ਇਸਤਾਂਬੁਲ (ਏ. ਐੱਨ. ਆਈ.) : ਤੁਰਕੀ ਅਤੇ ਸੀਰੀਆ 'ਚ ਸੋਮਵਾਰ ਨੂੰ ਆਏ ਤਾਜ਼ਾ ਵਿਨਾਸ਼ਕਾਰੀ ਭੂਚਾਲ ਵਿੱਚ 8 ਲੋਕਾਂ ਦੀ ਜਾਨ ਚਲੀ ਗਈ। 6.4 ਤੀਬਰਤਾ ਵਾਲੇ ਇਸ ਭੂਚਾਲ ਨਾਲ 294 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ 'ਚੋਂ 18 ਦੀ ਹਾਲਤ ਗੰਭੀਰ ਹੈ। ਸੀਰੀਆ ਦੇ ਹਾਮਾ ਅਤੇ ਟਾਰਟਸ ਸੂਬਿਆਂ ਵਿੱਚ ਭੂਚਾਲ ਦੀ ਦਹਿਸ਼ਤ ਨਾਲ ਇਕ ਔਰਤ ਤੇ ਇਕ ਕੁੜੀ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਭੂਚਾਲ ਪੀੜਤਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਆਪਣੇ ਘਰਾਂ ਦੇ ਅਵਸ਼ੇਸ਼ਾਂ ਵਿੱਚ ਨਾ ਜਾਣ ਪਰ ਲੋਕਾਂ ਨੇ ਅਧਿਕਾਰੀਆਂ ਦੀਆਂ ਗੱਲਾਂ ਨਹੀਂ ਮੰਨੀਆਂ। ਭੂਚਾਲ ਵਿੱਚ ਢਹਿ-ਢੇਰੀ ਹੋਈਆਂ 3 ਇਮਾਰਤਾਂ ਵਿੱਚ ਖੋਜ ਅਤੇ ਬਚਾਅ ਕੰਮ ਜਾਰੀ ਹੈ।
ਇਹ ਵੀ ਪੜ੍ਹੋ : ਭਾਰਤ ਲਈ ਰੂਸ-ਅਮਰੀਕਾ 'ਚ ਟਕਰਾਅ, ਬਾਈਡੇਨ ਤੋਂ ਬਾਅਦ ਹੁਣ ਪੁਤਿਨ ਨੇ ਕੀਤਾ ਵੱਡਾ ਐਲਾਨ
ਭੂਚਾਲ ਦੇ ਤਾਜ਼ਾ ਝਟਕਿਆਂ ਨੇ ਤੁਰਕੀ ਅਤੇ ਸੀਰੀਆ ਦੇ ਉਨ੍ਹਾਂ ਕੁਝ ਹਿੱਸਿਆਂ ਨੂੰ ਫਿਰ ਦਹਿਲਾ ਦਿੱਤਾ ਹੈ, ਜੋ 2 ਹਫ਼ਤੇ ਪਹਿਲਾਂ ਵੱਡੇ ਪੈਮਾਨੇ 'ਤੇ ਆਏ ਭੂਚਾਲ ਨਾਲ ਤਬਾਹ ਹੋ ਗਏ ਸਨ। ਉਸ ਭੂਚਾਲ ਵਿੱਚ ਲਗਭਗ 46,000 ਤੋਂ ਵੱਧ ਲੋਕ ਮਾਰੇ ਗਏ ਸਨ। ਅਧਿਕਾਰੀਆਂ ਨੇ ਕਿਹਾ ਕਿ ਕਈ ਇਮਾਰਤਾਂ ਢਹਿ ਗਈਆਂ ਹਨ ਅਤੇ ਉਨ੍ਹਾਂ ਵਿੱਚ ਰਹਿੰਦੇ ਲੋਕ ਫਸ ਗਏ ਹਨ। ਦੋਵਾਂ ਦੇਸ਼ਾਂ ਵਿੱਚ ਕਈ ਲੋਕ ਜ਼ਖ਼ਮੀ ਹੋਏ ਹਨ ਪਰ ਮ੍ਰਿਤਕਾਂ ਬਾਰੇ ਤੁਰੰਤ ਕੋਈ ਜਾਣਕਾਰੀ ਨਹੀਂ ਮਿਲ ਸਕੀ।
ਇਹ ਵੀ ਪੜ੍ਹੋ : ਪਾਕਿਸਤਾਨ 'ਚ ਅੱਤਵਾਦੀ ਹਮਲੇ ਦਾ ਖਤਰਾ, ਲਾਹੌਰ 'ਚ 7 ਦਿਨਾਂ ਲਈ ਧਾਰਾ 144 ਲਾਗੂ
ਜ਼ਿਕਰਯੋਗ ਹੈ ਕਿ 6 ਫਰਵਰੀ ਨੂੰ ਇਕ ਤੋਂ ਬਾਅਦ ਇਕ ਆਏ ਭਿਆਨਕ ਭੂਚਾਲ ਕਾਰਨ ਤੁਰਕੀ ਅਤੇ ਸੀਰੀਆ 'ਚ ਜਾਨ-ਮਾਲ ਦਾ ਭਾਰੀ ਨੁਕਸਾਨ ਹੋਇਆ ਹੈ। ਹਾਲਾਂਕਿ, ਕੁਝ ਘੰਟਿਆਂ ਵਿੱਚ ਹੀ ਭਾਰਤ ਨੇ ਤੁਰਕੀ ਨੂੰ ਆਫ਼ਤ ਰਾਹਤ ਸਮੱਗਰੀ ਦੇ ਕੇ ਹਰ ਸੰਭਵ ਮਦਦ ਦੇਣ ਦੀ ਕੋਸ਼ਿਸ਼ ਕੀਤੀ। ਉੱਥੇ NDRF ਦੀ ਜਵਾਬੀ ਟੀਮ ਵੀ ਭੇਜੀ ਗਈ ਹੈ। ਭੂਚਾਲ ਪ੍ਰਭਾਵਿਤ ਤੁਰਕੀ 'ਚ ਪਿਛਲੇ 11 ਦਿਨਾਂ ਤੋਂ ਭਾਰਤ ਦੀਆਂ ਡਿਜ਼ਾਸਟਰ ਰਿਸਪਾਂਸ ਟੀਮਾਂ ਦਿਨ-ਰਾਤ ਕੰਮ ਕਰ ਰਹੀਆਂ ਹਨ। ਹਲਕੇ ਝਟਕਿਆਂ ਅਤੇ ਬੇਚੈਨੀ ਨਾਲ ਝੁਕ ਰਹੀਆਂ ਇਮਾਰਤਾਂ ਦੇ ਵਿਚਕਾਰ ਮਲਬੇ ਨੂੰ ਘੰਟਿਆਂ ਤੱਕ ਕੱਢਣਾ ਅਤੇ ਠੰਡ ਦੇ ਮੌਸਮ ਵਿੱਚ ਮਲਬੇ ਹੇਠੋਂ ਮਦਦ ਲਈ ਹਲਕੀ ਆਵਾਜ਼ਾਂ ਪਛਾਣਨ ਦੀ ਕੋਸ਼ਿਸ਼ ਕਰਨਾ ਕੋਈ ਆਸਾਨ ਕੰਮ ਨਹੀਂ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਭਾਰਤ ਲਈ ਰੂਸ-ਅਮਰੀਕਾ 'ਚ ਟਕਰਾਅ, ਬਾਈਡੇਨ ਤੋਂ ਬਾਅਦ ਹੁਣ ਪੁਤਿਨ ਨੇ ਕੀਤਾ ਵੱਡਾ ਐਲਾਨ
NEXT STORY