ਵਾਸ਼ਿੰਗਟਨ (ਬਿਊਰੋ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ ਦੇ ਆਖਰੀ ਦਿਨ ਚੱਲ ਰਹੇ ਹਨ। ਕਾਰਜਕਾਲ ਦੇ ਇਹਨਾਂ ਆਖਰੀ ਦਿਨਾਂ ਵਿਚ ਟਰੰਪ ਦੀਆਂ ਮੁਸ਼ਕਲਾਂ ਲਗਾਤਾਰ ਵੱਧ ਰਹੀਆਂ ਹਨ। ਬੁੱਧਵਾਰ ਨੂੰ ਅਮਰੀਕੀ ਸੈਨੇਟ ਨੇ ਟਰੰਪ ਖਿਲਾਫ਼ ਮਹਾਦੋਸ਼ ਦਾ ਪ੍ਰਸਤਾਵ ਪਾਸ ਕਰ ਦਿੱਤਾ। ਇਸ ਦੌਰਾਨ ਹੁਣ ਟਰੰਪ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਸਨੈਪਚੈਟ 'ਤੇ ਵੀ ਬੈਨ ਕਰ ਦਿੱਤਾ ਗਿਆ ਹੈ।
ਕੰਪਨੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਟਰੰਪ ਨੂੰ ਸਨੈਪਚੈਟ 'ਤੇ ਪੱਕੇ ਤੌਰ 'ਤੇ ਬੈਨ ਕਰ ਦਿੱਤਾ ਗਿਆ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਸ ਤੋਂ ਪਹਿਲਾਂ ਟਰੰਪ ਨੂੰ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਪਹਿਲਾਂ ਹੀ ਬਲਾਕ ਕਰ ਚੁੱਕੇ ਹਨ। ਟਰੰਪ ਇਸ ਸਮੇਂ ਟਵਿੱਟਰ, ਯੂ-ਟਿਊਬ, ਫੇਸਬੁੱਕ, ਇੰਸਟਾਗ੍ਰਾਮ ਅਤੇ ਹੁਣ ਸਨੈਪਚੈਟ 'ਤੇ ਬੈਨ ਹੋ ਚੁੱਕੇ ਹਨ। ਯੂ-ਟਿਊਬ ਨੇ ਤਾਂ ਉਹਨਾਂ ਦੇ ਭਾਸ਼ਣ ਦੇ ਕੁਝ ਵੀਡੀਓ ਵੀ ਹਟਾ ਦਿੱਤੇ ਹਨ। ਬੀਤੇ ਦਿਨੀਂ ਅਮਰੀਕਾ ਦੇ ਕੈਪੀਟਲ ਹਿਲ ਵਿਚ ਹੋਈ ਹਿੰਸਾ ਨੂੰ ਭੜਕਾਉਣ ਦਾ ਦੋਸ਼ ਟਰੰਪ 'ਤੇ ਹੀ ਲੱਗਾ ਹੈ ਅਜਿਹੇ ਵਿਚ ਹਰ ਕੋਈ ਉਹਨਾਂ ਖਿਲਾਫ਼ ਸਖ਼ਤੀ ਵਰਤ ਰਿਹਾ ਹੈ।
ਟਵਿੱਟਰ ਦੇ ਫਾਊਂਡਰ ਜੈਕ ਡੋਰਸੀ ਨੇ ਵੀ ਟਰੰਪ ਦੇ ਬੈਨ ਨੂੰ ਸਹੀ ਕਰਾਰ ਦਿੱਤਾ ਹੈ। ਲਗਾਤਾਰ ਟਵਿੱਟਰ ਦੀ ਹੋ ਰਹੀ ਆਲੋਚਨਾ ਦੇ ਵਿਚ ਜੈਕ ਨੇ ਸਫਾਈ ਦਿੱਤੀ ਕਿ ਅਮਰੀਕੀ ਰਾਸ਼ਟਰਪਤੀ ਨੂੰ ਬੈਨ ਕਰਨਾ ਆਸਾਨ ਫ਼ੈਸਲਾ ਨਹੀਂ ਸੀ ਪਰ ਜਿਹੜੇ ਹਾਲਾਤ ਸਨ ਉਸ ਦੇ ਆਧਾਰ 'ਤੇ ਇਹੀ ਸਹੀ ਫ਼ੈਸਲਾ ਸੀ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਹਾਲੇ ਵੀ ਅਮਰੀਕਾ ਵਿਚ ਹਿੰਸਾ ਨੂੰ ਲੈਕੇ ਐਲਰਟ ਜਾਰੀ ਕੀਤਾ ਗਿਆ ਹੈ। 20 ਜਨਵਰੀ ਨੂੰ ਜੋਅ ਬਾਈਡੇਨ ਦਾ ਸਹੁੰ ਚੁੱਕ ਸਮਾਗਮ ਹੈ। ਅਜਿਹੇ ਵਿਚ ਐਲਰਟ ਜਾਰੀ ਕੀਤਾ ਗਿਆ ਹੈ। ਟਰੰਪ ਦੇ ਸਮਰਥਕ ਇਕ ਵਾਰ ਫਿਰ ਹੰਗਾਮਾ ਕਰ ਸਕਦੇ ਹਨ। ਕੈਪੀਟਲ ਹਿਲ ਦੀ ਹੁਣੇ ਤੋਂ ਹੀ ਨੈਸ਼ਨਲ ਗਾਰਡਸ ਨੇ ਘੇਰਾਬੰਦੀ ਕਰ ਲਈ ਹੈ। ਇਸ ਦੇ ਇਲਾਵਾ ਪ੍ਰਮੁੱਖ ਸ਼ਹਿਰਾਂ ਦੀ ਸੁਰੱਖਿਆ ਵਧਾਈ ਗਈ ਹੈ। ਇੱਥੇ ਦੱਸ ਦਈਏ ਕਿ ਵਾਸ਼ਿੰਗਟਨ ਡੀ.ਸੀ.ਵਿਚ ਪਹਿਲਾਂ ਤੋਂ ਹੀ ਪਬਲਿਕ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।
ਟਰੰਪ ਖ਼ਿਲਾਫ਼ ਹੇਠਲੇ ਸਦਨ ਵਿਚ ਮਹਾਦੋਸ਼ ਮਤਾ ਪਾਸ, ਹੁਣ ਸੈਨੇਟ ਦੇ ਹੱਥ ਡੋਰ
NEXT STORY