ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਕੁਝ ਹੀ ਸਮਾਂ ਬਚਿਆ ਹੈ। ਇਸ ਦੌਰਾਨ ਇਕ ਸਾਬਕਾ ਮਾਡਲ ਨੇ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ 'ਤੇ 1993 'ਚ ਉਸ ਨਾਲ ਛੇੜਛਾੜ ਕਰਨ ਦਾ ਦੋਸ਼ ਲਗਾਇਆ ਹੈ। 90 ਦੇ ਦਹਾਕੇ 'ਚ ਪ੍ਰੋਫੈਸ਼ਨਲ ਮਾਡਲ ਦੇ ਤੌਰ 'ਤੇ ਕੰਮ ਕਰਨ ਵਾਲੀ ਸਟੈਸੀ ਵਿਲੀਅਮਜ਼ ਨੇ ਕਿਹਾ ਕਿ ਉਹ ਮੁਲਜ਼ਮ ਯੌਨ ਅਪਰਾਧੀ ਜੈਫਰੀ ਐਪਸਟੀਨ ਦੇ ਜ਼ਰੀਏ ਟਰੰਪ ਨੂੰ ਮਿਲੀ ਸੀ ਤੇ ਇਹ ਘਟਨਾ ਨਿਊਯਾਰਕ ਦੇ ਟਰੰਪ ਟਾਵਰ 'ਤੇ ਵਾਪਰੀ ਸੀ। ਵਿਲੀਅਮਜ਼ ਨੇ ਇਸ ਦੁਖਦਾਈ ਘਟਨਾ ਨੂੰ ਟਰੰਪ ਅਤੇ ਐਪਸਟੀਨ ਵਿਚਕਾਰ ਟਵਿਸਟਡ ਗੇਮ ਦੱਸਿਆ। ਐਪਸਟੀਨ ਨੇ 2019 'ਚ ਜੇਲ੍ਹ 'ਚ ਖੁਦਕੁਸ਼ੀ ਕਰ ਲਈ ਸੀ।
ਪੈਨਸਿਲਵੇਨੀਆ ਦੇ ਮੂਲ ਨਿਵਾਸੀ 56 ਸਾਲਾ ਵਿਲੀਅਮਜ਼ ਨੇ ਸਰਵਾਈਵਰਜ਼ ਫਾਰ ਕਮਲਾ ਨਾਮਕ ਸਮੂਹ ਦੁਆਰਾ ਆਯੋਜਿਤ ਇੱਕ ਕਾਲ 'ਤੇ ਘਟਨਾ ਬਾਰੇ ਖੁਲਾਸਾ ਕੀਤਾ। ਇਹ ਸਮੂਹ 2024 ਦੀਆਂ ਚੋਣਾਂ 'ਚ ਡੈਮੋਕਰੇਟਿਕ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਦਾ ਸਮਰਥਨ ਕਰ ਰਿਹਾ ਹੈ। ਚੋਣਾਂ 5 ਨਵੰਬਰ ਨੂੰ ਹੋਣਗੀਆਂ। ਦੂਜੇ ਪਾਸੇ ਡੋਨਾਲਡ ਟਰੰਪ ਵੱਲੋਂ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ ਗਿਆ ਹੈ। ਉਨ੍ਹਾਂ ਦੀ ਟੀਮ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਾਲ ਝੂਠਾ ਦੱਸਿਆ ਹੈ ਅਤੇ ਕਿਹਾ ਹੈ ਕਿ ਇਹ ਦੋਸ਼ ਉਨ੍ਹਾਂ ਦੀ ਵਿਰੋਧੀ ਡੈਮੋਕ੍ਰੇਟਿਕ ਉਮੀਦਵਾਰ ਕਮਲਾ ਹੈਰਿਸ ਦੀ ਮੁਹਿੰਮ ਦੁਆਰਾ ਘੜੇ ਗਏ ਸਨ।
ਦਿ ਗਾਰਡੀਅਨ ਦੀ ਇੱਕ ਰਿਪੋਰਟ ਦੇ ਅਨੁਸਾਰ, ਵਿਲੀਅਮਜ਼ ਨੇ ਕਿਹਾ ਕਿ ਉਹ 1992 'ਚ ਇੱਕ ਕ੍ਰਿਸਮਿਸ ਪਾਰਟੀ 'ਚ ਟਰੰਪ ਨੂੰ ਮਿਲੀ ਸੀ ਜਦੋਂ ਐਪਸਟੀਨ, ਜਿਸ ਨਾਲ ਉਸਨੇ ਬਹੁਤ ਸਮੇਂ ਤਕ ਡੇਟ ਕੀਤੀ ਸੀ, ਨੇ ਉਸਨੂੰ ਮਿਲਵਾਇਆ। ਵਿਲੀਅਮਜ਼ ਨੇ ਦੋਸ਼ ਲਗਾਇਆ ਕਿ ਕੁਝ ਮਹੀਨਿਆਂ ਬਾਅਦ, ਐਪਸਟੀਨ ਨੇ ਸੁਝਾਅ ਦਿੱਤਾ ਕਿ ਉਹ ਨਿਊਯਾਰਕ ਦੇ ਟਰੰਪ ਟਾਵਰਜ਼ 'ਤੇ ਟਰੰਪ ਨੂੰ ਮਿਲਣ। ਵਿਲੀਅਮਜ਼ ਨੇ ਕਿਹਾ ਕਿ ਟਰੰਪ ਨੇ ਉਸ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ, ਪਰ ਜਦੋਂ ਉਹ ਵੱਖ-ਵੱਖ ਥਾਵਾਂ 'ਤੇ ਉਸ ਨੂੰ ਅਣਉਚਿਤ ਢੰਗ ਨਾਲ ਛੂਹਣ ਲੱਗਾ ਤਾਂ ਮੈਂ ਅਸਹਿਜ ਹੋ ਗਈ। ਟਰੰਪ ਟਾਵਰ ਤੋਂ ਨਿਕਲਣ ਤੋਂ ਬਾਅਦ, ਐਪਸਟੀਨ ਮੇਰੇ 'ਤੇ ਗੁੱਸੇ ਹੋ ਗਿਆ ਅਤੇ ਪੁੱਛਿਆ ਕਿ ਮੈਂ ਟਰੰਪ ਨੂੰ ਮੈਨੂੰ ਛੂਹਣ ਦੀ ਇਜਾਜ਼ਤ ਕਿਉਂ ਦਿੱਤੀ।
ਗਰੁੱਪ ਨਾਲ ਗੱਲ ਕਰਦੇ ਹੋਏ ਵਿਲੀਅਮਜ਼ ਨੇ ਕਥਿਤ ਕਾਲ 'ਤੇ ਕਿਹਾ ਕਿ ਮੈਂ ਸ਼ਰਮਿੰਦਾ ਮਹਿਸੂਸ ਕਰ ਰਹੀ ਸੀ। ਉਸ (ਟਰੰਪ) ਨੇ ਮੈਨੂੰ ਬਹੁਤ ਘਿਣਾਉਣਾ ਮਹਿਸੂਸ ਕਰਵਾਇਆ ਤੇ ਮੈਨੂੰ ਯਾਦ ਹੈ ਕਿ ਮੈਂ ਪੂਰੀ ਤਰ੍ਹਾਂ ਉਲਝਣ ਵਿਚ ਸੀ। ਉਸ ਤੋਂ ਬਾਅਦ ਮੈਂ ਐਪਸਟੀਨ ਨਾਲ ਰਿਸ਼ਤਾ ਤੋੜ ਲਿਆ। ਮੈਂ ਐਪਸਟੀਨ ਦੇ ਜਿਨਸੀ ਸ਼ੋਸ਼ਣ ਦੇ ਪੈਟਰਨ ਤੋਂ ਅਣਜਾਣ ਸੀ।
ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸਾਬਕਾ ਰਾਸ਼ਟਰਪਤੀ ਟਰੰਪ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗੇ ਹਨ। ਦਿ ਗਾਰਡੀਅਨ ਦੇ ਅਨੁਸਾਰ, ਦੋ ਦਰਜਨ ਤੋਂ ਵੱਧ ਔਰਤਾਂ ਨੇ ਪਹਿਲਾਂ ਉਸ 'ਤੇ ਇਸ ਤਰ੍ਹਾਂ ਦੇ ਵਿਵਹਾਰ ਦੇ ਦੋਸ਼ ਲਗਾਏ ਹਨ, ਜਿਸ 'ਚ ਕੁਝ ਸੁੰਦਰਤਾ ਮੁਕਾਬਲੇ ਪ੍ਰਤੀਯੋਗੀਆਂ ਦੇ ਚੇਂਜਿੰਗ ਰੂਮ 'ਚ ਸਹਿਮਤੀ ਤੋਂ ਬਿਨਾਂ ਚੁੰਮਣਾ, ਅਣਉਚਿਤ ਛੂਹਣਾ ਸ਼ਾਮਲ ਹੈ।
ਵਿਵਾਦਾਂ ਅਤੇ ਮਤਭੇਦਾਂ ਨੂੰ ਗੱਲਬਾਤ ਅਤੇ ਕੂਟਨੀਤੀ ਰਾਹੀਂ ਕੀਤਾ ਜਾਵੇ ਹੱਲ : ਜੈਸ਼ੰਕਰ
NEXT STORY