ਉੱਤਰੀ ਕੈਰੋਲੀਨਾ(ਏਜੰਸੀ)— ਅਮਰੀਕਾ ਦੇ ਉੱਤਰੀ ਕੈਰੋਲੀਨਾ 'ਚ ਤੂਫਾਨ ਫਲੋਰੈਂਸ ਸ਼ੁੱਕਰਵਾਰ ਨੂੰ ਸਮੁੰਦਰੀ ਤਟ ਨਾਲ ਟਕਰਾਇਆ ਅਤੇ ਇਸ ਮਗਰੋਂ ਪਏ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਕਾਫੀ ਤਬਾਹੀ ਹੋਈ ਹੈ। ਤੂਫਾਨ ਕਾਰਨ ਹੁਣ ਤਕ 5 ਲੋਕਾਂ ਦੀ ਮੌਤ ਹੋ ਗਈ ਅਤੇ ਜਨ ਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਗਿਆ। ਵਿਲਮਿੰਗਟਨ 'ਚ ਤੂਫਾਨ ਕਾਰਨ ਦਰੱਖਤ ਡਿੱਗਣ ਕਾਰਨ ਇਕ ਔਰਤ ਅਤੇ ਉਸ ਦੇ ਬੱਚੇ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਦਰੱਖਤ ਉਨ੍ਹਾਂ ਦੇ ਘਰ 'ਤੇ ਡਿੱਗ ਗਿਆ ਸੀ ਜਿਸ 'ਚ ਮਾਂ ਅਤੇ ਉਸ ਦੇ ਬੱਚੇ ਦੀ ਮੌਤ ਹੋ ਗਈ ਜਦ ਕਿ ਉਸ ਦੇ ਪਿਤਾ ਨੂੰ ਜ਼ਖਮੀ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

ਉੱਤਰੀ ਕੈਰੋਲੀਨਾ ਦੇ ਪੇਂਡਰ ਕਾਊਂਟੀ 'ਚ ਇਕ ਮਹਿਲਾ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮੈਡੀਕਲ ਟੀਮ ਨੇ ਮਹਿਲਾ ਤਕ ਪੁੱਜਣ ਦੀ ਕੋਸ਼ਿਸ਼ ਕੀਤੀ ਪਰ ਸੜਕਾਂ 'ਤੇ ਪਏ ਮਲਬੇ ਕਾਰਨ ਮੈਡੀਕਲ ਟੀਮ ਮਹਿਲਾ ਤਕ ਨਾ ਪੁੱਜ ਸਕੀ। ਰਾਸ਼ਟਰੀ ਤੂਫਾਨ ਕੇਂਦਰ ਮੁਤਾਬਕ ਵਿਲਮਿੰਗਟਨ ਨੇੜੇ ਹਵਾ ਦੀ ਰਫਤਾਰ ਲਗਭਗ 150 ਕਿਲੋਮੀਟਰ ਪ੍ਰਤੀ ਘੰਟਾ ਰਹੀ।

ਤੂਫਾਨ ਕਾਰਨ 7,22,000 ਘਰਾਂ ਅਤੇ ਇਮਾਰਤਾਂ ਦੀ ਬਿਜਲੀ ਕੱਟ ਦਿੱਤੀ ਗਈ ਹੈ। ਪ੍ਰਸ਼ਾਸਨ ਮੁਤਾਬਕ ਤੂਫਾਨ ਕਾਰਨ ਲੱਖਾਂ ਲੋਕਾਂ ਨੂੰ ਕਈ ਹਫਤਿਆਂ ਤਕ ਬਿਨਾ ਬਿਜਲੀ ਦੇ ਰਹਿਣਾ ਪੈ ਸਕਦਾ ਹੈ। ਸਬੰਧਤ ਵਿਭਾਗਾਂ ਨੇ ਮੁੜ ਵਸੇਬੇ 'ਚ ਕਈ ਹਫਤੇ ਲੱਗਣ ਦੀ ਗੱਲ ਕੀਤੀ ਹੈ। ਤੂਫਾਨ ਕਾਰਨ ਉੱਤਰੀ ਕੈਰੋਲੀਨਾ ਅਤੇ ਦੱਖਣੀ ਕੈਰੋਲੀਨਾ 'ਚ ਇਕ ਮੀਟਰ ਤਕ ਮੀਂਹ ਦਾ ਸ਼ੱਕ ਪ੍ਰਗਟ ਕੀਤਾ ਗਿਆ ਹੈ। ਵ੍ਹਾਈਟ ਹਾਊਸ ਨੇ ਸ਼ੁੱਕਰਵਾਰ ਨੂੰ ਜਾਰੀ ਬਿਆਨ 'ਚ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਅਗਲੇ ਹਫਤੇ ਪ੍ਰਭਾਵਿਤ ਖੇਤਰ ਦਾ ਦੌਰਾ ਕਰਨ ਲਈ ਸਥਿਤੀ ਦਾ ਜਾਇਜ਼ਾ ਲੈਣਗੇ।
ਅਮਰੀਕੀ ਰਾਜਦੂਤ ਨਿੱਕੀ ਹੇਲੀ ਦੇ ਘਰ ਲੱਗੇ 35 ਲੱਖ ਦੇ ਪਰਦੇ
NEXT STORY