ਮੈਲਬੌਰਨ/ਐਡੀਲੇਡ- (ਮਨਦੀਪ ਸਿੰਘ ਸੈਣੀ/ਕਰਨ ਬਰਾੜ)- ਬੀਤੇ ਦਿਨੀਂ ਦੱਖਣੀ ਆਸਟ੍ਰੇਲੀਆ ਸੂਬੇ ਦੇ ਖ਼ੂਬਸੂਰਤ ਸ਼ਹਿਰ ਐਡੀਲੇਡ ਵਿਖੇ ਪ੍ਰਸਿੱਧ ਲੇਖਕ, ਕਾਲਮ ਨਵੀਸ ਰਿਸਰਚਰ ਗੱਜਣਵਾਲਾ ਸੁਖਮਿੰਦਰ ਨਾਲ ਪੰਜਾਬ ਦੇ ਹਵਾਲੇ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਪਤਵੰਤੇ ਸੱਜਣਾਂ ਨੇ ਗੱਜਣਵਾਲਾ ਸੁਖਮਿੰਦਰ ਨੂੰ ਉਨਾਂ ਦੀਆਂ ਇਤਿਹਾਸਕ ਤੇ ਸਾਹਿਤਕ, ਕਾਰਗੁਜ਼ਾਰੀਆਂ ਵਾਸਤੇ ਸਨਮਾਨਿਤ ਕੀਤਾ।
ਉਹਨਾਂ ਪੰਜਾਬ ਦੇ ਸਿਆਸੀ ਹਾਲਾਤ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਅਜੋਕੇ ਸਮੇਂ ‘ਚ ਗੈਰ ਸਿਆਸੀ ਸਿੱਖ ਬੁੱਧੀਜੀਵੀਆਂ ਨਾਲ ਕੀਤੀਆਂ ਜਾ ਰਹੀਆਂ ਮੁਲਾਕਾਤਾਂ ਸਿਆਸੀ ਭਵਿੱਖ ਪ੍ਰਤੀ ਕੇਜਰੀਵਾਲ ਦੀ ਚੜ੍ਹਤ ਦਾ ਸੰਭਾਵੀ ਤੌਖਲਾ ਹੈ। ਪਿਛਲੇ ਮਹੀਨਿਆਂ 'ਚ ਮੁਕੰਮਲ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਨੂੰ ਹਾਸਲ ਕਰਨ ਦਾ ਬੀ.ਜੇ.ਪੀ. ਨੇ ਜੋ ਮਨਸੂਬਾ ਰਚਿਆ ਸੀ, ਉਸ ਨੂੰ ਕੇਜਰੀਵਾਲ ਨੇ ਬੁਰੀ ਤਰ੍ਹਾਂ ਮਨਫੀ ਕਰ ਦਿੱਤਾ। ਨਰਿੰਦਰ ਮੋਦੀ ਦੇ ਸਿਆਸੀ ਕੈਂਪ ਦੀ ਧਾਰਨਾ ਹੈ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਅਣਕਿਆਸੀ ਵਿਸ਼ਾਲ ਜਿੱਤ ਪਿੱਛੇ ਆਮ ਪੰਜਾਬੀ ਜਨ-ਸਮੂਹ ਹੈ, ਜਦ ਕਿ ਪੰਜਾਬ ਦਾ ਵੱਡਾ ਧਾਰਮਿਕ ਵਰਗ, ਦਾਨਿਸ਼ਵਰ ਵਰਗ ਤੇ ਗੰਭੀਰ ਚਿੰਤਨ ਬੁੱਧੀਜੀਵੀ ਵਰਗ ਕੇਜਰੀਵਾਲ ਦੀ ਵਿਚਾਰਧਾਰਾ ਨਾਲ ਓਨਾ ਸਹਿਮਤ ਨਹੀਂ, ਬਲਕਿ ਅੱਜ ਵੀ ਉਸ ਦੇ ਬਰਖ਼ਿਲਾਫ਼ ਵੱਖਰੀ ਸੋਚ ਰੱਖ ਰਿਹਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਸਿੱਖ ਬੁੱਧੀਜੀਵੀ ਵਰਗ ਨਾਲ ਹੋ ਰਹੀਆਂ ਬੈਠਕਾਂ ਇਹ ਦਰਸਾਉਂਦੀਆਂ ਹਨ ਕਿ ਉਹ ਇਸ ਖ਼ਾਸ ਖਿੱਤੇ ਪੰਜਾਬ ਦੇ ਖ਼ਾਸ ਵਰਗ ਨੂੰ ਵਿਸ਼ੇਸ਼ ਸਹੂਲਤਾਂ ਦੇ ਕੇ ਅਤੇ ਉਨ੍ਹਾਂ ਦੀਆਂ ਬੁਨਿਆਦੀ ਮੰਗਾਂ ਪੂਰੀਆਂ ਕਰ ਕੇ ਆਪਣੇ ਨਾਲ ਜੋੜਨ ਲਈ ਪੁਰਜ਼ੋਰ ਕੋਸ਼ਿਸ਼ ਵਿਚ ਹਨ। ਗੱਜਣਵਾਲਾ ਸੁਖਮਿੰਦਰ ਨਾਲ ਵਿਚਾਰ ਵਟਾਂਦਰਾ ਕਰਨ ਲਈ ਪਰਮਜੀਤ ਸਿੰਘ ਮਾਵੀ, ਜਰਨੈਲ ਤੂਰ, ਰਛਪਾਲ ਸਿੰਘ ਢਿੱਲੋਂ, ਸੁਖਦੀਪ ਸਿੰਘ ਏ.ਟੀ.ਓ ਮੈਲਬਰਨ, ਹਰਬੰਸ ਸਿੰਘ ਗਿੱਲ, ਚਰਨਜੀਤ ਸ਼ਰਮਾ ਸਮੇਤ ਕਈ ਸ਼ਖਸ਼ੀਅਤਾਂ ਹਾਜ਼ਰ ਸਨ।
ਬ੍ਰਾਜ਼ੀਲ 'ਚ ਬਣਾਇਆ ਗਿਆ ਯਿਸੂ ਮਸੀਹ ਦਾ 141 ਫੁੱਟ ਉੱਚਾ 'ਬੁੱਤ', ਛਾਤੀ 'ਚ ਬਣੀ 'ਹਾਰਟ ਬਾਲਕੋਨੀ' (ਤਸਵੀਰਾਂ)
NEXT STORY