ਇੰਟਰਨੈਸ਼ਨਲ ਡੈਸਕ : ਚੀਨ ਵਿੱਚ 'ਲਿਆਂਗਪੇਈ ਏਆਈ' (Liangpei AI) ਨਾਮਕ ਇੱਕ ਨਵਾਂ ਡੇਟਿੰਗ ਐਪ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ, ਜੋ ਆਪਣੇ ਯੂਜ਼ਰਾਂ ਨੂੰ ਵਿਆਹ ਦੀ ਗਾਰੰਟੀ ਵਾਲਾ ਅਨੋਖਾ ਆਫਰ ਦੇ ਰਿਹਾ ਹੈ। ਕੰਪਨੀ ਦਾ ਦਾਅਵਾ ਹੈ ਕਿ ਜੇਕਰ ਕਿਸੇ ਯੂਜ਼ਰ ਨੂੰ ਇਸ ਐਪ ਰਾਹੀਂ ਤਿੰਨ ਸਾਲਾਂ ਦੇ ਅੰਦਰ ਵਿਆਹ ਲਈ ਢੁਕਵਾਂ ਸਾਥੀ ਨਹੀਂ ਮਿਲਦਾ, ਤਾਂ ਉਸ ਦੀ ਪੂਰੀ ਮੈਂਬਰਸ਼ਿਪ ਫੀਸ ਵਾਪਸ ਕਰ ਦਿੱਤੀ ਜਾਵੇਗੀ।
ਏਆਈ (AI) ਕਿਵੇਂ ਲੱਭਦਾ ਹੈ ਸਾਥੀ?
ਇਸ ਐਪ 'ਤੇ ਰਜਿਸਟ੍ਰੇਸ਼ਨ ਦੌਰਾਨ ਯੂਜ਼ਰ ਨੂੰ ਏਆਈ ਨਾਲ ਲਗਭਗ 20 ਮਿੰਟ ਤੱਕ ਗੱਲਬਾਤ ਕਰਨੀ ਪੈਂਦੀ ਹੈ। ਇਸ ਦੌਰਾਨ ਏਆਈ ਯੂਜ਼ਰ ਦੀ ਪੜ੍ਹਾਈ, ਨੌਕਰੀ, ਪਰਿਵਾਰ, ਪਸੰਦ-ਨਾਪਸੰਦ, ਪੁਰਾਣੇ ਰਿਸ਼ਤਿਆਂ ਅਤੇ ਵਿਆਹ ਪ੍ਰਤੀ ਸੋਚ ਬਾਰੇ 25 ਦੇ ਕਰੀਬ ਸਵਾਲ ਪੁੱਛਦਾ ਹੈ। ਇਹ ਐਪ ਸਿਰਫ਼ ਫੋਟੋ ਜਾਂ ਉਮਰ ਦੇਖ ਕੇ ਨਹੀਂ, ਸਗੋਂ ਦੋਵਾਂ ਵਿਅਕਤੀਆਂ ਦੀ ਸੋਚ ਤੇ ਜੀਵਨ ਸ਼ੈਲੀ ਦੇ ਅਧਾਰ 'ਤੇ ਜੋੜੇ ਬਣਾਉਂਦਾ ਹੈ।
ਇੱਕ ਸਮੇਂ 'ਚ ਸਿਰਫ਼ ਇੱਕ ਵਿਅਕਤੀ ਨਾਲ ਗੱਲਬਾਤ
ਆਮ ਡੇਟਿੰਗ ਐਪਾਂ ਦੇ ਉਲਟ, ਇਸ ਐਪ ਵਿੱਚ ਯੂਜ਼ਰ ਇੱਕ ਸਮੇਂ ਵਿੱਚ ਸਿਰਫ਼ ਇੱਕ ਹੀ ਵਿਅਕਤੀ ਨਾਲ ਮੈਚ ਹੋ ਕੇ ਗੱਲਬਾਤ ਕਰ ਸਕਦਾ ਹੈ। ਜੇਕਰ ਰਿਸ਼ਤਾ ਅੱਗੇ ਵਧਣ ਦੀ ਸੰਭਾਵਨਾ ਨਾ ਹੋਵੇ, ਤਾਂ ਮੈਚ ਖ਼ਤਮ ਕਰਕੇ ਹੀ ਦੂਜੇ ਵਿਅਕਤੀ ਨਾਲ ਗੱਲ ਸ਼ੁਰੂ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਗੱਲਬਾਤ ਦੌਰਾਨ ਮਦਦ ਲਈ ਐਪ 'ਚ 'ਏਆਈ ਵਿੰਗਮੈਨ' (AI Wingman) ਦੀ ਸੁਵਿਧਾ ਵੀ ਦਿੱਤੀ ਗਈ ਹੈ, ਜੋ ਸਲਾਹ ਅਤੇ ਸੁਝਾਅ ਦਿੰਦਾ ਹੈ।
ਕੀ ਮਿਲੇਗੀ ਸਫਲਤਾ?
ਇਹ ਐਪ ਜੁਲਾਈ 2026 ਵਿੱਚ ਲਾਂਚ ਕੀਤਾ ਗਿਆ ਸੀ, ਇਸ ਲਈ ਤਿੰਨ ਸਾਲ ਦੀ ਸਮਾਂ-ਸੀਮਾ ਅਜੇ ਪੂਰੀ ਨਹੀਂ ਹੋਈ ਹੈ। ਇਸ ਕਰਕੇ ਪੈਸੇ ਵਾਪਸ ਮਿਲਣ ਦੇ ਦਾਅਵੇ ਦਾ ਅਸਲ ਨਤੀਜਾ ਆਉਣ ਵਾਲੇ ਸਮੇਂ ਵਿੱਚ ਹੀ ਸਾਹਮਣੇ ਆਵੇਗਾ। ਕੁਝ ਲੋਕ ਇਸ ਨੂੰ ਏਆਈ ਦੀ ਮਦਦ ਨਾਲ ਸਹੀ ਸਾਥੀ ਲੱਭਣ ਦਾ ਵਧੀਆ ਤਰੀਕਾ ਮੰਨ ਰਹੇ ਹਨ, ਜਦੋਂ ਕਿ ਦੂਜੇ ਪਾਸੇ ਕਈਆਂ ਦਾ ਮੰਨਣਾ ਹੈ ਕਿ ਪਿਆਰ ਅਤੇ ਵਿਆਹ ਸਿਰਫ਼ ਐਲਗੋਰਿਦਮ ਨਾਲ ਤੈਅ ਨਹੀਂ ਕੀਤੇ ਜਾ ਸਕਦੇ।
ਪਾਕਿਸਤਾਨ: ਘਰ ਦੇ ਬਾਹਰ ਹਥਿਆਰਬੰਦ ਹਮਲੇ 'ਚ ਪੁਲਸ ਅਧਿਕਾਰੀ ਦੀ ਮੌਤ, ਪਤਨੀ ਜ਼ਖ਼ਮੀ
NEXT STORY