ਵੈਨਕੂਵਰ-ਦੇਸ਼ ਦੀ ਵੰਡ ਤੋਂ ਪਹਿਲਾਂ ਰਾਏਕੋਟ ਰਿਆਸਤ ਦੇ ਮਾਲਕ ਤੇ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਜਿਸ ਰਾਏ ਕੱਲ੍ਹਾ ਪਰਿਵਾਰ ਨੇ ਰਾਏਕੋਟ ਵਿਖੇ ਠਾਹਰ ਦਿੱਤੀ ਸੀ, ਉਸ ਪਰਿਵਾਰ ਦੇ ਮੌਜੂਦਾ ਵਾਰਿਸ ਰਾਏ ਅਜ਼ੀਜ਼ ਉੱਲਾ ਖ਼ਾਨ ਸਾਬਕਾ ਮੈਂਬਰ ਨੈਸ਼ਨਲ ਅਸੈਂਬਲੀ (ਪਾਕਿਸਤਾਨ) ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਭਾ ਮੌਕੇ ਅਕੀਦਤ ਦੇ ਫੁੱਲ ਭੇਟ ਕਰਦਿਆਂ ਕੈਨੇਡਾ ਦੇ ਸ਼ਹਿਰ ਸਰੀ ਤੋਂ ਵਿਸ਼ੇਸ਼ ਸੰਦੇਸ਼ ’ਚ ਦਿੱਤਾ। ਉਨ੍ਹਾਂ ਸੰਦੇਸ਼ ਦਿੰਦਿਆਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ, ਮਾਤਾ ਗੁਜਰੀ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਕੁਰਬਾਨੀ ਸਾਨੂੰ ਹੱਕ, ਸੱਚ ਤੇ ਇਨਸਾਫ਼ ਦੀ ਜੰਗ ਲੜਨ ਦੀ ਪ੍ਰੇਰਨਾ ਦਿੰਦੀ ਹੈ। ਪਾਕਿਸਤਾਨ ’ਚ ਮੈਂਬਰ ਨੈਸ਼ਨਲ ਅਸੈਂਬਲੀ ਰਹੇ ਰਾਏ ਅਜ਼ੀਜ਼ ਉੱਲਾ ਖ਼ਾਨ ਨੇ ਕਿਹਾ ਕਿ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਸੁਭਾਗਾ ਸਾਲ 2004 ਸੀ, ਜਦੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਤੀਜੀ ਸ਼ਤਾਬਦੀ ਵੇਲੇ ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਸ਼ੇਸ਼ ਤੌਰ ’ਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਡੇ ਪੁਰਖਿਆਂ ਨੂੰ ਬਖ਼ਸ਼ੀ ਬਖ਼ਸ਼ਿਸ਼ ਗੰਗਾ ਸਾਗਰ ਜੀ ਦੇ ਦਰਸ਼ਨਾਂ ਲਈ ਬੁਲਾਇਆ ਸੀ।
ਉਸ ਸਮੇਂ ਸ੍ਰੀ ਹਰਿਮੰਦਰ ਸਾਹਿਬ ਤੋਂ ਚਮਕੌਰ ਸਾਹਿਬ, ਫ਼ਤਹਿਗੜ੍ਹ ਸਾਹਿਬ ਸਰਹਿੰਦ ਅਤੇ ਆਲਮਗੀਰ ਸਾਹਿਬ ਤੋਂ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ (ਲੁਧਿਆਣਾ) ਤੱਕ ਗੰਗਾ ਸਾਗਰ ਦੇ ਸੰਗਤਾਂ ਨੂੰ ਦਰਸ਼ਨ ਕਰਵਾਏ ਗਏ ਸਨ। ਸੰਗਤਾਂ ਦੇ ਉਤਸ਼ਾਹ ਕਾਰਨ ਆਲਮਗੀਰ ਸਾਹਿਬ ਤੋਂ ਰਾਏਕੋਟ ਤੱਕ ਪੁੱਜਦਿਆਂ ਹੀ ਦਸ ਘੰਟੇ ਲੱਗੇ ਸਨ, ਜਦਕਿ ਇਹ ਸਫ਼ਰ ਆਮ ਤੌਰ ’ਤੇ ਸਿਰਫ਼ ਇੱਕ ਘੰਟੇ ਦਾ ਹੈ। ਰਾਏ ਸਾਹਿਬ ਨੇ ਕਿਹਾ ਕਿ ਦਸਮੇਸ਼ ਪਿਤਾ ਜੀ ਨੇ ਸਾਡੇ ਪਰਿਵਾਰ ’ਤੇ ਜੋ ਸੇਵਾ ਉਪਰੰਤ ਮਿਹਰਾਂ ਬਰਸਾਈਆਂ, ਉਸ ਕਾਰਨ ਅੱਜ ਵੀ ਸਾਨੂੰ ਸਮੂਹ ਪੰਜਾਬੀਆਂ ਵੱਲੋਂ ਇੱਜ਼ਤ ਅਫ਼ਜ਼ਾਈ ਤੇ ਉਸ ਦੀ ਪ੍ਰੇਰਨਾ ਅੱਗੇ ਤੋਰਦੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਹੰਦ ਦੀ ਜ਼ਾਲਮਾਨਾ ਕਾਰਵਾਈ ਨੇ ਸਿੱਖਾਂ ਸਿੱਖਾਂ ਤੇ ਮੁਸਲਮਾਨਾਂ ਦੀ ਆਤਮਾ ਨੂੰ ਹੀ ਜ਼ਖ਼ਮੀ ਨਹੀਂ ਸੀ ਕੀਤਾ ਸਗੋਂ ਇਨਸਾਨੀਅਤ ਨੂੰ ਵੀ ਸ਼ਰਮਸਾਰ ਕੀਤਾ।
ਰਾਏ ਅਜ਼ੀਜ਼ ਉੱਲਾ ਖ਼ਾਨ ਨੇ ਆਪਣਾ ਸੁਨੇਹਾ ਦਿੰਦਿਆਂ ਪੰਜਾਬੀ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੂੰ ਕਿਹਾ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸਬੰਧਿਤ ਦਿਹਾੜਿਆਂ ’ਚ ਉਨ੍ਹਾਂ ਦੀ ਭਾਵਨਾ ਪਹੁੰਚਾਈ ਜਾਵੇ ਤਾਂ ਜੋ ਮੈਂ ਵੀ ਇਸ ਮੌਕੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਸਲਾਮ ਕਰ ਸਕਾਂ।
ਪਾਕਿਸਤਾਨ 'ਚ ਕੋਵਿਡ ਦੇ 358 ਨਵੇਂ ਮਾਮਲੇ ਆਏ ਸਾਹਮਣੇ
NEXT STORY