ਲੰਡਨ: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਸੰਸਦ ਵਿੱਚ 'ਕਾਮਸੂਤਰ' ਨਾਲ ਜੁੜਿਆ ਇੱਕ ਮਜ਼ਾਕ ਕਰਨ ਤੋਂ ਬਾਅਦ ਸਖ਼ਤ ਨਿੰਦਾ ਦੇ ਘੇਰੇ ਵਿੱਚ ਆ ਗਏ ਹਨ। ਹਾਊਸ ਆਫ਼ ਕਾਮਨਜ਼ ਵਿੱਚ ਸਵਾਲ-ਜਵਾਬ ਦੀ ਕਾਰਵਾਈ ਦੌਰਾਨ ਕੀਤੀ ਗਈ ਇਸ ਟਿੱਪਣੀ ਨੂੰ ਵਿਰੋਧੀ ਧਿਰ ਨੇ 'ਗਲਤ' ਅਤੇ 'ਗੈਰ-ਜ਼ਰੂਰੀ' ਕਰਾਰ ਦਿੱਤਾ ਹੈ।
ਕੀ ਸੀ ਪੂਰਾ ਮਾਮਲਾ?
ਵਿਰੋਧੀ ਕੰਜ਼ਰਵੇਟਿਵ ਪਾਰਟੀ ਦੀ ਨੇਤਾ ਕੇਮੀ ਬੇਡਨੋਕ ਸਰਕਾਰ ਦੀਆਂ ਨੀਤੀਆਂ ਵਿੱਚ ਵਾਰ-ਵਾਰ ਹੋ ਰਹੇ ਬਦਲਾਅ (ਯੂ-ਟਰਨ) ਨੂੰ ਲੈ ਕੇ ਸਵਾਲ ਪੁੱਛ ਰਹੇ ਸਨ। ਇਸ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਸਟਾਰਮਰ ਨੇ ਵਿਅੰਗ ਕਰਦਿਆਂ ਕਿਹਾ, "ਵਿਰੋਧੀ ਧਿਰ ਨੇ 14 ਸਾਲਾਂ ਵਿੱਚ 'ਕਾਮਸੂਤਰ' ਤੋਂ ਵੱਧ ਪੁਜ਼ੀਸ਼ਨਾਂ ਬਦਲੀਆਂ ਹਨ। ਇਸ ਵਿੱਚ ਕੋਈ ਹੈਰਾਨੀ ਨਹੀਂ ਕਿ ਉਹ ਥੱਕ ਚੁੱਕੇ ਹਨ ਅਤੇ ਉਨ੍ਹਾਂ ਨੇ ਦੇਸ਼ ਦੀ ਹਾਲਤ ਵਿਗਾੜ ਦਿੱਤੀ ਹੈ"।
ਸੰਸਦ ਵਿੱਚ ਛਾਇਆ ਸੰਨਾਟਾ, ਸੋਸ਼ਲ ਮੀਡੀਆ 'ਤੇ ਗੁੱਸਾ
ਜਿਵੇਂ ਹੀ ਪ੍ਰਧਾਨ ਮੰਤਰੀ ਨੇ ਇਹ ਸ਼ਬਦ ਕਹੇ, ਸਦਨ ਵਿੱਚ ਕੁਝ ਦੇਰ ਲਈ ਅਸਹਿਜ ਸੰਨਾਟਾ ਛਾ ਗਿਆ। ਵਿਰੋਧੀ ਧਿਰ ਨੇ ਦੋਸ਼ ਲਾਇਆ ਕਿ ਗੰਭੀਰ ਨੀਤੀਗਤ ਸਵਾਲਾਂ ਦਾ ਜਵਾਬ ਦੇਣ ਦੀ ਬਜਾਏ ਪ੍ਰਧਾਨ ਮੰਤਰੀ ਨੇ ਹਲਕੀ ਟਿੱਪਣੀ ਦਾ ਸਹਾਰਾ ਲਿਆ ਹੈ। ਸੋਸ਼ਲ ਮੀਡੀਆ 'ਤੇ ਵੀ ਇਸ ਬਿਆਨ ਨੂੰ ਲੈ ਕੇ ਭਾਰੀ ਨਾਰਾਜ਼ਗੀ ਦੇਖੀ ਜਾ ਰਹੀ ਹੈ ਅਤੇ ਲੋਕ ਸਵਾਲ ਉਠਾ ਰਹੇ ਹਨ ਕਿ ਅਜਿਹੀ ਅਹਿਮ ਬਹਿਸ ਦੌਰਾਨ ਪ੍ਰਧਾਨ ਮੰਤਰੀ ਨੇ ਇਸ ਤਰ੍ਹਾਂ ਦੀ ਭਾਸ਼ਾ ਦੀ ਵਰਤੋਂ ਕਿਉਂ ਕੀਤੀ।
ਨੀਤੀਆਂ ਨੂੰ ਲੈ ਕੇ ਪਹਿਲਾਂ ਹੀ ਘਿਰੀ ਹੋਈ ਹੈ ਸਰਕਾਰ
ਇਹ ਵਿਵਾਦ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਲੇਬਰ ਪਾਰਟੀ ਦੀ ਸਰਕਾਰ ਪਹਿਲਾਂ ਹੀ ਆਰਥਿਕ ਹਾਲਾਤ ਅਤੇ ਡਿਜੀਟਲ ਪਛਾਣ (Digital ID) ਵਰਗੇ ਮੁੱਦਿਆਂ 'ਤੇ ਆਪਣੇ ਫੈਸਲੇ ਬਦਲਣ ਕਾਰਨ ਦਬਾਅ ਦਾ ਸਾਹਮਣਾ ਕਰ ਰਹੀ ਹੈ। ਇਸ ਤੋਂ ਇਲਾਵਾ, ਸਰਕਾਰ ਵੱਲੋਂ ਹਰ ਸਾਲ ਤਿੰਨ ਲੱਖ ਨਵੇਂ ਘਰ ਬਣਾਉਣ ਦਾ ਵਾਧਾ ਵੀ ਸਵਾਲਾਂ ਦੇ ਘੇਰੇ ਵਿੱਚ ਹੈ, ਕਿਉਂਕਿ ਮਾਹਿਰਾਂ ਮੁਤਾਬਕ ਵਧਦੀ ਲਾਗਤ ਕਾਰਨ ਇਹ ਟੀਚਾ ਹਾਸਲ ਕਰਨਾ ਬੇਹੱਦ ਮੁਸ਼ਕਲ ਹੈ। ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਹ ਸਿਰਫ਼ ਇੱਕ ਖਰਾਬ ਮਜ਼ਾਕ ਨਹੀਂ ਸੀ, ਸਗੋਂ ਇਹ ਦਰਸਾਉਂਦਾ ਹੈ ਕਿ ਪ੍ਰਧਾਨ ਮੰਤਰੀ ਹਾਲਾਤ ਦੀ ਗੰਭੀਰਤਾ ਨੂੰ ਸਮਝਣ ਵਿੱਚ ਚੁੱਕ ਰਹੇ ਹਨ।
ਅਰਬ ਸਾਗਰ 'ਚ ਭਾਰਤੀ ਕੋਸਟ ਗਾਰਡ ਦੀ ਵੱਡੀ ਕਾਰਵਾਈ; ਪਾਕਿਸਤਾਨੀ ਬੇੜੀ ਸਮੇਤ 9 ਕਰੂ ਮੈਂਬਰ ਗ੍ਰਿਫ਼ਤਾਰ
NEXT STORY