ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਯੂ. ਕੇ. ਵਿਚ ਕੋਰੋਨਾ ਵਾਇਰਸ ਨੂੰ ਹਰਾਉਣ ਅਤੇ ਜ਼ਿੰਦਗੀ ਨੂੰ ਆਮ ਵਾਂਗ ਪਟੜੀ 'ਤੇ ਲਿਆਉਣ ਲਈ ਟੀਕਾਕਰਨ ਪ੍ਰਕਿਰਿਆ ਜਾਰੀ ਹੈ। ਸਰਕਾਰ ਦੁਆਰਾ ਜਲਦੀ ਨਾਲ ਜ਼ਿਆਦਾ ਲੋਕਾਂ ਨੂੰ ਵਾਇਰਸ ਦਾ ਟੀਕਾ ਲਗਾਉਣ ਦੇ ਯਤਨ ਕੀਤੇ ਜਾ ਰਹੇ ਹਨ। ਟੀਕਾਕਰਨ ਸੰਬੰਧੀ ਸਰਕਾਰੀ ਅੰਕੜੇ ਦਰਸਾਉਂਦੇ ਹਨ ਕਿ ਯੂ. ਕੇ. ਵਿਚ ਦਿੱਤੀਆਂ ਗਈਆਂ ਕੋਰੋਨਾ ਵਾਇਰਸ ਟੀਕਿਆਂ ਦੀਆਂ ਖੁਰਾਕਾਂ ਦੀ ਕੁੱਲ ਗਿਣਤੀ 10 ਮਿਲੀਅਨ ਤੋਂ ਪਾਰ ਹੋ ਗਈ ਹੈ।
ਅੰਕੜਿਆਂ ਅਨੁਸਾਰ ਟੀਕੇ ਦੀਆਂ ਤਕਰੀਬਨ 9,646,715 ਪਹਿਲੀਆਂ ਖੁਰਾਕਾਂ ਅਤੇ 496,796 ਦੀ ਗਿਣਤੀ ਨਾਲ ਦੂਜੀ ਖੁਰਾਕ ਦਿੱਤੀ ਗਈ ਹੈ। ਇਸ ਟੀਕਾਕਰਨ ਪ੍ਰਕਿਰਿਆ ਸੰਬੰਧੀ ਸਿਹਤ ਸਕੱਤਰ ਮੈਟ ਹੈਨਕਾਕ ਨੇ ਭਰੋਸਾ ਜਤਾਉਂਦਿਆਂ ਦੇਸ਼ ਦੇ 15 ਮਿਲੀਅਨ ਲੋਕਾਂ ਨੂੰ ਟੀਕੇ ਦੀ ਪਹਿਲੀ ਖੁਰਾਕ 15 ਫਰਵਰੀ ਤੱਕ ਦੇਣ ਦੇ ਟੀਚੇ ਨੂੰ ਪੂਰਾ ਕਰਨ ਦੀ ਉਮੀਦ ਪ੍ਰਗਟ ਕੀਤੀ ਹੈ। ਸਿਹਤ ਸਕੱਤਰ ਅਨੁਸਾਰ ਦੇਸ਼ ਕੋਲ ਟੀਕਿਆਂ ਦੀਆਂ ਤਕਰੀਬਨ 400 ਮਿਲੀਅਨ ਤੋਂ ਵੱਧ ਖੁਰਾਕਾਂ ਹਨ, ਜਿਸ ਵਿਚ ਵਾਲਨੇਵਾ ਦੀਆਂ ਹਾਲ ਹੀ ਵਿਚ ਆਰਡਰ ਕੀਤੀਆਂ ਹੋਈਆਂ 40 ਮਿਲੀਅਨ ਖੁਰਾਕਾਂ ਵੀ ਸ਼ਾਮਲ ਹਨ।
ਇਸ ਦੇ ਇਲਾਵਾ ਯੂ. ਕੇ. ਵਿਚ ਪਿਛਲੇ 24 ਘੰਟਿਆਂ ਦੌਰਾਨ ਕੁੱਲ 16,840 ਨਵੇਂ ਕੇਸ ਸਾਹਮਣੇ ਆਏ ਹਨ, ਜੋ ਕਿ ਜਨਵਰੀ ਦੇ ਸ਼ੁਰੂ ਵਿੱਚ ਦਰਜ ਕੀਤੇ ਗਏ ਰੋਜ਼ਾਨਾ ਮਾਮਲਿਆਂ ਨਾਲੋਂ ਗਿਰਾਵਟ ਨਾਲ ਦਰਜ ਕੀਤੇ ਗਏ ਹਨ। ਇਨ੍ਹਾਂ ਮਾਮਲਿਆਂ ਨਾਲ ਮਹਾਮਾਰੀ ਦੇ ਬਾਅਦ ਹੁਣ ਤੱਕ ਦੇਸ਼ ਵਿਚ ਲਗਭਗ3,852,623 ਕੋਰੋਨਾ ਮਾਮਲੇ ਦਰਜ ਕੀਤੇ ਗਏ ਹਨ।
ਯੂਕੇ ਦੀ ਸ਼ਾਨ ਕਪਤਾਨ ਸਰ ਟੌਮ ਮੂਰ ਦਾ 100 ਸਾਲ ਦੀ ਉਮਰ 'ਚ ਦਿਹਾਂਤ
NEXT STORY