ਵਾਸ਼ਿੰਗਟਨ : ਅਮਰੀਕੀ ਫ਼ੌਜੀਆਂ ਦੀ ਵਾਪਸੀ ਦੇ ਨਾਲ ਹੀ ਤਾਲਿਬਾਨੀਆਂ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਅਫਗਾਨਿਸਤਾਨ ਵਿਚ ਲਗਾਤਾਰ ਆਪਣਾ ਕੰਟਰੋਲ ਵਧਾਉਂਦਾ ਜਾ ਰਿਹਾ ਹੈ ਪਰ ਇਸ ਦੌਰਾਨ ਅਫਗਾਨ ਫ਼ੌਜੀਆਂ ਦੀ ਮਦਦ ਲਈ ਅਮਰੀਕੀ ਫ਼ੌਜ ਅੱਗੇ ਆਈ ਹੈ। ਅਫਗਾਨਿਸਤਾਨ ਤੋਂ ਜਾਂਦੇ-ਜਾਂਦੇ ਅਮਰੀਕਾ ਨੇ ਤਾਲਿਬਾਨ ਨੂੰ ਹੋਰ ਵੱਡਾ ਦਰਦ ਦਿੱਤਾ ਹੈ ਅਤੇ ਉਸ ਦੇ 5 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਅਮਰੀਕੀ ਫ਼ੌਜ ਨੇ ਪਿਛਲੇ ਕੁੱਝ ਦਿਨਾਂ ਵਿਚ ਅਫਗਾਨ ਸੁਰੱਖਿਆ ਫੋਰਸਾਂ ਦਾ ਸਮਰਥਨ ਕਰਨ ਲਈ ਅਫਗਾਨਿਸਤਾਨ ਵਿਚ ਹਵਾਈ ਹਮਲੇ ਕੀਤੇ ਹਨ। ਇਸ ਦੀ ਪੁਸ਼ਟੀ ਪੈਂਟਾਗਨ ਨੇ ਵੀਰਵਾਰ ਨੂੰ ਕੀਤੀ।
ਪੈਂਟਾਗਨ ਦੇ ਬੁਲਾਰੇ ਜੋਨ ਕਿਰਬੀ ਨੇ ਵੀਰਵਾਰ ਨੂੰ ਇਕ ਬਿਆਨ ਜਾਰੀ ਕਰਕੇ ਕਿਹਾ, ‘ਪਿਛਲੇ ਕਈ ਦਿਨਾਂ ਵਿਚ ਅਸੀਂ ਅਫਗਾਨ ਨੈਸ਼ਨਲ ਡਿਫੈਂਸ ਐਂਡ ਸਕਿਓਰਿਟੀ ਫੋਰਸਾਂ ਦਾ ਸਮਰਥਨ ਕਰਨ ਲਈ ਦੇਸ਼ ਭਰ ਵਿਚ ਤਾਲਿਾਬਾਨੀ ਠਿਕਾਣਿਆਂ ’ਤੇ ਹਵਾਈ ਹਮਲੇ ਕੀਤੇ।’ ਸਥਾਨਕ ਮੀਡੀਆ ਮੁਤਾਬਕ ਪਿਛਲੇ 3 ਦਿਨਾਂ ਵਿਚ ਅਫਗਾਨਿਸਤਾਨ ਦੇ ਕਈ ਸੂਬਿਆਂ ਵਿਚ ਅਮਰੀਕਾ ਨੇ ਹਵਾਈ ਹਮਲੇ ਕੀਤੇ ਹਨ ਅਤੇ ਇਨ੍ਹਾਂ ਹਵਾਈ ਹਮਲਿਆਂ ਵਿਚ ਘੱਟ ਤੋਂ ਘੱਟ 5 ਤਾਲਿਬਾਨ ਅੱਤਵਾਦੀ ਮਾਰੇ ਗਏ ਹਨ। ਕਈ ਟਵੀਟਸ ਵਿਚ ਅਫਗਾਨ ਪੱਤਰਕਾਰ ਬਿਲਾਲ ਸਰਵਰੀ ਨੇ ਦਾਅਵਾ ਕੀਤਾ ਹੈ ਕਿ ਤਾਲਿਬਾਨ ਨੂੰ ਨਿਸ਼ਾਨਾ ਬਣਾਉਣ ਵਾਲੇ ਹਵਾਈ ਹਮਲੇ ਅਮਰੀਕੀ ਫ਼ੌਜੀਆਂ ਵੱਲੋਂ ਕੀਤੇ ਗਏ ਹਨ।
ਅਮਰੀਕੀ ਜੁਆਇੰਟ ਚੀਫ ਆਫ ਸਟਾਫ਼ ਦੇ ਚੇਅਰਮੈਨ ਮਾਰਕ ਮਿਲੀ ਨੇ ਕਿਹਾ ਕਿ ਤਾਲਿਬਾਨ ਨੇ ਦੇਸ਼ ਦੇ ਕੁੱਲ 419 ਜ਼ਿਲ੍ਹਿਆਂ ਵਿਚੋਂ ਕਰੀਬ ਅੱਧੇ 210 ਜ਼ਿਲ੍ਹਿਆ ’ਤੇ ਆਪਣਾ ਕੰਟਰੋਲ ਕਰ ਲਿਆ ਹੈ ਅਤੇ ਕਈ ਹਿੱਸਿਆਂ ਵਿਚ ਅਫਗਾਨ ਸੁਰੱਖਿਆ ਫੋਰਸਾਂ ਨਾਲ ਉਸ ਦਾ ਸੰਘਰਸ਼ ਚੱਲ ਰਿਹਾ ਹੈ। ਪੈਂਟਾਗਨ ਨੇ ਕਿਹਾ ਕਿ ਅਫਗਾਨਿਸਤਾਨ ਤੋਂ ਅਮਰੀਕੀ ਫੋਰਸਾਂ ਦੀ ਵਾਪਸੀ ਦੀ ਪ੍ਰਕਿਰਿਆ 95 ਫ਼ੀਸਦੀ ਪੂਰੀ ਹੋ ਚੁੱਕੀ ਹੈ ਅਤੇ ਇਹ 31 ਅਗਸਤ ਤੱਕ ਸਮਾਪਤ ਹੋ ਜਾਏਗੀ।
9 ਚੀਨੀ ਇੰਜੀਨੀਅਰਾਂ ਦੀ ਮੌਤ ਨਾਲ ਨਾਰਾਜ਼ ਚੀਨ ਨੇ ਕਈ ਪ੍ਰਾਜੈਕਟਾਂ 'ਤੇ ਰੋਕਿਆ ਕੰਮ
NEXT STORY