ਜਲੰਧਰ, (ਇੰਟ.)– ਅੱਤਵਾਦੀ ਹਰਦੀਪ ਨਿੱਝਰ ਤੋਂ ਬਾਅਦ ਕੈਨੇਡਾ ਤੇ ਭਾਰਤ ਵਿਚਾਲੇ ਚੱਲ ਰਹੇ ਵਿਵਾਦ ਦਾ ਸਿੱਧਾ ਅਸਰ ਕੈਨੇਡਿਆਈ ਵਿੱਦਿਅਕ ਸੰਸਥਾਵਾਂ ’ਤੇ ਵੀ ਪੈਂਦਾ ਨਜ਼ਰ ਆ ਰਿਹਾ ਹੈ। ਕੈਨੇਡੀਅਨ ਬਿਊਰੋ ਫਾਰ ਇੰਟਰਨੈਸ਼ਨਲ ਐਜੂਕੇਸ਼ਨ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ 2023 ਲਈ ਕੈਨੇਡਿਆਈ ਯੂਨੀਵਰਸਿਟੀਆਂ ’ਤੇ ਨਜ਼ਰ ਰੱਖਣ ਵਾਲੇ 20 ਫੀਸਦੀ ਭਾਰਤੀ ਵਿਦਿਆਰਥੀਆਂ ਨੇ ਆਪਣੀ ਪੜ੍ਹਾਈ ਅਜੇ ਅੱਗੇ ਪਾਉਣ ਦਾ ਫੈਸਲਾ ਕੀਤਾ ਹੈ। ‘ਟਾਈਮਜ਼ ਹਾਇਰ ਐਜੂਕੇਸ਼ਨ’ ਦੀ ਇਕ ਹੋਰ ਰਿਪੋਰਟ ਵਿਚ ਵੇਖਿਆ ਗਿਆ ਹੈ ਕਿ ਕੁਝ ਭਾਰਤੀ ਵਿਦਿਆਰਥੀ ਡਿਪਲੋਮੈਟਿਕ ਵਿਵਾਦ ਕਾਰਨ ਯੂ. ਕੇ. ਜਾਂ ਆਸਟ੍ਰੇਲੀਆ ਵਿਚ ਟਰਾਂਸਫਰ ਹੋਣ ’ਤੇ ਵਿਚਾਰ ਕਰ ਰਹੇ ਹਨ।
2022 ’ਚ 17 ਬਿਲੀਅਨ ਡਾਲਰ ਤੋਂ ਵੱਧ ਦਾ ਨਿਵੇਸ਼
ਇਕ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਿਰਫ 2022 ਵਿਚ ਭਾਰਤੀ ਵਿਦਿਆਰਥੀਆਂ ਨੇ ਕੈਨੇਡਾ ਦੀ ਅਰਥਵਿਵਸਥਾ ਵਿਚ 17 ਬਿਲੀਅਨ ਡਾਲਰ ਤੋਂ ਵੱਧ ਦਾ ਨਿਵੇਸ਼ ਕੀਤਾ ਸੀ, ਜੋ ਵਿਦਿਆਰਥੀਆਂ ਦੀ ਟਿਊਸ਼ਨ ਫੀਸ ਦੇ ਲੱਖਾਂ ਡਾਲਰ ਦੇ ਬਰਾਬਰ ਹੈ। ਰਿਹਾਇਸ਼, ਭੋਜਨ, ਟਰਾਂਸਪੋਰਟ ਤੇ ਸੱਭਿਆਚਾਰਕ ਸੈਰ-ਸਪਾਟਾ ਵਰਗੇ ਖਰਚਿਆਂ ਦਾ ਤਾਂ ਰਿਪੋਰਟ ਵਿਚ ਜ਼ਿਕਰ ਹੀ ਨਹੀਂ ਹੈ। ਕੈਨੇਡਾ ਵਿਚ ਭਾਰਤੀ ਵਿਦਿਆਰਥੀ ਕੌਮਾਂਤਰੀ ਵਿਦਿਆਰਥੀ ਭਾਈਚਾਰੇ ਦੀ ਰੀੜ੍ਹ ਮੰਨੇ ਜਾਂਦੇ ਹਨ। ਕੁਲ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਿਚ ਭਾਰਤ ਦੀ ਹਿੱਸੇਦਾਰੀ 40 ਫੀਸਦੀ ਦੇ ਲਗਭਗ ਹੈ।
70 ਫੀਸਦੀ ਵਿਦਿਆਰਥੀ ਪੋਸਟ ਗ੍ਰੈਜੂਏਟ
ਇਸ ਤੋਂ ਇਲਾਵਾ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤੀ ਵਿਦਿਆਰਥੀਆਂ ਦੀ ਸਿੱਖਿਆ ਗੁਣਵੱਤਾ ਉੱਚ ਪੱਧਰੀ ਹੈ। ਲਗਭਗ 70 ਫੀਸਦੀ ਵਿਦਿਆਰਥੀਆਂ ਕੋਲ ਮਾਸਟਰ ਡਿਗਰੀ ਜਾਂ ਉਸ ਤੋਂ ਉੱਪਰ ਦੀ ਡਿਗਰੀ ਹੈ, ਜੋ ਸਿੱਖਿਆ ਅਤੇ ਅੱਗੇ ਵਧਣ ਪ੍ਰਤੀ ਉਨ੍ਹਾਂ ਦੀ ਲਗਨ ਦਾ ਸੰਕੇਤ ਹੈ। ਭਾਰਤੀ ਵਿਦਿਆਰਥੀਆਂ ਨੇ ਨਵੀਨੀਕਰਨ ਤੇ ਉੱਦਮਤਾ ਵਿਚ ਲਗਾਤਾਰ ਆਪਣੀ ਸਮਰੱਥਾ ਵਿਖਾਈ ਹੈ। ਉਹ ਸੰਸਥਾਪਕ, ਨੌਕਰੀ ਨਿਰਮਾਤਾ ਅਤੇ ਵਰਕ ਫੋਰਸ ਦੇ ਅਟੁੱਟ ਮੈਂਬਰ ਹਨ, ਜੋ ਕੈਨੇਡਿਆਈ ਉੱਦਮਾਂ ਲਈ ਕੰਮ ਕਰ ਰਹੇ ਹਨ।
ਕੈਨੇਡਾ ਵਾਸੀਆਂ ਲਈ ਪੈਦਾ ਕਰਦੇ ਹਨ ਨੌਕਰੀਆਂ
ਭਾਰਤੀ ਵਿਦਿਆਰਥੀ ਉਦਯੋਗਾਂ ਦੀ ਸਥਾਪਨਾ ਕਰ ਰਹੇ ਹਨ ਅਤੇ ਕੈਨੇਡਿਆਈ ਨਾਗਰਿਕਾਂ ਲਈ ਨੌਕਰੀਆਂ ਵੀ ਪੈਦਾ ਕਰ ਰਹੇ ਹਨ। ਵਿਦਿਆਰਥੀਆਂ ਦੇ ਯੂਨੀਵਰਸਿਟੀਆਂ ਵਿਚ ਦਾਖਲੇ ਵਿਚ ਕਮੀ ਨੂੰ ਚਿੰਤਾਜਨਕ ਦੱਸਿਆ ਜਾ ਰਿਹਾ ਹੈ। ਕੈਨੇਡਾ-ਭਾਰਤ ਵਿਵਾਦ ਕਾਰਨ ਯੂ. ਕੇ. ਤੇ ਆਸਟ੍ਰੇਲੀਆ ਵਰਗੇ ਹੋਰ ਦੇਸ਼ ਭਾਰਤੀ ਵਿਦਿਆਰਥੀਆਂ ਨੂੰ ਆਪਣੇ ਵੱਲ ਖਿੱਚ ਰਹੇ ਹਨ। ਇਸ ਲਈ ਵਿਦਿਆਰਥੀਆਂ ਦੀ ਸੰਭਾਵਤ ਹਿਜਰਤ ਇਕ ਵੱਡਾ ਆਰਥਿਕ ਝਟਕਾ ਹੋਵੇਗਾ। ਵਿਦਿਆਰਥੀਆਂ ਵਲੋਂ ਕੈਨੇਡਾ ਛੱਡਣ ’ਤੇ ਜਾਇਦਾਦ ਕਿਰਾਏ ’ਤੇ ਦੇਣ ਵਾਲੇ ਜ਼ਿਮੀਦਾਰਾਂ ਤੋਂ ਲੈ ਕੇ ਕੌਮਾਂਤਰੀ ਵਿਦਿਆਰਥੀਆਂ ਦੀਆਂ ਲੋੜਾਂ ਪੂਰੀਆਂ ਕਰਨ ਵਾਲੇ ਕਾਰੋਬਾਰਾਂ ਤਕ ਦੀ ਆਮਦਨ ਵਿਚ ਕਮੀ ਆਏਗੀ।
ਅਸਥਿਰ ਹੋ ਸਕਦੀ ਹੈ ਅਰਥਵਿਵਸਥਾ
ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿਚ ਕਮੀ ਕੈਨੇਡਾ ਲਈ ਚਿੰਤਾ ਦਾ ਵਿਸ਼ਾ ਹੈ। ਕੈਨੇਡਾ ਦਾ ਸਿੱਖਿਆ ਖੇਤਰ 6 ਲੱਖ ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਦਿੰਦਾ ਹੈ, ਜਿਨ੍ਹਾਂ ਦਾ ਸਾਲਾਨਾ ਅਰਥਵਿਸਥਾ ਵਿਚ 100 ਅਰਬ ਡਾਲਰ ਤੋਂ ਵੱਧ ਦਾ ਯੋਗਦਾਨ ਹੈ। ਰਿਪੋਰਟ ਮੁਤਾਬਕ ਟੋਰਾਂਟੋ ਯੂਨੀਵਰਸਿਟੀ ਵਰਗੀ ਪ੍ਰਸਿੱਧ ਸੰਸਥਾ ਨੂੰ ਭਾਰਤੀ ਵਿਦਿਆਰਥੀ ਨਾਮਜ਼ਦਗੀਆਂ ਵਿਚ ਕਮੀ ਕਾਰਨ 100 ਬਿਲੀਅਨ ਡਾਲਰ ਤੋਂ ਵੱਧ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ, ਜੋ ਇਸ ਗੱਲ ਦਾ ਸੰਕੇਤ ਹੈ ਕਿ ਕਿਵੇਂ ਕੈਨੇਡਾ ਦੀ ਅਰਥਵਿਵਸਥਾ ਅਸਥਿਰ ਹੋ ਸਕਦੀ ਹੈ।
ਬ੍ਰਿਟੇਨ: ਭਾਰਤੀ ਮੂਲ ਦਾ ਸਾਬਕਾ ਪੁਲਸ ਕਰਮਚਾਰੀ ਦੁਰਵਿਹਾਰ ਦਾ ਦੋਸ਼ੀ ਕਰਾਰ
NEXT STORY