ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਅਫਗਾਨਿਸਤਾਨ ਵਿਚੋਂ ਅੰਤਰਰਾਸ਼ਟਰੀ ਫ਼ੌਜਾਂ ਦੀ ਵਾਪਸੀ ਤੋਂ ਬਾਅਦ ਤਾਲਿਬਾਨ ਅੱਤਵਾਦੀਆਂ ਵੱਲੋਂ ਆਪਣੀਆਂ ਸਰਗਰਮੀਆਂ ਨੂੰ ਤੇਜ਼ ਕਰ ਦਿੱਤਾ ਗਿਆ ਹੈ। ਤਾਲਿਬਾਨ ਦੁਆਰਾ ਅਫਗਾਨਿਸਤਾਨ ਦੇ ਸ਼ਹਿਰਾਂ ’ਤੇ ਸੱਤਾ ਪ੍ਰਾਪਤ ਕਰਨ ਲਈ ਕਬਜ਼ਾ ਕੀਤਾ ਜਾ ਰਿਹਾ ਹੈ। ਅਜਿਹੇ ਸਮੇਂ ਵਿਚ ਭਾਰੀ ਗਿਣਤੀ ਵਿਚ ਬ੍ਰਿਟੇਨ ਵਾਸੀ ਅਫਗਾਨਿਸਤਾਨ ਵਿਚ ਫਸੇ ਹੋਏ ਹਨ। ਪਿਛਲੇ ਹਫ਼ਤੇ ਯੂਕੇ ਦੇ ਵਿਦੇਸ਼ ਵਿਭਾਗ ਨੇ ਸਾਰੇ ਬ੍ਰਿਟਿਸ਼ ਨਾਗਰਿਕਾਂ ਨੂੰ ਵਪਾਰਕ ਉਡਾਣਾਂ ਰਾਹੀਂ ਅਫਗਾਨਿਸਤਾਨ ਛੱਡਣ ਦੀ ਸਲਾਹ ਦਿੱਤੀ ਸੀ। ਇਸ ਲਈ ਹੁਣ ਬਰਤਾਨਵੀ ਸਰਕਾਰ ਨੇ ਅਫਗਾਨਿਸਤਾਨ ਵਿਚ ਵਿਗੜਦੇ ਹੋਏ ਸੁਰੱਖਿਆ ਹਾਲਾਤਾਂ ਨੂੰ ਵੇਖਦੇ ਹੋਏ ਬ੍ਰਿਟੇਨ ਦੇ ਨਾਗਰਿਕਾਂ ਨੂੰ ਉੱਥੋਂ ਕੱਢਣ ਵਿਚ ਸਹਾਇਤਾ ਕਰਨ ਲਈ ਲਗਭਗ 600 ਯੂਕੇ ਸੈਨਿਕਾਂ ਨੂੰ ਅਫਗਾਨਿਸਤਾਨ ਭੇਜਣ ਦੀ ਘੋਸ਼ਣਾ ਕੀਤੀ ਹੈ।
ਰੱਖਿਆ ਮੰਤਰਾਲੇ (ਐਮ.ਓ.ਡੀ.) ਅਨੁਸਾਰ ਇਹ ਸੈਨਿਕ ਆਉਣ ਵਾਲੇ ਦਿਨਾਂ ਵਿਚ ਕਾਬੁਲ ਪਹੁੰਚਣਗੇ। ਅਨੁਮਾਨ ਲਗਾਇਆ ਗਿਆ ਹੈ ਕਿ ਲਗਭਗ 4,000 ਬ੍ਰਿਟਿਸ਼ ਨਾਗਰਿਕ ਅਜੇ ਵੀ ਅਫਗਾਨਿਸਤਾਨ ਵਿਚ ਹਨ। ਇਹ ਸੈਨਿਕ ਯੂਕੇ ਦੇ ਨਾਗਰਿਕਾਂ, ਅਫਗਾਨ ਸਟਾਫ਼ ਆਦਿ ਨੂੰ ਦੇਸ਼ ਵਿਚੋਂ ਬਾਹਰ ਕੱਢਣ ਦੀ ਪ੍ਰਕਿਰਿਆ ਵਿਚ ਸਹਾਇਤਾ ਕਰਨਗੇ। ਬਰਤਾਨਵੀ ਰੱਖਿਆ ਸਕੱਤਰ ਬੇਨ ਵਾਲਿਸ ਅਨੁਸਾਰ ਬ੍ਰਿਟਿਸ਼ ਨਾਗਰਿਕਾਂ, ਫ਼ੌਜੀ ਕਰਮਚਾਰੀਆਂ ਅਤੇ ਸਾਬਕਾ ਅਫਗਾਨ ਸਟਾਫ਼ ਦੀ ਸੁਰੱਖਿਆ ਸਰਕਾਰ ਦੀ ਪਹਿਲੀ ਤਰਜੀਹ ਹੈ। ਐਮ.ਓ.ਡੀ. ਨੇ ਜਾਣਕਾਰੀ ਦਿੱਤੀ ਕਿ ਅਫਗਾਨਿਸਤਾਨ ਵਿਚ ਯੂਕੇ ਦੇ ਰਾਜਦੂਤ ਸਰ ਲੌਰੀ ਬ੍ਰਿਸਟੋ ਅਫਗਾਨਿਸਤਾਨ ਵਿਚ ਇਕ ਛੋਟੀ ਜਿਹੀ ਟੀਮ ਦੀ ਅਗਵਾਈ ਕਰਨਾ ਜਾਰੀ ਰੱਖਣਗੇ ਜੋ ਕਾਬੁਲ ਦੇ ਅੰਦਰ ਵਧੇਰੇ ਸੁਰੱਖਿਅਤ ਸਥਾਨ 'ਤੇ ਤਬਦੀਲ ਹੋ ਜਾਵੇਗੀ। ਇਸਦੇ ਇਲਾਵਾ ਅਮਰੀਕਾ ਨੇ ਵੀ ਆਪਣੀਆਂ ਸੈਨਾਵਾਂ ਨੂੰ ਅਫਗਾਨਿਸਤਾਨ ਭੇਜਣ ਦੀ ਘੋਸ਼ਣਾ ਕੀਤੀ ਹੈ।
ਸਿਡਨੀ 'ਚ ਲਗਾਤਾਰ ਵੱਧ ਰਿਹੈ ਕੋਰੋਨਾ ਦਾ ਕਹਿਰ, 24 ਘੰਟਿਆਂ 'ਚ ਸਾਹਮਣੇ ਆਏ 390 ਕੇਸ
NEXT STORY