ਬਰਮਿੰਘਮ (ਸੰਜੀਵ ਭਨੋਟ)-ਕੱਲ ਲੈਸਟਰ ’ਚ ਤੀਆਂ ਦਾ ਮੇਲਾ ਕਰਵਾਇਆ ਗਿਆ। ਇਹ ਇੰਗਲੈਡ ਦਾ ਇਸ ਸਾਲ ਦਾ ਆਖਰੀ ਮੇਲਾ ਸੀ। ਲੈਸਟਰ ਮੇਲੇ ’ਚ ਪੰਜਾਬੀ ਗਾਇਕ ਗੈਰੀ ਸੰਧੂ , ਜੇ. ਕੇ. ਤੇ ਉੱਭਰਦੀ ਗਾਇਕਾ ਦੀਸ਼ ਸੰਧੂ ਨੇ ਗਾਇਕੀ ਨਾਲ ਰੌਣਕਾਂ ਲਾਈਆਂ ਤੇ ਮੇਲਾ ਲੁੱਟ ਲਿਆ।ਇਸ ਦੌਰਾਨ ਧਮਕ ਪੰਜਾਬਣਾਂ ਦੀ ਗਿੱਧਾ ਗਰੁੱਪ ਤੇ ਮਿਸਿਜ਼ ਵਰਲਡ ਪੰਜਾਬਣ ਰਹਿ ਚੁੱਕੀ ਰਵਨੀਤ ਕੌਰ ਤੇ ਮੀਤੂ ਸਿੰਘ ਨੇ ਗਿੱਧੇ ਦੇ ਜੌਹਰ ਦਿਖਾਏ।
ਇਸ ਮੇਲੇ ’ਚ ਤਕਰੀਬਨ 10 ਦੇ ਕਰੀਬ ਸੂਟ, ਪੰਜਾਬੀ ਜੁੱਤੀਆਂ ਤੇ ਗਹਿਣਿਆਂ ਦੇ ਸਟਾਲ ਲੱਗੇ ਹੋਏ ਸਨ। ਮੇਲੇ ਦੇ ਪ੍ਰਬੰਧਕਾਂ ਅਮਰਜੀਤ ਧਾਮੀ, ਰਣਜੀਤ ਪੁਰੇਵਾਲ ਤੇ ਸਨੀ ਪੁਰੇਵਾਲ ਨੇ ਸਾਰਿਆਂ ਦਾ ਸਵਾਗਤ ਕੀਤਾ। ਮੰਚ ਸੰਚਾਲਨ ਸੰਜੀਵ ਭਨੋਟ ਤੇ ਮਨਦੀਪ ਸਹੋਤਾ ਵੱਲੋਂ ਕੀਤਾ ਗਿਆ। ਕਿਰਨ ਕੌਰ ਘੁੰਮਣ ਤੇ ਡੌਲ ਬਿਊਟੀ ਦੀ ਟੀਮ ਵੱਲੋਂ ਰੈਫਲ ਟਿਕਟ ਦੇ ਇਨਾਮ ਵੰਡੇ ਗਏ। ਮੇਲੇ ’ਚ ਛੋਟੀਆਂ ਬੱਚੀਆਂ ਤੋਂ ਲੈ ਕੇ ਵੱਡੀ ਉਮਰ ਦੀਆਂ ਬੀਬੀਆਂ ਨੇ ਗਿੱਧੇ ਦੇ ਪਿੜ ’ਚ ਰੰਗ ਬੰਨ੍ਹਿਆ ਤੇ ਬੀਬੀਆਂ ਦਾ ਆਪਸ ’ਚ ਬੋਲੀਆਂ ਦਾ ਮੁਕਾਬਲਾ ਵੀ ਕਰਵਾਇਆ ਗਿਆ।
ਦੀਸ਼ ਸੰਧੂ ਵੱਲੋਂ ਸਭ ਤੋਂ ਪਹਿਲਾਂ ਆਪਣੀ ਗਾਇਕੀ ਦਾ ਲੋਹਾ ਮੰਨਵਾਇਆ ਗਿਆ। ਇਥੇ ਜ਼ਿਕਰਯੋਗ ਹੈ ਕਿ ਦੀਸ਼ ਸੰਧੂ ਤੇ ਗਾਇਕ ਜੇ. ਕੇ. ਇੰਗਲੈਂਡ ਦੇ ਜੰਮਪਲ ਹਨ ਤੇ ਦੋਵਾਂ ਦੀ ਪੰਜਾਬੀ ਭਾਸ਼ਾ ਉੱਤੇ ਪਕੜ ਬਹੁਤ ਮਜ਼ਬੂਤ ਹੈ। ਦੀਸ਼ ਸੰਧੂ ਨੇ ਮੁਟਿਆਰਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ ਤੇ ਫਿਰ ਜੇ. ਕੇ. ਨੇ ਲੋਕ ਗੀਤਾਂ ਦਾ ਮੀਂਹ ਵਰ੍ਹਾ ਦਿੱਤਾ, ਡਾਂਸ ਫਲੋਰ ’ਤੇ ਤਿਲ ਸੁੱਟਣ ਜੋਗੀ ਵੀ ਜਗ੍ਹਾ ਨਹੀਂ ਸੀ।
ਫਿਰ ਵਾਰੀ ਆਈ ਪੰਜਾਬੀ ਗਾਇਕੀ ’ਚ ਆਪਣੀ ਮਜ਼ਬੂਤ ਥਾਂ ਬਣਾ ਚੁੱਕੇ ਪਿੰਡ ਰੁੜਕੇ ਦੇ ਮੁੰਡੇ ਗੈਰੀ ਸੰਧੂ ਦੀ, ਗੀਤਾਂ ਦੇ ਨਾਲ-ਨਾਲ ਗੈਰੀ ਨੇ ਆਪਣੇ ਇੰਗਲੈਂਡ ਤੇ ਨਿੱਜੀ ਜ਼ਿੰਦਗੀ ਦੇ ਤਜਰਬੇ ਵੀ ਸਾਂਝੇ ਕੀਤੇ। ਇਸ ਦੌਰਾਨ ਮੁਟਿਆਰਾਂ ਤੇ ਬੀਬੀਆਂ ਨੇ ਬਹੁਤ ਆਨੰਦ ਮਾਣਿਆ। DJ ਅੰਮ੍ਰਿਤਾ ਨੇ ਵੀ ਆਪਣੀਆਂ ਮਿਕਸ ਨਾਲ ਮੁਟਿਆਰਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ।
ਕੁਲ ਮਿਲਾ ਕੇ ਇਹ ਮੇਲਾ ਲੈਸਟਰ ਦੇ ਇਤਿਹਾਸ ’ਚ ਕਾਮਯਾਬ ਮੇਲਾ ਮੰਨਿਆ ਜਾਵੇਗਾ। ਆਖਿਰ ’ਚ ਅਮਰਜੀਤ ਧਾਮੀ, ਰਣਜੀਤ ਪੁਰੇਵਾਲ ਤੇ ਸਨੀ ਪੁਰੇਵਾਲ ਵੱਲੋਂ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।
ਅਮਰੀਕਾ: ਰਾਈਕਰਜ਼ ਜੇਲ੍ਹ ਦੇ 200 ਕੈਦੀਆਂ ਨੂੰ ਹੋਰ ਜੇਲ੍ਹਾਂ 'ਚ ਕੀਤਾ ਤਬਦੀਲ
NEXT STORY