ਇੰਟਰਨੈਸ਼ਨਲ ਡੈਸਕ- ਆਸਟ੍ਰੇਲੀਆ ਵਿੱਚ ਖਾਣ-ਪੀਣ ਦੀਆਂ ਵਸਤਾਂ ਅਤੇ ਕਰਿਆਨੇ ਦੀ ਡਿਲੀਵਰੀ ਕਰਨ ਵਾਲੇ ਕਾਮਿਆਂ ਲਈ ਖੁਸ਼ਖ਼ਬਰੀ ਹੈ। ਫੇਅਰ ਵਰਕ ਕਮਿਸ਼ਨ (FWC) ਨੇ ਸਾਈਕਲ ਜਾਂ ਈ-ਬਾਈਕ ਰਾਹੀਂ ਡਿਲੀਵਰੀ ਕਰਨ ਵਾਲਿਆਂ ਲਈ 31.30 ਆਸਟ੍ਰੇਲੀਅਨ ਡਾਲਰ, ਮੋਟਰਸਾਈਕਲ ਸਵਾਰਾਂ ਲਈ 31.50 ਡਾਲਰ ਅਤੇ ਕਾਰ ਰਾਹੀਂ ਡਿਲਿਵਰੀ ਕਰਨ ਵਾਲਿਆਂ ਲਈ 32 ਡਾਲਰ ਪ੍ਰਤੀ ਘੰਟਾ ਘੱਟੋ-ਘੱਟ ਤਨਖਾਹ ਤੈਅ ਕੀਤੀ ਹੈ। ਇਸ ਤੋਂ ਇਲਾਵਾ ਉਡੀਕ ਦੇ ਸਮੇਂ ਨੂੰ ਵੀ ਭੁਗਤਾਨ ਵਿੱਚ ਸ਼ਾਮਲ ਕੀਤਾ ਜਾਵੇਗਾ ਅਤੇ ਕੰਮ ਦੌਰਾਨ ਹਾਦਸੇ ਦੀ ਸੂਰਤ ਵਿੱਚ ਬੀਮਾ ਸੁਰੱਖਿਆ ਵੀ ਮਿਲੇਗੀ। ਕੰਪਨੀਆਂ ਲਈ ਹੁਣ ਇਹ ਲਾਜ਼ਮੀ ਹੋਵੇਗਾ ਕਿ ਉਹ ਆਪਣੇ ਕਾਮਿਆਂ ਨੂੰ ਨਿੱਜੀ ਦੁਰਘਟਨਾ ਬੀਮਾ ਮੁਹੱਈਆ ਕਰਵਾਉਣ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਵਿੱਚ ਆਮ ਘੱਟੋ-ਘੱਟ ਤਨਖਾਹ 26.44 ਡਾਲਰ ਹੈ, ਪਰ ਡਿਲੀਵਰੀ ਵਰਕਰਾਂ ਲਈ ਇਸ ਨੂੰ ਵਿਸ਼ੇਸ਼ ਤੌਰ 'ਤੇ ਵਧਾਇਆ ਗਿਆ ਹੈ। ਇਹ ਨਵੇਂ ਮਿਆਰ 17 ਅਗਸਤ ਤੋਂ ਲਾਗੂ ਹੋਣ ਜਾ ਰਹੇ ਹਨ, ਜਿਸ ਨਾਲ ਲਗਭਗ 2,50,000 ਵਰਕਰਾਂ ਨੂੰ ਸਿੱਧਾ ਵਿੱਤੀ ਲਾਭ ਹੋਵੇਗਾ।
ਨਵੇਂ ਨਿਯਮਾਂ ਤਹਿਤ 1 ਜਨਵਰੀ, 2027 ਤੋਂ ਇਨ੍ਹਾਂ ਦਰਾਂ ਵਿੱਚ ਹੋਰ 50 ਸੈਂਟ ਪ੍ਰਤੀ ਘੰਟਾ ਵਾਧਾ ਕੀਤਾ ਜਾਵੇਗਾ। ਇਸ ਫੈਸਲੇ ਨਾਲ ਫੂਡ ਡਿਲਿਵਰੀ ਇੰਡਸਟਰੀ ਵਿੱਚ ਕੰਮ ਕਰਨ ਵਾਲੇ ਹਜ਼ਾਰਾਂ ਕਾਮਿਆਂ ਨੂੰ ਲਾਭ ਮਿਲਣ ਦੀ ਉਮੀਦ ਹੈ। ਇਸ ਖੇਤਰ ਵਿੱਚ ਵਿਦੇਸ਼ਾਂ ਤੋਂ ਆਏ ਭਾਰਤੀ ਵਿਦਿਆਰਥੀਆਂ ਦੀ ਵੀ ਵੱਡੀ ਗਿਣਤੀ ਕੰਮ ਕਰਦੀ ਹੈ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੇ ਅੰਕੜਿਆਂ ਮੁਤਾਬਕ 2024-25 ਦੌਰਾਨ 1,78,590 ਲੋਕਾਂ ਨੇ ਪਿਛਲੇ 12 ਮਹੀਨਿਆਂ ਵਿੱਚ ਡਿਜੀਟਲ ਪਲੇਟਫਾਰਮਾਂ ਰਾਹੀਂ ਕੰਮ ਕੀਤਾ। ਇਨ੍ਹਾਂ ਵਿੱਚੋਂ ਲਗਭਗ 90 ਹਜ਼ਾਰ ਲੋਕਾਂ ਨੇ ਖਾਣੇ ਜਾਂ ਹੋਰ ਸਾਮਾਨ ਦੀ ਡਿਲਿਵਰੀ ਦਾ ਕੰਮ ਕੀਤਾ। ਨਵੀਆਂ ਘੱਟੋ-ਘੱਟ ਦਰਾਂ ਨੂੰ ਡਿਲੀਵਰੀ ਕਾਮਿਆਂ ਦੀ ਮਿਹਨਤ ਨੂੰ ਉਚਿਤ ਮਾਨਤਾ ਦੇਣ ਵੱਲ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਜਾਨ ਬਚਾਉਣ ਲਈ ਟਰੰਪ ਨੇ ਟਰੱਕ 'ਚ ਕੀਤਾ ਸਫ਼ਰ ! ਏਅਰਪੋਰਟ 'ਤੇ ਬਣ ਗਿਆ ਫ਼ਿਲਮੀ ਸੀਨ
ਟਰਾਂਸਪੋਰਟ ਵਰਕਰਜ਼ ਯੂਨੀਅਨ (TWU) ਨੇ ਇਸ ਫੈਸਲੇ ਨੂੰ ਆਸਟ੍ਰੇਲੀਆਈ ਗਿੱਗ ਇਕਾਨਮੀ ਲਈ ਇੱਕ "ਇਤਿਹਾਸਕ ਪਲ" ਕਰਾਰ ਦਿੱਤਾ ਹੈ। ਯੂਨੀਅਨ ਅਨੁਸਾਰ ਡਿਲੀਵਰੀ ਵਰਕਰ ਲੰਬੇ ਸਮੇਂ ਤੋਂ ਕੰਮ ਵਾਲੀ ਥਾਂ ਦੀ ਸੁਰੱਖਿਆ ਅਤੇ ਸਹੀ ਤਨਖਾਹ ਦੇ ਘੇਰੇ ਤੋਂ ਬਾਹਰ ਸਨ। ਉਬੇਰ ਈਟਸ' ਅਤੇ 'ਡੋਰਡੈਸ਼' ਵਰਗੀਆਂ ਵੱਡੀਆਂ ਕੰਪਨੀਆਂ ਨੇ ਵੀ ਇਨ੍ਹਾਂ ਨਵੇਂ ਨਿਯਮਾਂ ਦਾ ਸਮਰਥਨ ਕਰਦਿਆਂ ਕਿਹਾ ਹੈ ਕਿ ਮਜ਼ਬੂਤ ਵਰਕਰ ਸੁਰੱਖਿਆ ਅਤੇ ਕੰਮ ਦੀ ਲਚਕਤਾ ਹੁਣ ਇੱਕੋ ਸਮੇਂ ਸੰਭਵ ਹੋ ਸਕਣਗੇ।ਇਹ ਕਦਮ ਅੰਤਰਰਾਸ਼ਟਰੀ ਲੇਬਰ ਸੰਗਠਨ (ILO) ਵੱਲੋਂ ਹਾਲ ਹੀ ਵਿੱਚ ਅਪਣਾਏ ਗਏ ਗਲੋਬਲ ਰੁਜ਼ਗਾਰ ਮਿਆਰਾਂ ਦੇ ਅਨੁਕੂਲ ਹੈ, ਜੋ ਕਿ ਗਿੱਗ ਵਰਕਰਾਂ ਨੂੰ ਦੁਨੀਆ ਭਰ ਵਿੱਚ ਵਧੇਰੇ ਅਧਿਕਾਰ ਦੇਣ ਦੀ ਵਕਾਲਤ ਕਰਦਾ ਹੈ।ਆਸਟ੍ਰੇਲੀਆ ਦੀ ਮੌਜੂਦਾ ਲੇਬਰ ਸਰਕਾਰ ਵੱਲੋਂ 2023 ਅਤੇ 2024 ਵਿੱਚ ਪਾਸ ਕੀਤੇ ਗਏ ਕਾਨੂੰਨਾਂ ਨੇ ਹੀ ਫੇਅਰ ਵਰਕ ਕਮਿਸ਼ਨ ਨੂੰ ਇਨ੍ਹਾਂ ਮਿਆਰਾਂ ਨੂੰ ਤੈਅ ਕਰਨ ਦੀ ਤਾਕਤ ਦਿੱਤੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੋਰੀਆ ਅਤੇ ਭਾਰਤ ਨੇ ਕਸਟਮ ਮਾਮਲਿਆਂ 'ਚ ਨੇੜਲੇ ਸਬੰਧਾਂ ਦਾ ਵਾਅਦਾ ਕੀਤਾ
NEXT STORY