ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਸ਼ਹਿਰ ਫਰਿਜ਼ਨੋ ਦੇ ਪੰਜਾਬੀ ਹਾਕੀ ਕੋਚਾਂ ਦੀ ਮਿਹਨਤ ਨੂੰ ਉਸ ਸਮੇਂ ਬੂਰ ਪਿਆ, ਜਦੋਂ ਹਾਕੀ ਦਾ ਕੁੰਭ ਮੰਨੇ ਜਾਂਦੇ ਕੈਲ-ਕੱਪ ਟੂਰਨਾਮੈਂਟ ਲਾਸਏਜਲਸ ਵਿਖੇ ਫਰਿਜ਼ਨੋ ਦੀਆਂ ਚਾਰ ਹਾਕੀ ਟੀਮਾਂ ਨੇ ਭਾਗ ਲਿਆ। ਫਰਿਜ਼ਨੋ ਦੇ ਗੁਰਦਵਾਰਾ ਦਰਬਾਰ ਸ੍ਰੀ ਗੁਰੂ ਗ੍ਰੰਥ ਸਹਿਬ ਵਿਖੇ ਪਿਛਲੇ ਪੰਦਰਾਂ ਮਹੀਨਿਆਂ ਤੋਂ ਕੋਚ ਸੁਖਵਿੰਦਰ ਸਿੰਘ ਚੀਮਾ, ਅਮਨਜੋਤ ਸਿੰਘ ਹੁੰਦਲ਼ ਅਤੇ ਰਵੀ ਧਾਲੀਵਾਲ ਆਦਿ 6 ਸਾਲ ਤੋਂ ਲੈਕੇ 16 ਸਾਲ ਦੀ ਉਮਰ ਦੇ 40 ਤੋਂ ਵੱਧ ਖਿਡਾਰੀਆਂ ਨੂੰ ਹਾਕੀ ਦੀ ਟ੍ਰੇਨਿੰਗ ਦੇ ਰਹੇ ਹਨ। ਇਹਨਾਂ ਬੱਚਿਆਂ ਦੀ ਮਿਹਨਤ ਅਤੇ ਲਗਨ ਪਿਛਲੇ ਦਿਨੀ ਉਸ ਵਕਤ ਰੰਗ ਲਿਆਈ ਜਦੋਂ ਕੈਲੀਫੋਰਨੀਆ ਦੇ ਵੱਡੇ ਸਲਾਨਾ ਹਾਕੀ ਕੈਲ-ਕੱਪ ਟੂਰਨਾਮੈਂਟ ਵਿੱਚ ਇਹਨਾਂ ਬੱਚਿਆਂ ਦੀਆਂ ਚਾਰ ਟੀਮਾਂ (8 ਸਾਲ, 10 ਸਾਲ, 12 ਸਾਲ, 16 ਸਾਲ) ਨੇ ਸਫਲਤਾ ਦੇ ਝੰਡੇ ਗੱਡੇ।
8 ਸਾਲ ਵਾਲੀ ਹਾਕੀ ਟੀਮ ਨੇ ਸਾਰੀਆਂ ਟੀਮਾਂ ਨੂੰ ਹਰਾਕੇ ਗੋਲ਼ਡ ਮੈਡਲ ਜਿੱਤਿਆ। ਲਿਵਰਾਜ ਸਿੰਘ ਧਾਲੀਵਾਲ ਅਤੇ ਅਨਾਹਦ ਕੌਰ ਨੇ 40 ਗੋਲ ਦਾਗ ਕੇ ਦਰਸ਼ਕਾਂ ਦਾ ਧਿਆਨ ਖਿੱਚਿਆ। ਰਮਨਪ੍ਰੀਤ, ਏਕਨੂਰ ਬਰਾੜ, ਸ਼ਾਹਬਾਜ਼, ਰਵਨੀਤ, ਗਨੀਵ ਅਤੇ ਰੀਨਾ ਨੇ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕੀਤਾ। 10 ਸਾਲ ਵਾਲੀ ਬੱਚਿਆਂ ਦੀ ਟੀਮ ਚੌਥੇ ਸਥਾਨ 'ਤੇ ਰਹੀ। ਪ੍ਰਭਸ਼ਰਨ ਧਾਲੀਵਾਲ ਅਤੇ ਗੁਰਜੋਤ ਕੌਰ ਨੇ ਹਾਕੀ ਦੇ ਖ਼ੂਬ ਜੌਹਰ ਵਿਖਾਏ। 12 ਸਾਲ ਵਾਲੀਆਂ ਟੀਮਾਂ ਦੇ ਜ਼ਬਰਦਸਤ ਮੁਕਾਬਲਿਆਂ ਦੌਰਾਨ ਫਰਿਜ਼ਨੋ ਦੀ ਟੀਮ ਨੂੰ ਕਾਂਸੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਤੇਗਬੀਰ ਬੱਲ, ਗੁਰਮਨਦੀਪ ਬੱਲ, ਹਰਤੇਜ ਸਿੰਘ, ਦਿਲਜੋਤ ਸਿੰਘ, ਸੋਹੇਲ ਧਾਲੀਵਾਲ, ਅਰਮਾਨ ਸਿੰਘ ਅਤੇ ਗੋਲ ਕੀਪਰ ਜੋਤ ਪ੍ਰਕਾਸ਼ ਸਿੰਘ ਨੇ ਆਹਲਾ ਦਰਜੇ ਦੀ ਹਾਕੀ ਖੇਡੀ।
16 ਸਾਲ ਦੇ ਗੱਭਰੂਆਂ ਨੇ ਸ਼ਾਨਦਾਰ ਖੇਡ ਵਿਖਾਉਂਦਿਆਂ ਚਾਂਦੀ ਦਾ ਤਗ਼ਮਾ ਆਪਣੇ ਨਾਮ ਕੀਤਾ। ਇਸ ਟੀਮ ਵਿੱਚ ਖੇਡ ਰਹੇ ਨੈਸ਼ਨਲ ਪਲੇਅਰਾਂ ਪ੍ਰਥਮਪ੍ਰੀਤ ਸਿੰਘ ਚੀਮਾ ਅਤੇ ਮੈਟੀਉ ਬਾਰਲੇਈ ਦੀ ਖੇਡ ਨੇ ਦਰਸ਼ਕਾਂ ਦੇ ਮਨ ਮੋਹ ਲਏ। ਪ੍ਰਥਮਪ੍ਰੀਤ ਨੇ ਸ਼ਾਨਦਾਰ 7 ਗੋਲ ਦਾਗਕੇ ਆਪਣੀ ਖੇਡ ਦਾ ਲੋਹਾ ਮਨਵਾਇਆ। ਇਸੇ ਟੀਮ ਵਿੱਚ ਖੇਡਦੀਆਂ ਦੋ ਜੌੜੀਆਂ ਭੈਣਾਂ ਰਾਜਪ੍ਰੀਤ, ਰਾਜਦੀਪ ਅਤੇ ਦੋ ਸਕੇ ਭਰਾਵਾਂ ਜੋਤਪਾਲ ਤੇ ਗੁਰਹੰਸ ਸਿੰਘ ਕਾਹਲੋਂ ਅਤੇ ਗੋਲ਼-ਕੀਪਰ ਡਾਇਆਨਾ ਦੀ ਖੇਡ ਦੀ ਹਰਕੋਈ ਸਿਫ਼ਤ ਕਰਦਾ ਨਜ਼ਰ ਆਇਆ।ਇੱਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਸੀਨੀਅਰ ਖਿਡਾਰੀ ਸੁਖਦੀਪ ਅਤੇ ਜਗਦੀਪ ਬੱਲ ਵੀ ਸਮੇਂ ਸਮੇਂ ਸਿਰ ਜੂਨੀਅਰ ਖਿਡਾਰੀਆ ਨੂੰ ਹਾਕੀ ਦੇ ਦਾਅ-ਪੇਚ ਸਿਖਾਉਂਦੇ ਰਹਿੰਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਟੈਕਸਾਸ ਦੇ ਗਵਰਨਰ ਨੇ ਭਾਰਤੀ-ਅਮਰੀਕੀ ਨੂੰ ਯੂਨੀਵਰਸਿਟੀ ਦੇ ਚੋਟੀ ਦੇ ਅਹੁਦੇ 'ਤੇ ਮੁੜ ਕੀਤਾ ਨਿਯੁਕਤ
ਗੁਰਦਵਾਰਾ ਦਰਬਾਰ ਸ੍ਰੀ ਗੁਰੂ ਗ੍ਰੰਥ ਸਹਿਬ ਦੀ ਕਮੇਟੀ ਫੀਲਡ ਹਾਕੀ ਲਈ ਕੀਤੇ ਜਾਂਦੇ ਉਪਰਾਲਿਆਂ ਲਈ ਵਧਾਈ ਦੀ ਪਾਤਰ ਹੈ। ਫਰਿਜ਼ਨੋ ਏਰੀਏ ਦੇ ਫੀਲਡ ਹਾਕੀ ਖੇਡਣ ਦੇ ਸ਼ੌਕੀਨ ਬੱਚੇ-ਬੱਚੀਆਂ ਲਈ ਲਈ ਹਾਕੀ ਰਜਿਸਟਰੇਸ਼ਨ ਬਿਲਕੁਲ ਫ੍ਰੀ ਹੈ। ਫੀਲਡ ਹਾਕੀ ਦੀ ਮੁਫ਼ਤ ਸਿਖਲਾਈ ਲਈ ਚਾਹਵਾਨ ਬੱਚੇ-ਬੱਚੀਆਂ ਕੋਚ ਸੁਖਵਿੰਦਰ ਸਿੰਘ ਚੀਮਾ ਨਾਲ (347) 570-3164 ਜਾਂ ਅਮਨਜੋਤ ਸਿੰਘ ਹੁੰਦਲ਼ ਨਾਲ (209) 918-6464 'ਤੇ ਸੰਪਰਕ ਕਰ ਸਕਦੇ ਹਨ।
ਸ਼ਾਂਤੀ ਸੰਦੇਸ਼ਾਂ ਨੂੰ ਦੁਨੀਆ ਤੱਕ ਪਹੁੰਚਾਉਣ ਲਈ ਪਵਿੱਤਰ ਅਵਸ਼ੇਸ਼ਾਂ ਨੂੰ ਲੈ ਕੇ ਮੰਗੋਲੀਆ ਪੁੱਜਾ ਭਾਰਤੀ ਵਫ਼ਦ
NEXT STORY