ਨਿਊਯਾਰਕ (ਰਾਜ ਗੋਗਨਾ)— ਅਮਰੀਕਾ ਦੇ ਸੂਬੇ ਓਹਾਈਓ ਦੇ ਸ਼ਹਿਰ ਸਿਨਸਿਨਾਟੀ ਦੀ ਜ਼ੇਵੀਅਰ ਯੂਨੀਵਰਸਿਟੀ ਵਿਖੇ ਬੀਤੇ ਦਿਨ ਪੰਜਵਾਂ ਸਲਾਨਾ “ਫੈਸਟੀਵਲ ਆਫ ਫੇਥਸ” (ਵਿਸ਼ਵ ਧਰਮ ਸੰਮੇਲਨ) ਦਾ ਆਯੋਜਨ ਕੀਤਾ ਗਿਆ। ‘ਇਕੁਏਜ਼ਨ’ ਸੰਸਥਾ ਵਲੋਂ ਕਰਵਾਏ ਜਾਂਦੇ ਇਸ ਸੰਮੇਲਨ ਵਿਚ 13 ਪ੍ਰਮੁੱਖ ਵਿਸ਼ਵ ਧਰਮਾਂ ਦੇ ਲੋਕ ਅਤੇ 30 ਤੋਂ ਵੱਧ ਧਾਰਮਿਕ ਸੰਸਥਾਵਾਂ ਇਕ ਵਾਰ ਫਿਰ ਇਕਜੁੱਟ ਹੋਈਆਂ ਅਤੇ ਵੱਖ-ਵੱਖ ਧਰਮਾਂ, ਸਭਿਆਚਾਰਾਂ ਬਾਰੇ ਸਿੱਖਿਆ ਦੇਣ ਅਤੇ ਲੈਣ ਲਈ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋਏ।
ਸਿਨਸਿਨਾਟੀ ਅਤੇ ਨੇੜਲੇ ਸ਼ਹਿਰ ਡੇਟਨ ਦੇ ਸਿੱਖਾਂ ਨੇ ਇਸ ਸਮਾਗਮ ਵਿੱਚ ਹਿੱਸਾ ਲਿਆ। ਗੁਰੂ ਨਾਨਕ ਸੋਸਾਇਟੀ ਆਫ ਗ੍ਰੇਟਰ ਸਿਨਸਿਨਾਟੀ ਗੁਰਦੁਆਰਾ ਸਾਹਿਬ ਦੀ ਸੰਗਤ ਵਲੋਂ ਵੱਖ-ਵੱਖ ਧਰਮਾਂ ਦੇ ਆਏ ਹੋਏ ਹਜ਼ਾਰਾਂ ਮਹਿਮਾਨਾਂ ਲਈ ਲੰਗਰ ਦੀ ਵੀ ਸੇਵਾ ਕੀਤੀ ਗਈ। ਮਹਿਮਾਨਾਂ ਨੂੰ ਸਿੱਖ ਧਰਮ ਵਿਚ ਲੰਗਰ ਅਤੇ ਸੇਵਾ ਦੀ ਮਹੱਤਤਾ ਬਾਰੇ ਜਾਣ ਕੇ ਬਹੁਤ ਖੁਸ਼ੀ ਹੋਈ ਤੇ ਉਹਨਾਂ ਨੇ ਸਿੱਖਾਂ ਦਾ ਧੰਨਵਾਦ ਕੀਤਾ। ਗੁਰੂ ਨਾਨਕ ਸੋਸਾਇਟੀ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਅਮਰੀਕ ਸਿੰਘ ਦੇ ਕੀਰਤਨੀ ਜੱਥੇ ਨੇ ਗੁਰਬਾਣੀ ਦਾ ਕੀਰਤਨ ਗਾਇਨ ਕੀਤਾ।
ਸਿੱਖ ਪ੍ਰਦਰਸ਼ਨੀ ਵਿਚ ਪੁਸਤਕਾਂ ਤੋਂ ਇਲਾਵਾ ਸਿੱਖ ਧਰਮ ਬਾਰੇ ਜਾਣਕਾਰੀ ਦੇਣ ਲਈ ਪੰਜ ਕਕਾਰ ਰੱਖੇ ਗਏ। ਆਉਣ ਵਾਲੇ ਮਹਿਮਾਨਾਂ ਨੂੰ ਸਿੱਖ ਧਰਮ ਸੰਬੰਧੀ ਕਿਤਾਬਚੇ ਵੰਡੇ ਗਏ। ਆਏ ਹੋਏ ਮਹਿਮਾਨਾਂ ਦੇ ਦਸਤਾਰਾਂ ਸਜਾਈਆਂ ਗਈਆਂ। ਦਸਤਾਰ ਸਜਾ ਕੇ ਬੱਚੇ, ਵੱਡੇ, ਬਜ਼ੁਰਗ ਬਹੁਤ ਹੀ ਉਤਸ਼ਾਹਿਤ ਹੁੰਦੇ, ਤਸਵੀਰਾਂ ਖਿਚਵਾਉਂਦੇ ਅਤੇ ਸੰਮੇਲਨ ਵਿਚ ਘੁੰਮਦੇ ਰਹੇ। ਪ੍ਰਬੰਧਕਾਂ ਵਲੋਂ ਸੰਮੇਲਨ ਦੇ ਸਹਿ-ਚੇਅਰ ਜੈਪਾਲ ਸਿੰਘ, ਜਿਨ੍ਹਾਂ ਦਾ ਮਈ ਮਹੀਨੇ ਕੈਂਸਰ ਦੀ ਬਿਮਾਰੀ ਕਾਰਨ 41 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਸੀ, ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਸੰਮੇਲਨ ਦੇ ਕਾਰਜਕਾਰੀ ਡਾਇਰੈਟਕਰ ਚਿੱਪ ਹੈਰੋਡ ਨੇ ਕਿਹਾ ਕਿ ਭਾਗ ਲੈਣ ਵਾਲੀਆਂ ਸੰਸਥਾਵਾਂ ਵਿੱਚੋਂ ਸਭ ਤੋਂ ਪ੍ਰਮੁੱਖ ਸਾਡਾ ਸਥਾਨਕ ਸਿੱਖ ਭਾਈਚਾਰਾ ਹੈ, ਜਿਸ ਨੇ ਬੜੇ ਉਤਸ਼ਾਹ ਨਾਲ ਇਸ ਸੰਮੇਲਨ ਨੂੰ ਕਾਮਯਾਬ ਕਰਨ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ। ਇਸ ਦਾ ਕਾਰਨ ਸਾਡੇ ਸੰਸਥਾਪਕਾਂ ਵਿੱਚੋਂ ਇੱਕ ਜੈਪਾਲ ਸਿੰਘ ਹਨ, ਜਿਨ੍ਹਾਂ ਇਸ ਸਲਾਨਾ ਸੰਮੇਲਨ ਨੂੰ ਸ਼ੁਰੂ ਕਰਨ ਵਿੱਚ ਆਪਣਾ ਬਹੁਤ ਵੱਡਾ ਹਿੱਸਾ ਪਾਇਆ। ਇਸ ਨਾਲ ਸਿਨਸਿਨਾਟੀ ਦੇ ਵੱਖ-ਵੱਖ ਭਾਈਚਾਰਿਆਂ ਵਿੱਚ ਆਪਸੀ ਸਿੱਖਿਆ, ਸੰਬੰਧ, ਹਮਦਰਦੀ, ਸਮਝ ਅਤੇ ਪਿਆਰ ਪੈਦਾ ਹੋ ਰਿਹਾ ਹੈ। ਜੈਪਾਲ ਸਿੰਘ ਨੇ ਸਾਡੇ ਲਈ ਜੋ ਕੁੱਝ ਕੀਤਾ ਹੈ, ਉਸ ਲਈ ਅਸੀਂ ਹਮੇਸ਼ਾਂ ਉਨ੍ਹਾਂ ਦੇ ਰਿਣੀ ਰਹਾਂਗੇ।
ਸਵਰਗੀ ਜੈਪਾਲ ਸਿੰਘ ਦੀ ਪਤਨੀ ਅਸੀਸ ਕੌਰ ਨੇ ਆਏ ਹੋਏ ਮਹਿਮਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੈਪਾਲ ਨੇ ਹਮੇਸ਼ਾ ਵੱਖ-ਵੱਖ ਧਰਮਾਂ, ਭਾਈਚਾਰਿਆਂ ਵਿਚ ਆਪਸੀ ਸੰਬੰਧ, ਪਿਆਰ ਤੇ ਸਮਝ ਵਧਾਉਣ ਦੀ ਕੋਸ਼ਿਸ਼ ਕੀਤੀ। ਇਸ ਸੰਮੇਲਨ ਦੌਰਾਨ ਵਿਸਕਾਨਸਿਨ ਦੇ ਓਕ ਕਰੀਕ ਗੁਰਦੁਆਰਾ ਸਾਹਿਬ ਵਿੱਖੇ 10 ਸਾਲ ਪਹਿਲਾਂ ਇੱਕ ਗੋਰੇ ਕੱਟੜਪੰਥੀ ਸੰਗਠਨ ਦੇ ਬੰਦੂਕਧਾਰੀ ਵੱਲੋਂ ਮਾਰੇ ਗਏ 6 ਸਿੱਖਾਂ ਨੂੰ ਵੀ ਯਾਦ ਕੀਤਾ ਗਿਆ ਅਤੇ ਸ਼ਰਧਾਂਜਲੀ ਦਿੱਤੀ ਗਈ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਅਮਰੀਕ ਸਿੰਘ ਨੇ ਕਿਹਾ ਕਿ ਅੱਜ ਅਸੀਂ ਗੁਰੂ ਸਾਹਿਬ ਦਾ ਸੁਨੇਹਾ “ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰਹਾਈ॥”, ਇੱਥੇ ਆਏ ਹੋਏ ਵੱਖ-ਵੱਖ ਧਰਮਾਂ ਦੇ ਲੋਕਾਂ ਤੱਕ ਪਹੁੰਚਾਇਆ ਹੈ।
ਅਰਬ ਸਾਗਰ 'ਚ ਪਲਟਿਆ ਭਾਰਤੀ ਪੋਤ 'ਜਮਨਾ ਸਾਗਰ', ਪਾਕਿ ਜਲ ਸੈਨਾ ਨੇ ਚਾਲਕ ਮੈਂਬਰਾਂ ਨੂੰ ਬਚਾਇਆ
NEXT STORY