਵੰਬਰ ਨੂੰ ਹਾਊਸ ਆਫ਼ ਕਾਮਨਜ਼ ਵਿਚ ਇਕ ਮਤਾ ਪੇਸ਼ ਕਰਕੇ ਜੋਅ ਬਾਈਡਨ ਅਤੇ ਕਮਲਾ ਹੈਰਿਸ ਨੂੰ ਜਿੱਤ ਦੀਆਂ ਵਧਾਈਆਂ ਦਿੱਤੀਆਂ। ਇਸ ਦੇ ਨਾਲ ਹੀ ਉਨ੍ਹਾਂ ਨੇ ਇਨ੍ਹਾਂ ਦੋਵਾਂ ਅਮਰੀਕੀ ਨੇਤਾਵਾਂ ਨੂੰ ਕੈਨੇਡਾ ਆਉਣ ਦਾ ਸੱਦਾ ਦਿੰਦੇ ਹੋਏ 'ਹਾਊਸ ਆਫ਼ ਕਾਮਨਜ਼' ਵਿਚ ਭਾਸ਼ਣ ਦੇਣ ਲਈ ਵੀ ਪੇਸ਼ਕਸ਼ ਕੀਤੀ।
ਜੁਲੀਅਨ ਦੇ ਮਤੇ 'ਤੇ ਸੰਸਦ ਦੇ ਹੇਠਲੇ ਸਦਨ ਹਾਊਸ ਆਫ਼ ਕਾਮਨਜ਼ ਦੇ ਸਪੀਕਰ ਐਂਥਨੀ ਰੋਟਾ ਨੇ ਇਸ ਦੇ ਪੱਖ ਵਿਚ ਵੋਟ ਪਾਈ। ਇਸ ਦੇ ਨਾਲ ਹੀ ਸਦਨ ਵਿਚ ਮੌਜੂਦ ਹੋਰਨਾਂ ਐੱਮ. ਪੀਜ਼ ਨੇ ਵੀ ਮਤੇ ਦਾ ਵਿਰੋਧ ਨਹੀਂ ਕੀਤਾ। ਉਨ੍ਹਾਂ ਕਹਾ ਕਿ ਜਦ ਮਾਹੌਲ ਸੁਰੱਖਿਅਤ ਹੋ ਜਾਵੇ ਤਾਂ ਬਾਈਡੇਨ ਤੇ ਹੈਰਿਸ ਕੈਨੇਡਾ ਆ ਸਕਦੇ ਹਨ।
ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਹੋਈਆਂ ਚੋਣਾਂ 'ਤੇ ਵਿਸ਼ਵ ਦੇ ਕਈ ਦੇਸ਼ਾਂ ਸਣੇ ਕੈਨੇਡਾ ਦੀ ਤਿੱਖੀ ਨਜ਼ਰ ਸੀ। ਇੱਥੋਂ ਦੇ ਬਹੁਤ ਸਾਰੇ ਲੋਕਾਂ ਨੇ ਤਾਂ ਟਰੰਪ ਅਤੇ ਬਾਈਡੇਨ ਦੀ ਜਿੱਤ ਲਈ ਸੱਟੇ ਵੀ ਲਾਏ ਹੋਏ ਸਨ। ਜ਼ਿਕਰਯੋਗ ਹੈ ਕਿ ਜੋਅ ਬਾਈਡੇਨ ਦੀ ਜਿੱਤ ਮਗਰੋਂ ਵਿਸ਼ਵ ਨੇਤਾਵਾਂ ਵਿਚੋਂ ਸਭ ਤੋਂ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬਾਈਡੇਨ ਨੂੰ ਫੋਨ ਕੀਤਾ ਤੇ ਦੋਹਾਂ ਦੇਸ਼ਾਂ ਦੇ ਮਾਮਲਿਆਂ ਸਬੰਧੀ ਗੱਲਬਾਤ ਕੀਤੀ ਸੀ।
ਜੋਅ ਬਾਈਡਨ 2016 ਵਿੱਚ ਆਖਰੀ ਵਾਰ ਉਸ ਵੇਲੇ ਕੈਨੇਡਾ ਆਏ ਸਨ, ਜਦੋਂ ਉਹ ਬਰਾਕ ਓਬਾਮਾ ਦੀ ਸਰਕਾਰ ਵਿਚ ਉਪ ਰਾਸ਼ਟਰਪਤੀ ਅਹੁਦੇ 'ਤੇ ਸਨ। ਕੈਨੇਡਾ ਦੀ ਸੰਸਦ ਵਿਚ ਭਾਸ਼ਣ ਦੇਣਾ ਅਮਰੀਕਾ ਦੇ ਰਾਸ਼ਟਰਪਤੀਆਂ ਲਈ ਆਮ ਗੱਲ ਹੈ। ਇਸ ਤੋਂ ਪਹਿਲਾਂ ਫਰੈਂਕਲਿਨ ਡੇਲਾਨੋ ਅਤੇ ਬਿਲ ਕਲਿੰਟਨ ਵੀ ਕੈਨੇਡਾ ਦੀ ਸੰਸਦ ਵਿਚ ਭਾਸ਼ਣ ਦੇ ਚੁੱਕੇ ਹਨ।
ਬ੍ਰਿਟੇਨ ਦੀ ਹਥਿਆਰਬੰਦ ਫ਼ੌਜ ਨੂੰ ਅਪਗ੍ਰੇਡ ਕਰਨ ਲਈ ਮਿਲਣਗੇ 16.5 ਬਿਲੀਅਨ ਪੌਂਡ
NEXT STORY