ਬ੍ਰਿਸਬੇਨ, (ਸਤਵਿੰਦਰ ਟੀਨੂੰ )— ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ 'ਚ ਬੀਤੇ ਦਿਨੀਂ ਆਯੋਜਿਤ ਹੋਈਆਂ ਸਿੱਖ ਗੇਮਜ਼ ਵਿਖੇ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਨਾਲ ਸੰਬੰਧਤ ਪੇਂਟਿੰਗਜ਼ ਦੀ ਸ਼ਾਨਦਾਰ ਪ੍ਰਦਰਸ਼ਨੀ ਲਗਾਈ ਗਈ ਸੀ। ਪੰਜਾਬ ਤੋਂ ਆਇਆ ਮਸ਼ਹੂਰ ਚਿੱਤਰਕਾਰ ਗੁਰਪ੍ਰੀਤ ਸਿੰਘ ਬਠਿੰਡਾ ਸਿਡਨੀ ਤੋਂ ਬਾਅਦ ਬ੍ਰਿਸਬੇਨ ਦੀ ਧਰਤੀ ਦੀ ਸ਼ਾਨ ਬਣਿਆ । ਬ੍ਰਿਸਬੇਨ ਸ਼ਹਿਰ ਦੀ ਨਾਮਵਰ ਸਿੱਖਿਆ ਸੰਸਥਾ ਅਮਰੀਕਨ ਕਾਲਜ ਦੇ ਹਾਲ ਵਿੱਚ 'ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟਰੇਲੀਆ' ਨੇ ਪੇਂਟਿੰਗ ਪ੍ਰਦਰਸ਼ਨੀ ਦਾ ਪ੍ਰਬੰਧ ਕੀਤਾ । ਗੁਰਪ੍ਰੀਤ ਸਿੰਘ ਬਠਿੰਡਾ ਨੇ ਆਪਣੀਆਂ ਚਰਚਿਤ ਅਤੇ ਸ਼ਾਹਕਾਰ ਕਲਾਕ੍ਰਿਤਾਂ ਨੂੰ ਪ੍ਰਦਰਸ਼ਿਤ ਕੀਤਾ ਅਤੇ ਆਪਣੇ ਤਜ਼ੁਰਬੇ ਸਾਰਿਆਂ ਨਾਲ ਸਾਂਝੇ ਕੀਤੇ ।
ਉਸ ਨੇ ਲਾਈਵ ਪੇਂਟਿੰਗ ਕਰਕੇ ਬਹੁਤ ਸਾਰੇ ਬਾਰੀਕ ਨੁਕਤੇ ਹਾਜ਼ਰੀਨਾਂ ਨਾਲ ਸਾਂਝੇ ਕੀਤੇ । ਜ਼ਿਕਰਯੋਗ ਹੈ ਕਿ ਗੁਰਪ੍ਰੀਤ ਲੋਕ ਧਰਾਤਲ ਨਾਲ ਜੁੜਿਆ ਕਲਾਕਾਰ ਹੈ ਅਤੇ ਅਕਸਰ ਹੀ ਸਮਾਜਿਕ ਅਤੇ ਰਾਜਨੀਤਿਕ ਮੁੱਦਿਆਂ 'ਤੇ ਕੁਮੈਂਟ ਕਰਦਾ ਹੈ। ਉਸ ਦੀਆਂ ਬਹੁਤ ਸਾਰੀਆਂ ਪੇਂਟਿੰਗਜ਼ ਲੋਕਾਂ ਲਈ ਸੇਧਮਈ ਅਤੇ ਸੰਦੇਸ਼ਮਈ ਆਈਕੋਨ ਬਣ ਚੁੱਕੇ ਹਨ । ਇਸ ਸਮਾਗਮ ਦੇ ਅੰਤਿਮ ਚਰਨ ਵਿੱਚ ਇਪਸਾ ਦੇ ਪ੍ਰਧਾਨ ਸਰਬਜੀਤ ਸੋਹੀ ਨੇ ਗੁਰਪ੍ਰੀਤ ਬਠਿੰਡਾ ਬਾਰੇ ਦੱਸਿਆ। ਲੋਕ ਗਾਇਕ ਮੀਤ ਮਲਕੀਤ ਨੇ ਗੁਰਪ੍ਰੀਤ ਬਠਿੰਡਾ ਦੇ ਸਨਮਾਨ ਵਿੱਚ ਕਲਾ ਨੂੰ ਸਮਰਪਿਤ ਇਕ ਖੂਬਸੂਰਤ ਗੀਤ ਲੋਕਾਂ ਦੀ ਨਜ਼ਰ ਕੀਤਾ ।
ਗੁਰਪ੍ਰੀਤ ਬਠਿੰਡਾ ਨੇ ਆਪਣੇ ਸ਼ਬਦਾਂ ਰਾਹੀਂ ਆਪਣੇ ਜੀਵਨ ਦੀਆਂ ਕਲਾਤਮਕ ਰੁਚੀਆਂ, ਰਚਨਤਮਕ ਰਮਜ਼ਾਂ ਅਤੇ ਗ੍ਰਹਿਣ ਕੀਤੇ ਸਮਾਜਿਕ ਪ੍ਰਭਾਵਾਂ ਦਾ ਭਾਵਪੂਰਤ ਅੰਦਾਜ਼ ਵਿੱਚ ਜ਼ਿਕਰ ਕੀਤਾ । ਉਪਰੰਤ ਇਪਸਾ ਵੱਲੋਂ ਚਿੱਤਰਕਾਰ ਗੁਰਪ੍ਰੀਤ ਬਠਿੰਡਾ ਨੂੰ ਉਸ ਦੇ ਸਮੁੱਚੇ ਯੋਗਦਾਨ ਲਈ ਸੌਵੀਨਾਰ ਅਤੇ ਸਨਮਾਨ ਪੱਤਰ ਪ੍ਰਦਾਨ ਕੀਤਾ ਗਿਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਨੀਰਜ ਖੰਨਾ, ਪ੍ਰੋ. ਜਗਦੀਸ਼ ਔਜਲਾ, ਰਘੁਬੀਰ ਸਿੰਘ ਸਰਾਏ ਸਰਪ੍ਰਸਤ ਵਿਰਸਾ ਗਰੁੱਪ , ਰਣਜੀਤ ਸਿੰਘ ਬਾਊ ਮਾਝਾ ਗਰੁੱਪ, ਜਗਦੀਪ ਸਿੰਘ ਗਿੱਲ, ਗੀਤਕਾਰ ਸੁਰਜੀਤ ਸੰਧੂ, ਇਕਬਾਲ ਸਿੰਘ ਪਾਲ ਰਾਊਕੇ, ਤਜਿੰਦਰ ਭੰਗੂ, ਇਪਸਾ ਦੇ ਚੇਅਰਮੈਨ ਜਰਨੈਲ ਸਿੰਘ ਬਾਸੀ, ਅਤਰ ਸ਼ਾਹ, ਸੁਖਜਿੰਦਰ ਸਿੰਘ, ਹਰਮੰਦਰ ਹੈਰੀ, ਅਲੀ ਕਾਦਰੀ ਆਦਿ ਪਤਵੰਤੇ ਸੱਜਣ ਅਤੇ ਨਾਮਵਰ ਸ਼ਖ਼ਸੀਅਤਾਂ ਹਾਜ਼ਰ ਸਨ । ਸਟੇਜ ਸੈਕਟਰੀ ਦੀ ਭੂਮਿਕਾ ਸਰਬਜੀਤ ਸੋਹੀ ਨੇ ਬਾਖੂਬੀ ਨਿਭਾਈ ।
ਅਮਰੀਕਾ 'ਚ ਇਕ ਸਿੱਖ ਨੇ ਐੱਫ.ਬੀ.ਆਈ ਸਿਟੀਜਨ ਅਕੈਡਮੀ ਕੀਤੀ ਪਾਸ
NEXT STORY