ਇੰਟਰਨੈਸ਼ਨਲ ਡੈਸਕ- 21 ਅਗਸਤ ਨੂੰ ਕੈਨੇਡਾ ਦੇ ਅਲਬਰਟਾ ਸੂਬੇ ਦੇ ਐਡਮਿੰਟਨ ਸਥਿਤ ਨਾਨਕਸਰ ਗੁਰਦੁਆਰਾ ਸਾਹਿਬ ਵਿਖੇ ਤੜਕਸਾਰ ਸੰਗਤ 'ਤੇ ਹੋਏ ਹਮਲੇ ਦੇ ਮਾਮਲੇ ਵਿੱਚ ਐਡਮਿੰਟਨ ਪੁਲਿਸ ਸਰਵਿਸ (EPS) ਨੇ 27 ਸਾਲਾ ਸ਼ੱਕੀ ਵਿਅਕਤੀ 'ਤੇ ਅਪਰਾਧਿਕ ਮਾਮਲੇ ਦਰਜ ਕੀਤੇ ਹਨ। ਪੁਲਸ ਅਨੁਸਾਰ ਮੁਲਜ਼ਮ ਨੇ ਪੇਚਕਸ ਨਾਲ ਇਹ ਹਮਲਾ ਕੀਤਾ ਸੀ। ਪੁਲਸ ਨੇ ਮੁਲਜ਼ਮ ਦੀ ਪਛਾਣ ਆਸਟਿਨ ਸਿਮ-ਪੈਲੇਟੀਅਰ ਵਜੋਂ ਕੀਤੀ ਹੈ, ਜਿਸ ਖ਼ਿਲਾਫ਼ ਸਰੀਰਕ ਨੁਕਸਾਨ ਪਹੁੰਚਾਉਣ ਦੇ ਦੋ ਮਾਮਲੇ, ਖ਼ਤਰਨਾਕ ਮਨਸੂਬੇ ਨਾਲ ਹਥਿਆਰ ਰੱਖਣ ਅਤੇ ਭੰਨਤੋੜ ਦੇ ਦੋਸ਼ ਲਗਾਏ ਗਏ ਹਨ।
ਇਹ ਘਟਨਾ 21 ਅਗਸਤ ਨੂੰ ਤੜਕੇ ਲਗਭਗ 5:05 ਵਜੇ ਵਾਪਰੀ। ਮੁਲਜ਼ਮ ਨੇ ਗੁਰਦੁਆਰਾ ਸਾਹਿਬ ਦੇ ਪ੍ਰਾਰਥਨਾ ਹਾਲ 'ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ, ਜਿੱਥੇ ਸੇਵਾਦਾਰਾਂ ਨੇ ਉਸ ਨੂੰ ਰੋਕਿਆ। ਇਸ ਦੌਰਾਨ ਬਹਿਸਬਾਜ਼ੀ ਤੋਂ ਬਾਅਦ ਹੋਈ ਝੜਪ 'ਚ 75 ਸਾਲ ਅਤੇ 51 ਸਾਲ ਦੇ ਦੋ ਸ਼ਰਧਾਲੂ ਜ਼ਖ਼ਮੀ ਹੋ ਗਏ। ਮੌਕੇ 'ਤੇ ਮੌਜੂਦ ਸੰਗਤ ਨੇ ਮੁਲਜ਼ਮ ਨੂੰ ਦਬੋਚ ਲਿਆ ਅਤੇ ਪੁਲਸ ਦੇ ਹਵਾਲੇ ਕਰ ਦਿੱਤਾ। ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਗਿਆ ਤੇ ਉਨ੍ਹਾਂ ਦੀ ਹਾਲਤ ਖ਼ਤਰੇ 'ਚੋਂ ਬਾਹਰ ਦੱਸੀ ਗਈ।
ਪੁਲਸ ਅਨੁਸਾਰ ਮੁਲਜ਼ਮ ਘਟਨਾ ਤੋਂ ਇੱਕ ਦਿਨ ਪਹਿਲਾਂ ਹੀ ਫੈਡਰਲ ਜੇਲ੍ਹ 'ਚੋਂ ਰਿਹਾਅ ਹੋਇਆ ਸੀ ਅਤੇ ਐਡਮਿੰਟਨ ਦੇ ਹਾਫ਼ਵੇਅ ਹਾਊਸ 'ਚ ਰਿਪੋਰਟ ਨਾ ਕਰਨ ਕਾਰਨ ਉਸ ਖ਼ਿਲਾਫ਼ ਪਹਿਲਾਂ ਹੀ ਵਾਰੰਟ ਜਾਰੀ ਸੀ। ਫਿਲਹਾਲ ਐਡਮਿੰਟਨ ਪੁਲਸ ਦੀ 'ਹੇਟ ਕ੍ਰਾਈਮਜ਼ ਯੂਨਿਟ' ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕਿਤੇ ਇਹ ਹਮਲਾ ਧਾਰਮਿਕ ਨਫ਼ਰਤ ਕਾਰਨ ਤਾਂ ਨਹੀਂ ਕੀਤਾ ਗਿਆ। ਪੁਲਸ ਅਧਿਕਾਰੀਆਂ ਨੇ ਮੀਡੀਆ ਅਤੇ ਆਮ ਲੋਕਾਂ ਨੂੰ ਗੁਰਦੁਆਰਾ ਪ੍ਰਬੰਧਕਾਂ ਦੀ ਨਿੱਜਤਾ ਦਾ ਸਤਿਕਾਰ ਕਰਨ ਦੀ ਅਪੀਲ ਕੀਤੀ ਹੈ।
''ਚਰਚਾ ਲਈ Excited ਹਾਂ..!'' ਸ਼ੀ ਜਿਨਪਿੰਗ ਦੇ ਭਾਰਤ ਪਹੁੰਚਣ 'ਤੇ ਵਿਦੇਸ਼ ਮੰਤਰਾਲੇ ਨੇ ਸ਼ੇਅਰ ਕੀਤੀ ਪੋਸਟ
NEXT STORY