ਵਾਸ਼ਿੰਗਟਨ - ਬੱਚਿਆਂ ਦੇ ਗਣਿਤ ਦੇ ਬੁਨਿਆਦੀ ਸਵਾਲ ਹੱਲ ਕਰਨ ਜਾਂ ਸਹੀ ਤਰੀਕੇ ਨਾਲ ਕਿਤਾਬਾਂ ਪੜ੍ਹਨ ਦੀ ਸਮਰੱਥਾ ਵਿਚ ਲਗਾਤਾਰ ਗਿਰਾਵਟ ਅਮਰੀਕਾ ’ਚ ਚਿੰਤਾ ਦਾ ਵੱਡਾ ਵਿਸ਼ਾ ਬਣ ਗਈ ਹੈ। ਪਿਛਲੇ ਇਕ ਦਹਾਕੇ ਵਿਚ 83 ਫੀਸਦੀ ਜ਼ਿਲਿਆਂ ਦੇ ਸਕੂਲਾਂ ਵਿਚ ਅਜਿਹੇ ਵਿਦਿਆਰਥੀਆਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ, ਜੋ ਨਾ ਤਾਂ ਸ਼ਬਦਾਂ ਦਾ ਸਹੀ ਉਚਾਰਨ ਕਰ ਪਾਉਂਦੇ ਹਨ ਅਤੇ ਨਾ ਹੀ ਗਣਿਤ ਦੇ ਆਮ ਸਵਾਲਾਂ ਨੂੰ ਸਮਝ ਪਾਉਂਦੇ ਹਨ। ਮਾਹਰਾਂ ਅਨੁਸਾਰ ਇਸ ਸਮੱਸਿਆ ਨੂੰ ਦੂਰ ਕਰਨ ਲਈ ਛੋਟੇ ਸਮੂਹਾਂ ਵਿਚ ਪੜ੍ਹਾਉਣਾ ਅਤੇ ਵਿਗਿਆਨਕ ਤਰੀਕੇ ਨਾਲ ਉਚਾਰਨ ਤੇ ਸੰਦਰਭ ਨੂੰ ਸਮਝਾਉਣਾ ਸਭ ਤੋਂ ਪ੍ਰਭਾਵਸ਼ਾਲੀ ਉਪਾਵਾਂ ’ਚ ਸ਼ਾਮਲ ਹਨ।
ਸਿੱਖਿਆ ਸ਼ਾਸਤਰੀਆਂ, ਅਰਥਸ਼ਾਸਤਰੀਆਂ ਅਤੇ ਮਾਹਰਾਂ ਤੋਂ ਪ੍ਰਾਪਤ ਨੀਤੀਗਤ ਵਿਚਾਰਾਂ ਦੇ ਪ੍ਰਭਾਵ ਅਤੇ ਲਾਗਤ ਦਾ 1 ਤੋਂ 7 ਦੇ ਪੈਮਾਨੇ ’ਤੇ ਮੁਲਾਂਕਣ ਕੀਤਾ ਗਿਆ। ਸਿੱਟੇ ਵਿਚ ਪਾਇਆ ਗਿਆ ਕਿ ਅਰਬਾਂ ਡਾਲਰ ਦੇ ਸਿਆਸੀ ਵਾਅਦਿਆਂ ਦੀ ਤੁਲਨਾ ਵਿਚ ਜ਼ਮੀਨੀ ਪੱਧਰ ’ਤੇ ਵਿਹਾਰਕ ਕਦਮ ਸਿੱਖਿਆ ਸੁਧਾਰ ਵਿਚ ਜ਼ਿਆਦਾ ਪ੍ਰਭਾਵਸ਼ਾਲੀ ਸਾਬਤ ਹੋ ਰਹੇ ਹਨ। ਮਾਹਰਾਂ ਨੇ ਪ੍ਰਾਇਮਰੀ ਜਮਾਤਾਂ ਵਿਚ ਬੱਚਿਆਂ ਨੂੰ 3-4 ਦੇ ਸਮੂਹਾਂ ਵਿਚ ਪੜ੍ਹਾਉਣ ਨੂੰ ਵਿਸ਼ੇਸ਼ ਤੌਰ ’ਤੇ ਪ੍ਰਭਾਵਸ਼ਾਲੀ ਉਪਾਅ ਦੱਸਿਆ ਹੈ।
ਮਿਸੀਸਿਪੀ ਬਣਿਆ ਮਿਸਾਲ
ਮਿਸੀਸਿਪੀ ਸੂਬੇ ਨੇ ਪੜ੍ਹਨ-ਸਿਖਾਉਣ ਦੇ ਵਿਗਿਆਨ ਅਤੇ ਸਖ਼ਤ ਜਵਾਬਦੇਹੀ ਵਾਲੀਆਂ ਨੀਤੀਆਂ ਨੂੰ ਸਖ਼ਤੀ ਨਾਲ ਲਾਗੂ ਕੀਤਾ। ਨਤੀਜਾ ਇਹ ਰਿਹਾ ਕਿ ਕਦੇ ਦੇਸ਼ ਵਿਚ ਸਭ ਤੋਂ ਹੇਠਲੇ ਨੰਬਰ ’ਤੇ ਰਹਿਣ ਵਾਲਾ ਇਹ ਸੂਬਾ ਅੱਜ ਪ੍ਰਾਇਮਰੀ ਜਮਾਤ ਵਿਚ ਪੜ੍ਹਨ ਦੀ ਸਮਰੱਥਾ ਦੇ ਮਾਮਲੇ ਵਿਚ ਲਗਾਤਾਰ ਬਿਹਤਰ ਪ੍ਰਦਰਸ਼ਨ ਕਰ ਰਿਹਾ ਹੈ। ਮਾਹਰਾਂ ਨੇ ਇਹ ਵੀ ਕਿਹਾ ਕਿ ਸਾਰੇ ਅਧਿਆਪਕਾਂ ਦੀ ਤਨਖਾਹ ਵਧਾਉਣ ਦੀ ਬਜਾਏ ਯੋਗ ਅਤੇ ਬਿਹਤਰੀਨ ਅਧਿਆਪਕਾਂ ਨੂੰ ਵਿਸ਼ੇਸ਼ ਬੋਨਸ ਅਤੇ ਵਾਧੂ ਤਨਖਾਹ ਦਿੱਤੀ ਜਾਵੇ। ਇਸ ਨਾਲ ਬਿਹਤਰ ਅਧਿਆਪਕਾਂ ਨੂੰ ਜ਼ਰੂਰਤ ਵਾਲੇ ਸਕੂਲਾਂ ਅਤੇ ਜਮਾਤਾਂ ਤੱਕ ਪਹੁੰਚਾਉਣ ਵਿਚ ਮਦਦ ਮਿਲ ਸਕਦੀ ਹੈ।
ਮੁਫ਼ਤ ਲੈਪਟਾਪ-ਟੈਬਲੇਟ ਨਾਲ ਨਹੀਂ ਸੁਧਰਦਾ ਪੜ੍ਹਾਈ ਦਾ ਪੱਧਰ
ਮਾਹਰਾਂ ਦੇ ਅਨੁਸਾਰ ਸਮਾਰਟਫ਼ੋਨ-ਮੁਕਤ ਜਮਾਤਾਂ ਘੱਟ ਲਾਗਤ ਵਿਚ ਤੇਜ਼ੀ ਨਾਲ ਬਦਲਾਅ ਲਿਆਉਣ ਵਾਲਾ ਉਪਾਅ ਹਨ। ਜਮਾਤਾਂ ਵਿਚ ਫ਼ੋਨ ’ਤੇ ਪਾਬੰਦੀ ਲਾਉਣ ਨਾਲ ਬੱਚਿਆਂ ਦਾ ਧਿਆਨ ਘੱਟ ਭਟਕਦਾ ਹੈ। ਇਸ ਨਾਲ ਨਾ ਸਿਰਫ਼ ਟੈਸਟ ਸਕੋਰ ਸੁਧਰ ਸਕਦੇ ਹਨ, ਸਗੋਂ ਸਾਈਬਰ ਬੁਲਿੰਗ ਅਤੇ ਇਕੱਲੇਪਣ ਦੀ ਭਾਵਨਾ ਵਿਚ ਵੀ ਕਮੀ ਆ ਸਕਦੀ ਹੈ। ਤਕਨਾਲੋਜੀ ਦੀ ਵਰਤੋਂ ਪੜ੍ਹਾਈ ਲਈ ਕੀਤੀ ਜਾ ਸਕਦੀ ਹੈ ਪਰ ਸਿਰਫ਼ ਮੁਫ਼ਤ ਲੈਪਟਾਪ ਜਾਂ ਟੈਬਲੇਟ ਵੰਡਣ ਨਾਲ ਪੜ੍ਹਾਈ ਦਾ ਪੱਧਰ ਨਹੀਂ ਸੁਧਰਦਾ।
ਮਾਹਰਾਂ ਦਾ ਕਹਿਣਾ ਹੈ ਕਿ ਨਿੱਜੀ ਸਮਾਰਟਫ਼ੋਨ ਜਮਾਤ ਵਿਚ ਸਿੱਖਣ ਲਈ ਸਭ ਤੋਂ ਵੱਡੀ ਰੁਕਾਵਟ ਬਣ ਸਕਦੇ ਹਨ। ਮਾਹਰਾਂ ਨੇ ਪ੍ਰਾਜੈਕਟ ਸਕੂਲ ਆਊਟਕਮ, ਜਮਾਤ ਦਾ ਆਕਾਰ ਛੋਟਾ ਕਰਨ, ਅਧਿਆਪਕਾਂ ਦੀ ਤਨਖਾਹ ਵਧਾਉਣ ਅਤੇ ਮਾਨਸਿਕ ਸਿਹਤ ’ਤੇ ਖਰਚ ਵਰਗੇ ਕਈ ਉਪਾਵਾਂ ਦਾ ਵੀ ਮੁਲਾਂਕਣ ਕੀਤਾ। ਸਿੱਟੇ ਵਿਚ ਜ਼ੋਰ ਦਿੱਤਾ ਗਿਆ ਕਿ ਸੀਮਤ ਸਰੋਤਾਂ ਵਿਚ ਅਜਿਹੇ ਉਪਾਵਾਂ ਨੂੰ ਪਹਿਲ ਮਿਲਣੀ ਚਾਹੀਦੀ ਹੈ, ਜਿਨ੍ਹਾਂ ਦਾ ਸਿੱਧਾ ਅਸਰ ਬੱਚਿਆਂ ਦੀ ਸਿੱਖਣ ਦੀ ਸਮਰੱਥਾ ’ਤੇ ਪੈਂਦਾ ਹੈ।
ਰੂਸ ਦੀ ਯਾਤਰਾ ਤੋਂ ਪਹਿਲਾਂ ਹੋ ਜਾਓ ਸਾਵਧਾਨ! ਭਾਰਤੀਆਂ ਲਈ ਐਡਵਾਈਜ਼ਰੀ ਜਾਰੀ
NEXT STORY