ਫਰਿਜ਼ਨੋ ,( ਨੀਟਾ ਮਾਛੀਕੇ)— ਜੀ. ਐਚ. ਜੀ. ਅਕੈਡਮੀ ਵੱਲੋਂ ਸਮੂਹ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ 'ਜਸਵੰਤ ਸਿੰਘ ਖਾਲੜਾ ਪਾਰਕ' ਫਰਿਜ਼ਨੋ ਵਿਖੇ 8ਵਾਂ ਸਲਾਨਾ ਵਿਰਾਸਤੀ ਖੇਡ ਮੇਲਾ ਅਤੇ ਪਰਿਵਾਰਕ ਪਿਕਨਿਕ ਇਸ ਸਾਲ 9 ਮਾਰਚ ਨੂੰ ਹੋਵੇਗੀ। ਇਸ ਸੰਬੰਧੀ ਅਕੈਡਮੀ ਵੱਲੋਂ ਸਹਿਯੋਗੀ ਮੈਂਬਰਾਂ ਲਈ ਰੱਖੇ ਗਏ ਦੁਪਹਿਰ ਦੇ ਖਾਣੇ ਦੌਰਾਨ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਸਮੇਂ ਬੱਚਿਆਂ ਨੇ ਮੰਨੋਰੰਜਨ ਲਈ ਗੀਤ ਗਾਏ ਅਤੇ ਖੇਡਾਂ ਖੇਡੀਆਂ। ਇਸ ਸਮੇਂ ਬੁਲਾਰਿਆਂ ਵਿੱਚ ਗੁਰਦੀਪ ਸ਼ੇਰਗਿੱਲ, ਬਸੰਤ ਸਿੰਘ ਧਾਲੀਵਾਲ, ਸੁਖਦੇਵ ਸਿੱਧੂ ਪਰਮਜੀਤ ਧਾਲੀਵਾਲ ਅਤੇ ਬਾਕੀ ਮੈਂਬਰਾਂ ਨੇ ਵਿਚਾਰਾਂ ਦੀ ਸਾਂਝ ਪਾਈ।
ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਅਤੇ ਬੱਚਿਆਂ ਨੂੰ ਆਪਣੇ ਸੱਭਿਆਚਾਰਕ ਵਿਰਸੇ ਨਾਲ ਜੋੜਨ ਲਈ ਨਵੇਂ ਪ੍ਰੋਗਰਾਮ ਉਲੀਕੇ ਗਏ ਹਨ। ਹਰ ਸਾਲ ਵਾਂਗ ਮਾਹੌਲ ਇਕ ਦੇਸੀ ਪੰਜਾਬੀ ਮੇਲੇ ਦੀ ਤਰ੍ਹਾਂ ਪੰਜਾਬੀ ਸੱਭਿਆਚਾਰ ਦੀ ਤਸਵੀਰ ਪੇਸ਼ ਕਰੇਗਾ। ਇਸ ਦੌਰਾਨ ਫਰੀ ਮੈਡੀਕਲ ਚੈੱਕਅੱਪ ਕੈਂਪ ਵੀ ਲਾਇਆ ਜਾਵੇਗਾ। ਇਸ ਵਿਰਾਸਤੀ ਖੇਡ ਮੇਲੇ 'ਚ ਬੱਚਿਆਂ ਵੱਲੋਂ ਪੰਜਾਬੀ ਵਿਰਾਸਤੀ ਖੇਡਾਂ ਜਿਨ੍ਹਾਂ ਵਿੱਚ ਘੋੜਾ ਕਬੱਡੀ, ਪਿੱਠੂ, ਸਟਾਪੂ, ਬੰਟੇ, ਨਿੱਬੂ ਰੇਸ, ਗੁੱਲੀ ਡੰਡਾ, ਰੁਮਾਲ ਚੁੱਕਣਾ, ਬਾਂਦਰ-ਕੀਲਾ, ਖੋ-ਖੋ, ਬੋਲੀਆਂ ਮੁਕਾਬਲਾ, ਤਾਸ਼ ਦੀ ਖੇਡ ਅਤੇ ਹੋਰ ਖੇਡਾਂ ਦਾ ਭਰਪੂਰ ਪ੍ਰਦਰਸ਼ਨ ਕੀਤਾ ਜਾਵੇਗਾ ਜਦ ਕਿ ਸਥਾਨਕ ਬਾਬਿਆਂ ਦੇ ਗਰੁੱਪਾਂ ਵੱਲੋਂ ਵੀ ਤਾਸ਼ ਦੀ ਸੀਪ ਖੇਡ ਦੇ ਮੁਕਾਬਲੇ ਦਿਖਾਏ ਜਾਣਗੇ। ਇਸੇ ਦੌਰਾਨ ਔਰਤਾਂ ਵੱਲੋਂ ਵੀ ਚਾਟੀ ਰੇਸ, ਮਿਊਜ਼ੀਕਲ ਚੇਅਰ, ਗੀਤ ਅਤੇ ਬੋਲੀਆਂ ਆਦਿ ਦੇ ਮੁਕਾਬਲੇ ਹੋਣਗੇ। ਇਸ ਤੋਂ ਇਲਾਵਾ ਬਾਸਕਟਬਾਲ, ਵਾਲੀਬਾਲ ਅਤੇ ਸਾਕਰ ਦੇ ਮੁਕਾਬਲੇ ਵੀ ਹੋਣਗੇ। ਬਜ਼ੁਰਗਾਂ ਵੱਲੋਂ ਆਪਣੀ ਰੱਸਾਕਸੀ ਦੇ ਜੌਹਰ ਵੀ ਦਿਖਾਏ ਜਾਣਗੇ। ਇਸ ਮੌਕੇ 1972 ਉਲੰਪਕ ਦੇ 'ਟਰਿੱਪਲ ਜੰਪ' ਜੇਤੂ ਸ. ਮਹਿੰਦਰ ਸਿੰਘ ਗਿੱਲ ਦਾ ਸਨਮਾਨ ਕੀਤਾ ਜਾਵੇਗਾ। ਸਮੁੱਚੇ ਪ੍ਰੋਗਰਾਮ ਦੌਰਾਨ ਹਾਜ਼ਰੀਨ ਲਈ ਜਲੇਬੀਆਂ, ਪਕੌੜਿਆਂ ਅਤੇ ਹੋਣ ਫਰੂਟ ਆਦਿਕ ਦੇ ਲੰਗਰਾਂ ਦੇ ਖੁੱਲ੍ਹੇ ਪ੍ਰਬੰਧ ਹੋਣਗੇ। ਪ੍ਰਬੰਧਕਾਂ ਵੱਲੋਂ ਸਮੁੱਚੇ ਭਾਈਚਾਰੇ ਨੂੰ ਇਸ ਮੇਲੇ ਵਿੱਚ ਸਾਮਲ ਹੋਣ ਦੀ ਅਪੀਲ ਕੀਤੀ ਗਈ। ਇਸ ਸਮੇਂ ਹਾਜ਼ਰ ਸ਼ਖ਼ਸੀਅਤਾਂ ਵਿੱਚ ਉਦੈਦੀਪ ਸਿੱਧੂ, ਪਰਮਜੀਤ ਧਾਲੀਵਾਲ, ਗੁਰਪ੍ਰੀਤ ਸ਼ੇਰਗਿੱਲ, ਬਸੰਤ ਧਾਲੀਵਾਲ, ਸੁਖਦੇਵ ਸਿੱਧੂ, ਸੁਖਮਿੰਦਰ ਸਰੋਏ, ਜਗਰੂਪ ਧਾਲੀਵਾਲ, ਅਰਵਿੰਦਰ ਕਾਹਲੋ, ਪ੍ਰੀਤ ਗਿੱਲ, ਸੁਰਜੀਤ ਸਿੰਘ ਨਾਗੀ ਆਦਿਕ ਬਹੁਤ ਸਾਰੇ ਅਣਥੱਕ ਮੈਂਬਰਾਂ ਨੇ ਪਰਿਵਾਰਾਂ ਸਮੇਤ ਹਿੱਸਾ ਲਿਆ।
ਭਾਰਤੀ ਮੂਲ ਦੇ ਸ਼ਖਸ ਨੂੰ ਝੂਠੀ ਅਫਵਾਹ ਫੈਲਾਉਣ ਦੇ ਮਾਮਲੇ 'ਚ ਜੇਲ
NEXT STORY