ਕਾਠਮੰਡੂ : ਨੇਪਾਲ 'ਚ ਰਾਜਸ਼ਾਹੀ ਅਤੇ ਹਿੰਦੂ ਰਾਸ਼ਟਰ ਦੀ ਮੰਗ ਨੂੰ ਲੈ ਕੇ ਵੱਡਾ ਹੰਗਾਮਾ ਹੋਇਆ ਹੈ। ਸ਼ੁੱਕਰਵਾਰ ਨੂੰ, ਰਾਜਸ਼ਾਹੀ ਸਮਰਥਕਾਂ ਨੇ ਇੱਕ ਵਿਸ਼ਾਲ ਵਿਰੋਧ ਪ੍ਰਦਰਸ਼ਨ ਕੀਤਾ, ਜਿਸ ਤੋਂ ਬਾਅਦ ਤਿੰਨ ਖੇਤਰਾਂ ਵਿੱਚ ਕਰਫਿਊ ਲਗਾਉਣਾ ਪਿਆ। ਨੇਪਾਲ ਪੁਲਸ ਨੇ ਰਾਜਸ਼ਾਹੀ ਸਮਰਥਕਾਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਅਤੇ ਪਾਣੀ ਦੀਆਂ ਤੋਪਾਂ ਦੀ ਵਰਤੋਂ ਕੀਤੀ। ਚਸ਼ਮਦੀਦਾਂ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਇੱਕ ਘਰ ਨੂੰ ਅੱਗ ਲਗਾ ਦਿੱਤੀ ਅਤੇ ਸੁਰੱਖਿਆ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ। ਹਜ਼ਾਰਾਂ ਰਾਜਸ਼ਾਹੀ ਸਮਰਥਕਾਂ ਨੇ "ਆਓ ਰਾਜਾ, ਦੇਸ਼ ਬਚਾਓ", "ਭ੍ਰਿਸ਼ਟ ਸਰਕਾਰ ਮੁਰਦਾਬਾਦ" ਅਤੇ "ਅਸੀਂ ਰਾਜਸ਼ਾਹੀ ਵਾਪਸ ਚਾਹੁੰਦੇ ਹਾਂ" ਵਰਗੇ ਨਾਅਰੇ ਵੀ ਲਗਾਏ, ਰਾਜੇ ਦੀ ਬਹਾਲੀ ਦੀ ਮੰਗ ਕੀਤੀ।
ਨੇਪਾਲ ਦੇ ਕਾਠਮੰਡੂ ਦੇ ਟਿੰਕੁਨੇ, ਸਿਨਾਮੰਗਲ ਅਤੇ ਕੋਟੇਸ਼ਵਰ ਇਲਾਕਿਆਂ ਵਿੱਚ ਕਰਫਿਊ ਦਾ ਹੁਕਮ ਦਿੱਤਾ ਗਿਆ ਹੈ। ਪੁਲਸ ਵਾਲਿਆਂ ਨੇ ਕਿਹਾ, "ਕਰਫਿਊ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਤੁਹਾਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਤੁਸੀਂ ਜਲਦੀ ਤੋਂ ਜਲਦੀ ਇਸ ਇਲਾਕੇ ਨੂੰ ਛੱਡ ਦਿਓ।"
ਹਵਾਈ ਅੱਡੇ ਨੇੜੇ ਰਾਜਸ਼ਾਹੀ ਸਮਰਥਕਾਂ ਅਤੇ ਪੁਲਸ ਵਿਚਕਾਰ ਝੜਪ ਹੋਈ। ਪ੍ਰਦਰਸ਼ਨਕਾਰੀਆਂ ਨੇ ਇੱਕ ਟੀਵੀ ਸਟੇਸ਼ਨ ਦੇ ਨਾਲ-ਨਾਲ ਨੇਪਾਲ ਦੀ ਕਮਿਊਨਿਸਟ ਪਾਰਟੀ (ਯੂਨੀਫਾਈਡ ਸੋਸ਼ਲਿਸਟ) ਦੇ ਦਫ਼ਤਰ 'ਤੇ ਵੀ ਹਮਲਾ ਕੀਤਾ।
ਟਿੰਕੁਨੇ ਇਲਾਕੇ 'ਚ ਹਾਲਾਤ ਬੇਕਾਬੂ
ਟਿੰਕੁਨੇ ਇਲਾਕੇ 'ਚ ਸਥਿਤੀ ਕਾਬੂ ਤੋਂ ਬਾਹਰ ਹੋ ਗਈ। ਹਜ਼ਾਰਾਂ ਰਾਜਸ਼ਾਹੀ ਸਮਰਥਕਾਂ ਨੇ "ਰਾਜਾ ਆਓ ਦੇਸ਼ ਬਚਾਓ" "ਭ੍ਰਿਸ਼ਟ ਸਰਕਾਰ ਮੁਰਦਾਬਾਦ" ਤੇ "ਅਸੀਂ ਰਾਜਸ਼ਾਹੀ ਵਾਪਸ ਚਾਹੁੰਦੇ ਹਾਂ" ਵਰਗੇ ਨਾਅਰੇ ਲਗਾਏ ਤੇ ਰਾਜਸ਼ਾਹੀ ਦੀ ਬਹਾਲੀ ਦੀ ਮੰਗ ਕੀਤੀ।
ਨੇਪਾਲ ਦਾ ਰਾਸ਼ਟਰੀ ਝੰਡਾ ਤੇ ਸਾਬਕਾ ਰਾਜਾ ਗਿਆਨੇਂਦਰ ਸ਼ਾਹ ਦੀਆਂ ਤਸਵੀਰਾਂ ਲੈ ਕੇ, ਪ੍ਰਦਰਸ਼ਨਕਾਰੀਆਂ ਨੇ ਟਿੰਕੁਨੇ ਖੇਤਰ 'ਚ ਇੱਕ ਘਰ ਨੂੰ ਅੱਗ ਲਗਾ ਦਿੱਤੀ ਤੇ ਉਨ੍ਹਾਂ ਦੁਆਰਾ ਲਗਾਏ ਗਏ ਬੈਰੀਕੇਡਾਂ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਹੋਏ ਪੁਲਸ ਨਾਲ ਝੜਪ ਕੀਤੀ। ਇੱਕ ਚਸ਼ਮਦੀਦ ਗਵਾਹ ਨੇ ਦੱਸਿਆ ਕਿ ਇਸ ਝੜਪ ਦੌਰਾਨ ਇੱਕ ਵਿਅਕਤੀ ਜ਼ਖਮੀ ਹੋ ਗਿਆ।
ਵੱਡੀ ਗਿਣਤੀ 'ਚ ਪੁਲਸ ਤਾਇਨਾਤ
ਰਾਜਸ਼ਾਹੀ ਦੇ ਸਮਰਥਕਾਂ ਅਤੇ ਵਿਰੋਧੀਆਂ ਨੇ ਵੱਖੋ-ਵੱਖਰੇ ਵਿਰੋਧ ਪ੍ਰਦਰਸ਼ਨ ਕੀਤੇ। ਝੜਪਾਂ ਨੂੰ ਰੋਕਣ ਲਈ ਕਾਠਮੰਡੂ ਵਿੱਚ ਸੈਂਕੜੇ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।
ਜਦੋਂ ਪ੍ਰਦਰਸ਼ਨਕਾਰੀਆਂ ਨੇ ਨਿਊ ਬਨੇਸ਼ਵਰ ਦੇ ਪਾਬੰਦੀਸ਼ੁਦਾ ਖੇਤਰ ਵੱਲ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਨੇ ਕਈ ਨੌਜਵਾਨਾਂ ਨੂੰ ਹਿਰਾਸਤ 'ਚ ਲੈ ਲਿਆ। ਰਾਜਸ਼ਾਹੀ ਪੱਖੀ ਰਾਸ਼ਟਰੀ ਪ੍ਰਜਾਤੰਤਰ ਪਾਰਟੀ ਅਤੇ ਹੋਰ ਵਿਰੋਧ ਪ੍ਰਦਰਸ਼ਨਾਂ 'ਚ ਸ਼ਾਮਲ ਹੋਏ।
2008 'ਚ ਰਾਜਸ਼ਾਹੀ ਦਾ ਹੋਇਆ ਅੰਤ
ਨੇਪਾਲ ਦੀਆਂ ਰਾਜਨੀਤਿਕ ਪਾਰਟੀਆਂ ਨੇ ਸੰਸਦ ਰਾਹੀਂ 2008 'ਚ 240 ਸਾਲ ਪੁਰਾਣੀ ਰਾਜਸ਼ਾਹੀ ਨੂੰ ਖਤਮ ਕਰ ਦਿੱਤਾ ਤੇ ਉਸ ਸਮੇਂ ਦੇ ਹਿੰਦੂ ਰਾਜ ਨੂੰ ਇੱਕ ਧਰਮ ਨਿਰਪੱਖ, ਸੰਘੀ, ਲੋਕਤੰਤਰੀ ਗਣਰਾਜ 'ਚ ਬਦਲ ਦਿੱਤਾ। ਸਾਬਕਾ ਰਾਜਾ ਗਿਆਨੇਂਦਰ ਨੇ 19 ਮਾਰਚ ਨੂੰ ਲੋਕਤੰਤਰ ਦਿਵਸ 'ਤੇ ਪ੍ਰਸਾਰਿਤ ਆਪਣੇ ਵੀਡੀਓ ਸੰਦੇਸ਼ 'ਚ ਸਮਰਥਨ ਦੀ ਅਪੀਲ ਕੀਤੀ ਸੀ। ਉਦੋਂ ਤੋਂ ਹੀ ਉਨ੍ਹਾਂ ਦੇ ਸਮਰਥਕ ਰਾਜਸ਼ਾਹੀ ਦੀ ਬਹਾਲੀ ਦੀ ਮੰਗ ਕਰ ਰਹੇ ਹਨ।
ਦੂਜੇ ਪਾਸੇ, ਸਮਾਜਵਾਦੀ ਫਰੰਟ ਦੀ ਅਗਵਾਈ 'ਚ ਹਜ਼ਾਰਾਂ ਰਾਜਸ਼ਾਹੀ ਵਿਰੋਧੀ ਭ੍ਰਿਕੁਟੀਮੰਡਪ ਵਿਖੇ ਇਕੱਠੇ ਹੋਏ ਤੇ "ਗਣਤੰਤਰ ਜ਼ਿੰਦਾਬਾਦ", "ਭ੍ਰਿਸ਼ਟ ਲੋਕਾਂ ਵਿਰੁੱਧ ਕਾਰਵਾਈ ਕਰੋ" ਅਤੇ "ਰਾਜਸ਼ਾਹੀ ਮੁਰਦਾਬਾਦ" ਵਰਗੇ ਨਾਅਰੇ ਲਗਾਏ।
ਨੇਪਾਲ ਦੀ ਕਮਿਊਨਿਸਟ ਪਾਰਟੀ (ਮਾਓਵਾਦੀ ਸੈਂਟਰ) ਅਤੇ ਸੀਪੀਐਨ-ਯੂਨੀਫਾਈਡ ਸੋਸ਼ਲਿਸਟ ਵਰਗੀਆਂ ਰਾਜਨੀਤਿਕ ਪਾਰਟੀਆਂ ਵੀ ਰਾਜਸ਼ਾਹੀ ਵਿਰੋਧੀ ਮੋਰਚੇ 'ਚ ਸ਼ਾਮਲ ਹੋ ਗਈਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਕਿਸਤਾਨ 'ਚ ਦੋ ਵੱਖ-ਵੱਖ ਸੜਕ ਹਾਦਸਿਆਂ 'ਚ 11 ਲੋਕਾਂ ਦੀ ਮੌਤ
NEXT STORY