ਅਦੀਸ ਅਬਾਬਾ (ਬਿਊਰੋ)— ਇਥੋਪੀਅਨ ਏਅਰਲਾਈਨ ਦੇ ਬਲੈਕ ਬਾਕਸ ਦਾ ਡਾਟਾ ਬੀਤੇ ਹਫਤੇ ਡਿਟੋਡ ਹੋਇਆ ਸੀ। ਇਸ ਡਾਟਾ ਤੋਂ ਪਤਾ ਚੱਲਿਆ ਹੈ ਕਿ ਇਥੋਪੀਅਨ ਜਹਾਜ਼ ਹਾਦਸੇ ਅਤੇ ਬੀਤੇ ਸਾਲ ਅਕਤੂਬਰ ਵਿਚ ਵਾਪਰੇ ਲਿਓਨ ਏਅਰ ਜਹਾਜ਼ ਹਾਦਸੇ ਵਿਚਾਲੇ ਸਪੱਸ਼ਟ ਸਮਾਨਤਾਵਾਂ ਹਨ। ਦੋਵੇਂ ਹਾਦਸਾਗ੍ਰਸਤ ਜਹਾਜ਼ ਬੋਇੰਗ 737 ਮੈਕਸ8 ਦੇ ਸਨ। ਇਸ ਗੱਲ ਦੀ ਜਾਣਕਾਰੀ ਇਥੋਪੀਆ ਦੀ ਆਵਾਜਾਈ ਮੰਤਰੀ ਨੇ ਸ਼ਨੀਵਾਰ ਨੂੰ ਦਿੱਤੀ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ।
ਉਨ੍ਹਾਂ ਨੇ ਕਿਹਾ ਕਿ 30 ਦਿਨਾਂ ਵਿਚ ਜਾਰੀ ਹੋਣ ਵਾਲੀ ਸ਼ੁਰੂਆਤੀ ਰਿਪੋਰਟ ਵਿਚ ਦੋਵੇਂ ਜਹਾਜ਼ ਹਾਦਸਿਆਂ ਦੀਆਂ ਸਮਾਨਤਾਵਾਂ ਦੀ ਵੀ ਜਾਂਚ ਕੀਤੀ ਜਾਵੇਗੀ। ਇਹ ਬਿਆਨ ਇਥੋਪੀਅਨ ਜਹਾਜ਼ ਹਾਦਸੇ ਦੇ ਕਰੀਬ ਇਕ ਹਫਤੇ ਬਾਅਦ ਆਇਆ ਹੈ। ਇਥੋਪੀਅਨ ਏਅਰਲਾਈਨਜ਼ ਦਾ ਬੋਇੰਗ 737 ਮੈਕਸ8 ਜਹਾਜ਼ ਰਾਜਧਾਨੀ ਅਦੀਸ ਅਬਾਬਾ ਤੋਂ ਨੈਰੋਬੀ ਲਈ ਉਡਾਣ ਭਰਨ ਦੇ ਕੁਝ ਮਿੰਟਾਂ ਬਾਅਦ ਹੀ ਹਾਦਸਾਗ੍ਰਸਤ ਹੋ ਗਿਆ ਸੀ। ਜਿਸ ਵਿਚ ਸਵਾਰ ਸਾਰੇ 157 ਲੋਕਾਂ ਦੀ ਮੌਤ ਹੋ ਗਈ ਸੀ। ਇਸ ਘਟਨਾ ਦੇ ਮਗਰੋਂ ਦੁਨੀਆਭਰ ਦੇ ਦੇਸ਼ਾਂ ਨੇ ਆਪਣੇ ਇੱਥੇ ਬੋਇੰਗ ਦੀਆਂ ਸੇਵਾਵਾਂ 'ਤੇ ਰੋਕ ਲਗਾ ਦਿੱਤੀ ਸੀ। ਪਹਿਲਾਂ ਅਮਰੀਕੀ ਫੈਡਰਲ ਹਵਾਬਾਜ਼ੀ ਅਥਾਰਿਟੀ (ਐੱਫ.ਏ.ਏ.) ਅਤੇ ਬੋਇੰਗ ਜਹਾਜ਼ ਨੂੰ ਸੁਰੱਖਿਅਤ ਦੱਸ ਰਹੇ ਸਨ ਪਰ ਬਾਅਦ ਵਿਚ ਅਮਰੀਕਾ ਨੇ ਵੀ ਇਸ ਦੀਆਂ ਸੇਵਾਵਾਂ 'ਤੇ ਰੋਕ ਲਗਾ ਦਿੱਤੀ ਸੀ।
ਇਨ੍ਹਾਂ ਹਾਦਸਿਆਂ ਨੇ ਹਵਾਬਾਜ਼ੀ ਅਧਿਕਾਰੀਆਂ ਅਤੇ ਏਅਰਲਾਈਜ਼ ਨੂੰ ਦੋਹਾਂ ਘਟਨਾਵਾਂ ਵਿਚਾਲੇ ਸਮਾਨਤਾਵਾਂ 'ਤੇ ਸੋਚਣ ਲਈ ਮਜਬੂਰ ਕਰ ਦਿੱਤਾ। ਲਿਓਨ ਏਅਰ ਦਾ ਬੋਇੰਗ ਜਹਾਜ਼ ਵੀ ਉਡਾਣ ਭਰਨ ਦੇ ਕੁਝ ਮਿੰਟ ਬਾਅਦ ਹੀ ਹਾਦਸਾਗ੍ਰਸਤ ਹੋ ਗਿਆ ਸੀ । ਇਸ ਹਾਦਸੇ ਵਿਚ 189 ਲੋਕਾਂ ਦੀ ਮੌਤ ਹੋਈ ਸੀ। ਇਨ੍ਹਾਂ ਹਾਦਸਿਆਂ ਵਿਚ ਕਾਫੀ ਸਮਾਨਤਾਵਾਂ ਦੇਖੀਆਂ ਗਈਆਂ। ਦੋਵੇਂ ਜਹਾਜ਼ ਉਡਾਣ ਭਰਨ ਦੇ ਕੁਝ ਮਿੰਟ ਬਾਅਦ ਹੀ ਹਾਦਸਾਗ੍ਰਸਤ ਹੋ ਗਏ। ਰਿਪੋਰਟ ਮੁਤਾਬਕ ਦੋਵੇਂ ਮਾਮਲਿਆਂ ਵਿਚ ਉਡਾਣ ਭਰਨ ਦੇ ਬਾਅਦ ਪਾਇਲਟ ਨੇ ਹਵਾਈ ਅੱਡੇ 'ਤੇ ਪਰਤਣ ਦੀ ਅਪੀਲ ਕੀਤੀ ਸੀ। ਪਾਇਲਟਾਂ ਨੇ ਜਹਾਜ਼ ਦੇ ਕੰਟਰੋਲ ਸਬੰਧੀ ਸਮੱਸਿਆ ਦਾ ਗੱਲ ਕਹੀ। ਇਨ੍ਹਾਂ ਸਮਾਨਤਾਵਾਂ ਨੇ ਏਅਰਲਾਈਨਜ਼ ਅਤੇ ਰੈਗੂਲੇਟਰਾਂ ਨੂੰ ਸਾਵਧਾਨ ਕਰ ਦਿੱਤਾ।
ਹਾਦਸਿਆਂ ਦੇ ਬਾਅਦ ਤੋਂ ਹੀ ਬੋਇੰਗ ਦੇ ਨਵੇਂ 737 ਮੈਕਸ ਮਾਡਲ ਵਿਚ ਲੱਗੇ ਮੈਨੋਵਰਿੰਗ ਕੈਰੇਕਟਰਸਟੀਕ ਔਗਮੇਨਟੇਸ਼ਨ ਸਿਸਟਮ (ਐੱਮ.ਸੀ.ਏ.ਐੱਸ.) 'ਤੇ ਵੀ ਸਵਾਲ ਖੜ੍ਹੇ ਹੋਣ ਲੱਗੇ ਸਨ। ਕੁਝ ਅਮਰੀਕੀ ਪਾਇਲਟਾਂ ਨੇ ਵੀ ਇਸ ਸਿਸਟਮ ਨੂੰ ਲੈ ਕੇ ਕਈ ਵਾਰ ਸ਼ਿਕਾਇਤ ਕੀਤੀ ਸੀ। ਲਿਓਨ ਏਅਰ ਜਹਾਜ਼ ਦੇ ਐਂਗਲ-ਇਨ-ਅਟੈਕ ਸੈਂਸਰ ਵਿਚ ਪਰੇਸ਼ਾਨੀ ਸੀ। ਇੰਡੋਨੇਸ਼ੀਆ ਵਿਚ ਹਾਦਸਾਗ੍ਰਸਤ ਹੋਏ ਲਿਓਨ ਏਅਰ ਦੇ ਜਹਾਜ਼ ਦੇ ਬਲੈਕ ਬਾਕਸ ਡਾਟਾ ਰਿਕਾਰਡਰ ਤੋਂ ਪਤਾ ਚੱਲਿਆ ਕਿ ਕ੍ਰੈਸ਼ ਜਹਾਜ਼ ਦੇ ਏਅਰਸਪੀਡ ਇੰਡੀਕੇਟਰ ਵਿਚ ਪਿਛਲੀਆਂ ਚਾਰ ਉਡਾਣਾਂ ਵਿਚ ਖਰਾਬੀ ਸੀ। ਉੱਧਰ ਇਥੋਪੀਅਨ ਏਅਰਲਾਈਨ ਦੇ ਹਾਦਸਾਗ੍ਰਸਤ ਜਹਾਜ਼ ਦਾ ਬਲੈਕ ਬਾਕਸ ਫਰਾਂਸ ਦੀ ਬੀ.ਈ.ਏ. ਏਅਰ ਸੇਫਟੀ ਏਜੰਸੀ ਨੂੰ ਸੌਂਪ ਦਿੱਤਾ ਗਿਆ ਹੈ। ਇਹ ਏਜੰਸੀ ਅਮਰੀਕੀ ਅਤੇ ਇਥੋਪੀਅਨ ਜਾਂਚ ਕਰਤਾਵਾਂ ਨਾਲ ਮਿਲ ਕੇ ਜਹਾਜ਼ ਹਾਦਸੇ ਹੋਣ ਦੇ ਕਾਰਨਾਂ ਦਾ ਪਤਾ ਲਗਾਏਗੀ।
ਨਿਊਜ਼ੀਲੈਂਡ 'ਚ 10 ਦਿਨ ਦੇ ਅੰਦਰ ਬਦਲੇਗਾ 'ਬੰਦੂਕ ਕਾਨੂੰਨ'
NEXT STORY