ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-ਬਰਤਾਨਵੀ ਸਰਕਾਰ ਅਫਗਾਨਿਸਤਾਨ ’ਚ ਤਾਲਿਬਾਨ ਵੱਲੋਂ ਸੱਤਾ ਦਾ ਤਖਤਾ ਪਲਟ ਕੀਤੇ ਜਾਣ ’ਤੇ ਉੱਥੇ ਫਸੇ ਬ੍ਰਿਟਿਸ਼ ਲੋਕਾਂ ਨੂੰ ਬਚਾਉਣ ਲਈ ਢੁੱਕਵੇਂ ਯਤਨ ਕਰ ਰਹੀ ਹੈ। ਇਸ ਕਾਰਵਾਈ ਲਈ ਪਹਿਲਾਂ ਹੀ ਯੂ. ਕੇ. ਸਰਕਾਰ ਵੱਲੋਂ ਸੈਂਕੜੇ ਫੌਜੀ ਅਫਗਾਨਿਸਤਾਨ ਭੇਜੇ ਗਏ ਹਨ ਅਤੇ ਸਰਕਾਰ ਨੇ ਇਸੇ ਹੀ ਸੁਰੱਖਿਆ ਅਭਿਆਨ ਤਹਿਤ ਬਰਤਾਨਵੀ ਨਾਗਰਿਕਾਂ ਅਤੇ ਹੋਰ ਸਹਿਯੋਗੀਆਂ ਨੂੰ ਕਾਬੁਲ ਤੋਂ ਕੱਢਣ ਲਈ ਯੂ. ਕੇ. ਦੇ ਹੋਰ 200 ਫੌਜੀ ਭੇਜੇ ਹਨ। ਇਨ੍ਹਾਂ ਭੇਜੇ ਗਏ 200 ਪੁਰਸ਼ ਅਤੇ ਮਹਿਲਾ ਫੌਜੀਆਂ ਦੇ ਨਾਲ ਕਾਬੁਲ ਵਿੱਚ ਯੂ. ਕੇ. ਦੇ ਹਥਿਆਰਬੰਦ ਬਲਾਂ ਦੀ ਗਿਣਤੀ 900 ਦੇ ਕਰੀਬ ਹੋ ਗਈ ਹੈ।
ਇਸ ਤੋਂ ਇਲਾਵਾ ਰੱਖਿਆ ਮੰਤਰਾਲੇ ਦੇ ਅਨੁਸਾਰ ਲੋੜ ਪੈਣ ਦੀ ਸਥਿਤੀ ’ਚ ਹੋਰ ਫੌਜੀਆਂ ਨੂੰ ਵੀ ਤਿਆਰ ਰੱਖਿਆ ਗਿਆ ਹੈ। ਅਫਗਾਨਿਸਤਾਨ ਦੀ ਇਸ ਵਿਗੜੀ ਹੋਈ ਸਥਿਤੀ ’ਚ ਨਾਗਰਿਕਾਂ ’ਚ ਭਾਜੜ ਪੈਦਾ ਹੋ ਗਈ ਹੈ। ਸੋਮਵਾਰ ਨੂੰ ਕਾਬੁਲ ’ਚ ਦੇਸ਼ ਛੱਡਣ ਦੀ ਕੋਸ਼ਿਸ਼ ਕਰਦਿਆਂ ਘੱਟੋ-ਘੱਟ 8 ਲੋਕਾਂ ਦੀ ਮੌਤ ਵੀ ਹੋਈ ਹੈ। ਕਈ ਸਮਾਜਿਕ ਸੰਸਥਾਵਾਂ ਨੂੰ ਡਰ ਹੈ ਕਿ ਤਾਲਿਬਾਨ ਅੱਤਵਾਦੀ ਸਮੂਹ ਅਫਗਾਨਿਸਤਾਨ ’ਚ ਇੱਕ ਬੇਰਹਿਮ ਸ਼ਾਸਨ ਲਾਗੂ ਕਰੇਗਾ। ਇਸ ਦੌਰਾਨ ਯੂ. ਕੇ. ਦੇ ਵਿਦੇਸ਼ ਸਕੱਤਰ ਡੋਮੀਨਿਕ ਰਾਬ ਨੇ ਤਾਲਿਬਾਨ ਦੀ ਕਾਰਵਾਈ ’ਤੇ ਚਿੰਤਾ ਪ੍ਰਗਟ ਕੀਤੀ ਅਤੇ ਕਿਹਾ ਕਿ ਤਾਲਿਬਾਨ ਨੇ ਦੇਸ਼ ਭਰ ’ਚ ਜਿਸ ਗਤੀ ਨਾਲ ਹੱਲਾ ਬੋਲਿਆ ਹੈ, ਉਸ ਤੋਂ ਸਬਕ ਸਿੱਖਿਆ ਜਾ ਸਕਦਾ ਹੈ। ਉਨ੍ਹਾਂ ਅਨੁਸਾਰ ਇਸ ਵੇਲੇ ਯੂ. ਕੇ. ਸਰਕਾਰ ਵੱਲੋਂ ਬ੍ਰਿਟਿਸ਼ ਨਾਗਰਿਕਾਂ ਨੂੰ ਅਫਗਾਨਿਸਤਾਨ ’ਚੋਂ ਬਾਹਰ ਕੱਢਣ ਲਈ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ।
ਸਕਾਟਲੈਂਡ: ਕੁਝ ਕੋਵਿਡ ਸੁਰੱਖਿਆ ਨਿਯਮਾਂ ਤਹਿਤ ਨਵੀਂ ਸਕੂਲੀ ਟਰਮ ਦੀ ਸ਼ੁਰੂਆਤ
NEXT STORY