ਮਨੀਲਾ (ਭਾਸ਼ਾ)- ਮੱਧ ਫਿਲੀਪੀਨ ਦੇ ਇਕ ਸੂਬੇ 'ਚ ਬੁੱਧਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਲੋਕ ਰਾਤ ਨੂੰ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ ਅਤੇ ਦਰਜਨਾਂ ਮਰੀਜ਼ਾਂ ਨੂੰ ਹਸਪਤਾਲ 'ਚੋਂ ਬਾਹਰ ਕੱਢਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਸ ਦੌਰਾਨ ਇਕ ਸਰਕਾਰੀ ਥੀਏਟਰ ਅਤੇ ਵਪਾਰਕ ਅਦਾਰਿਆਂ ਨੂੰ ਮਾਮੂਲੀ ਨੁਕਸਾਨ ਪਹੁੰਚਿਆ। ਉਨ੍ਹਾਂ ਕਿਹਾ ਕਿ ਮਸਬਾਤੇ ਸੂਬੇ 'ਚ 6 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਦਾ ਕੇਂਦਰ ਮਸਬਾਟੇ ਦੇ ਤੱਟੀ ਸ਼ਹਿਰ ਬਾਟੂਆਨ ਤੋਂ ਲਗਭਗ 11 ਕਿਲੋਮੀਟਰ ਪੱਛਮ ਵਿੱਚ 10 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ।
ਹਾਲਾਂਕਿ ਇਸ ਕਾਰਨ ਕਿਸੇ ਜਾਨੀ ਜਾਂ ਕਿਸੇ ਵੱਡੇ ਨੁਕਸਾਨ ਦੀ ਤੁਰੰਤ ਕੋਈ ਸੂਚਨਾ ਨਹੀਂ ਹੈ। ਮਸਬਾਟੇ ਦੇ ਸੂਬਾਈ ਆਫ਼ਤ ਪ੍ਰਬੰਧਨ ਅਧਿਕਾਰੀ ਅਡੋਨਿਸ ਦਿਲਾਓ ਨੇ ਕਿਹਾ ਕਿ ਭੂਚਾਲ ਅੱਧੀ ਰਾਤ ਨੂੰ ਆਇਆ। ਰੈੱਡ ਕਰਾਸ ਦੇ ਅਧਿਕਾਰੀ ਐੱਮ.ਜੇ. ਓਕਸੇਮਰ ਮੁਤਾਬਕ ਪਹਿਲਾ ਝਟਕਾ ਅਸਲ ਵਿੱਚ ਜ਼ਬਰਦਸਤ ਸੀ। ਇਸ ਤੋਂ ਬਾਅਦ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਨਾਲ ਮੈਂ ਅਤੇ ਮੇਰਾ ਬੱਚਾ ਜਾਗ ਪਏ। ਦਿਲਾਓ ਨੇ ਕਿਹਾ ਕਿ ਦਰਜਨਾਂ ਮਰੀਜ਼ਾਂ ਨੂੰ ਮਸਬਾਟੇ ਪ੍ਰੋਵਿੰਸ਼ੀਅਲ ਹਸਪਤਾਲ ਤੋਂ ਬਾਹਰ ਕੱਢਿਆ ਗਿਆ ਸੀ ਪਰ ਬਾਅਦ ਵਿੱਚ ਉਨ੍ਹਾਂ ਨੂੰ ਵਾਪਸ ਹਸਪਤਾਲ ਲਿਆਂਦਾ ਗਿਆ। ਉਨ੍ਹਾਂ ਦੱਸਿਆ ਕਿ ਭੂਚਾਲ ਕਾਰਨ ਹਸਪਤਾਲ ਦੀ ਤਿੰਨ ਮੰਜ਼ਿਲਾ ਇਮਾਰਤ ਵਿੱਚ ਕੁਝ ਤਰੇੜਾਂ ਆ ਗਈਆਂ ਹਨ। ਉਨ੍ਹਾਂ ਕਿਹਾ ਕਿ ਮਸਬਾਟੇ ਕਸਬੇ ਵਿੱਚ ਇੱਕ ਛੋਟੇ ਸਰਕਾਰੀ ਥੀਏਟਰ ਦੀ ਛੱਤ ਦਾ ਕੁਝ ਹਿੱਸਾ ਵੀ ਨੁਕਸਾਨਿਆ ਗਿਆ ਅਤੇ ਕੁਝ ਵਪਾਰਕ ਅਦਾਰਿਆਂ ਵਿੱਚ ਤਰੇੜਾਂ ਆ ਗਈਆਂ। ਇਸ ਤੋਂ ਪਹਿਲਾਂ 1990 'ਚ ਫਿਲੀਪੀਨਜ਼ 'ਚ 7.7 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ 'ਚ ਕਰੀਬ 2 ਹਜ਼ਾਰ ਲੋਕਾਂ ਦੀ ਮੌਤ ਹੋ ਗਈ ਸੀ।
ਲੀਬੀਆ : ਯਾਤਰੀਆਂ ਨਾਲ ਭਰੀ ਕਿਸ਼ਤੀ ਹਾਦਸਾਗ੍ਰਸਤ, 73 ਪ੍ਰਵਾਸੀਆਂ ਦੇ ਮਾਰੇ ਜਾਣ ਦਾ ਖਦਸ਼ਾ
NEXT STORY