ਲੰਡਨ— ਇੰਗਲੈਂਡ ਦੇ ਇਕ ਹਸਪਤਾਲ ਨੇ ਕੈਂਸਰ ਦੇ ਮਰੀਜ਼ ਨੂੰ ਇਲਾਜ ਦੇ ਨਾਂ 'ਤੇ ਇੰਨੀ ਵੱਡੀ ਕੀਮਤ ਦੱਸੀ ਕਿ ਉਹ ਨਿਰਾਸ਼ ਹੋ ਕੇ ਵਾਪਸ ਆ ਗਿਆ। ਇੰਗਲੈਂਡ 'ਚ ਰਹਿਣ ਵਾਲੇ 62 ਸਾਲਾ ਸਟੀਵ ਬਰੀਊਰ 4 ਸਾਲਾਂ ਤੋਂ ਕੈਂਸਰ ਨਾਲ ਲੜ ਰਹੇ ਹਨ। ਇਸ ਲਈ ਉਨ੍ਹਾਂ ਨੂੰ ਵਾਰ-ਵਾਰ ਕੀਮੋਥੈਰਪੀ ਕਰਵਾਉਣੀ ਪੈਂਦੀ ਹੈ ਪਰ ਹਸਪਤਾਲ ਤੋਂ ਨਿਰਾਸ਼ਾ ਹੱਥ ਲੱਗਣ ਮਗਰੋਂ ਉਸ ਨੇ ਕੀਮੋਥੈਰਪੀ ਦੀ ਮਸ਼ੀਨ ਖਰੀਦ ਲਈ।
ਖੁਸ਼ਕਿਸਮਤੀ ਨਾਲ ਉਸ ਨੂੰ ਇਹ ਸੈਕੰਡ ਹੈਂਡ ਮਸ਼ੀਨ ਸਿਰਫ 175 ਪੌਂਡ ਭਾਵ 16 ਹਜ਼ਾਰ ਰੁਪਏ 'ਚ ਮਿਲ ਗਈ। ਬਰੀਊਰ ਨੇ ਦੱਸਿਆ,''ਮੈਂ ਜਦ ਹਸਪਤਾਲ ਗਿਆ ਤਾਂ ਉੱਥੋਂ ਦੀ ਨਰਸ ਦਾ ਕਹਿਣਾ ਸੀ ਕਿ ਉਸ ਦਾ ਇਲਾਜ ਨਹੀਂ ਹੋ ਸਕਦਾ ਕਿਉਂਕਿ ਹੁਣ ਹਸਪਤਾਲ ਟ੍ਰਿਪਲ ਪੰਪਸ ਮਸ਼ੀਨ ਨਹੀਂ ਖਰੀਦ ਸਕਦਾ। ਮੈਂ ਜਦ ਨਰਸ ਨੂੰ ਇਸ ਦੀ ਕੀਮਤ ਪੁੱਛੀ ਤਾਂ ਉਸ ਨੇ ਦੱਸਿਆ ਕਿ ਇਸ ਦੀ ਕੀਮਤ 4300 ਪੌਂਡ ਭਾਵ 3.9 ਲੱਖ ਰੁਪਏ ਹੈ। ਇਸ ਕਾਰਨ ਮੈਂ ਬੁਰੀ ਤਰ੍ਹਾਂ ਨਿਰਾਸ਼ ਹੋ ਗਿਆ। ''
ਨਰਸ ਦੀ ਗੱਲ ਸੁਣ ਕੇ ਸਟੀਵ ਨੇ ਖੁਦ ਹੀ ਇਹ ਮਸ਼ੀਨ ਖਰੀਦਣ ਦਾ ਫੈਸਲਾ ਲਿਆ ਅਤੇ ਉਹ ਸਫਲ ਵੀ ਹੋ ਗਿਆ। ਉਸ ਨੇ ਆਨਲਾਈਨ ਇਹ ਮਸ਼ੀਨ ਬਹੁਤ ਸਸਤੇ 'ਚ ਖਰੀਦ ਲਈ। ਜਦ ਉਸ ਨੇ ਇਹ ਗੱਲ ਹੋਰਾਂ ਨਾਲ ਸਾਂਝੀ ਕੀਤੀ ਤਾਂ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਉਸ ਦੇ ਇਸ ਕਦਮ ਦੀਆਂ ਸਿਫਤਾਂ ਕੀਤੀਆਂ। ਲੋਕਾਂ ਨੇ ਕਿਹਾ ਕਿ ਜੇਕਰ ਉਹ ਸਚਮੁੱਚ ਮਹਿੰਗੀ ਮਸ਼ੀਨ ਖਾਤਰ ਇਲਾਜ ਛੱਡ ਦਿੰਦਾ ਤਾਂ ਇਹ ਉਸ ਲਈ ਨੁਕਸਾਨਦਾਇਕ ਹੋ ਸਕਦਾ ਸੀ।
ਤਿੰਨ ਬੱਚਿਆਂ ਦੇ ਪਿਤਾ ਅਤੇ ਦੋ ਪੋਤਿਆਂ ਦੇ ਦਾਦਾ ਬਰੀਊਰ ਨੇ ਕਿਹਾ ਕਿ ਉਹ ਖੁਸ਼ ਹੈ ਕਿ ਉਸ ਨੇ ਹਸਪਤਾਲ ਦੇ ਵੱਡੇ ਬਿੱਲਾਂ ਤੋਂ ਆਪਣੇ ਪੈਸੇ ਬਚਾ ਲਏ ਹਨ। ਉੱਧਰ ਹਸਪਤਾਲ ਵਾਲਿਆਂ ਦਾ ਕਹਿਣਾ ਹੈ ਕਿ ਉਹ ਸੈਕੰਡ ਹੈਂਡ ਮਸ਼ੀਨਾਂ ਦੀ ਵਰਤੋਂ ਨਹੀਂ ਕਰਦੇ। ਬਰੀਊਰ ਨੇ ਕਿਹਾ ਕਿ ਉਹ ਹਫਤੇ 'ਚ ਇਕ ਵਾਰ ਇਸ ਮਸ਼ੀਨ ਰਾਹੀਂ ਥੈਰੇਪੀ ਕਰਵਾਉਂਦਾ ਹੈ। ਉਹ 2014 ਤੋਂ ਅੰਤੜੀਆਂ ਦੇ ਕੈਂਸਰ ਤੋਂ ਪੀੜਤ ਹੈ ਅਤੇ ਹੁਣ ਤਕ ਕੀਮੋਥੈਰਪੀ ਦੇ 25 ਰਾਊਂਡਜ਼ 'ਚੋਂ ਲੰਘ ਚੁੱਕਾ ਹੈ। ਬਹੁਤ ਸਾਰੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਵੀ ਇਸੇ ਭੁਲੇਖੇ 'ਚ ਮਹਿੰਗੀਆਂ ਮਸ਼ੀਨਾਂ ਖਰੀਦ ਲਈਆਂ ਸਨ ਕਿ ਸ਼ਾਇਦ ਉਹ ਸੱਚ-ਮੁੱਚ ਮਹਿੰਗੀਆਂ ਹੀ ਹੁੰਦੀਆਂ ਹਨ ਪਰ ਹੁਣ ਪਤਾ ਲੱਗਾ ਕਿ ਉਨ੍ਹਾਂ ਨੂੰ ਵੀ ਪੈਸੇ ਬਚਾਉਣ ਲਈ ਹੋਰ ਕੋਸ਼ਿਸ਼ ਕਰਨੀ ਚਾਹੀਦੀ ਸੀ।
ਫਿਲੀਸਤੀਨੀ ਪਿਤਾ ਨੂੰ ਮੋਦੀ ਤੋਂ ਹੈ ਉਮੀਦ, ਕਿਹਾ- ਪੀ. ਐੱਮ. ਸੁਣਨ ਮੇਰੀ ਵੀ ਫਰਿਆਦ
NEXT STORY