ਇੰਟਰਨੈਸ਼ਨਲ ਡੈਸਕ- ਇਜ਼ਰਾਈਲ ਦੇ ਯਰੂਸ਼ਲਮ ਨੇੜੇ ਸ਼ੁੱਕਰਵਾਰ ਨੂੰ ਇਕ ਭਿਆਨਕ ਹਾਦਸਾ ਵਾਪਰ ਗਿਆ, ਜਿੱਥੇ ਇਜ਼ਰਾਈਲੀ ਹਵਾਈ ਫ਼ੌਜ ਦਾ ਇੱਕ ਯੂ.ਐੱਚ.-60 ਬਲੈਕ ਹਾਕ ਹੈਲੀਕਾਪਟਰ ਬੇਕਾਬੂ ਹੋ ਕੇ ਸਿੱਧਾ ਜ਼ਮੀਨ 'ਤੇ ਆ ਡਿੱਗਾ ਤੇ ਕ੍ਰੈਸ਼ ਹੋ ਗਿਆ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਸ ਨੂੰ ਇੱਕ ਹੋਰ ਵੱਡੇ ਹੈਲੀਕਾਪਟਰ ਰਾਹੀਂ ਇੱਕ ਥਾਂ ਤੋਂ ਦੂਜੀ ਥਾਂ ਲਿਜਾਇਆ ਜਾ ਰਿਹਾ ਸੀ।
ਇੱਕ ਵੱਡਾ ਸੀ.ਐੱਚ.-53 ਸੀ ਸਟਾਲੀਅਨ ਹੈਲੀਕਾਪਟਰ ਖ਼ਰਾਬ ਹੋਏ ਬਲੈਕ ਹਾਕ ਨੂੰ ਬੰਨ੍ਹ ਕੇ ਲਿਜਾ ਰਿਹਾ ਸੀ। ਇਸੇ ਦੌਰਾਨ ਹਵਾ ਵਿਚਾਲੇ ਹਾਰਨੈੱਸ ਟੁੱਟ ਗਏ, ਜਿਸ ਕਾਰਨ ਬਲੈਕ ਹਾਕ ਹੈਲੀਕਾਪਟਰ ਬੇਕਾਬੂ ਹੋ ਕੇ ਸਿੱਧਾ ਜ਼ਮੀਨ 'ਤੇ ਆ ਡਿੱਗਾ। ਹਾਲਾਂਕਿ ਇਜ਼ਰਾਈਲ ਰੱਖਿਆ ਬਲਾਂ ਨੇ ਪੁਸ਼ਟੀ ਕੀਤੀ ਹੈ ਕਿ ਇਸ ਹਾਦਸੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ ਅਤੇ ਨਾ ਹੀ ਕੋਈ ਕਰੂ ਮੈਂਬਰ ਜ਼ਖ਼ਮੀ ਹੋਇਆ ਹੈ।
ਜ਼ਿਕਰਯੋਗ ਹੈ ਕਿ ਜਿਸ ਬਲੈਕ ਹਾਕ ਹੈਲੀਕਾਪਟਰ ਨਾਲ ਇਹ ਹਾਦਸਾ ਵਾਪਰਿਆ, ਉਸ ਨੇ ਮੰਗਲਵਾਰ ਨੂੰ ਖ਼ਰਾਬ ਮੌਸਮ ਕਾਰਨ ਵੈਸਟ ਬੈਂਕ ਦੇ ਗੁਸ਼ ਐਤਜ਼ੀਅਨ ਇਲਾਕੇ ਵਿੱਚ ਐਮਰਜੈਂਸੀ ਲੈਂਡਿੰਗ ਕੀਤੀ ਸੀ। ਸ਼ੁੱਕਰਵਾਰ ਨੂੰ ਇਸ ਨੂੰ ਮੁਰੰਮਤ ਲਈ ਉੱਥੋਂ ਵਾਪਸ ਲਿਆਂਦਾ ਜਾ ਰਿਹਾ ਸੀ।
ਇਜ਼ਰਾਈਲੀ ਹਵਾਈ ਫ਼ੌਜ ਦੇ ਮੁਖੀ ਮੇਜਰ ਜਨਰਲ ਤੋਮਰ ਬਾਰ ਨੇ ਇਸ ਘਟਨਾ ਦੀ ਜਾਂਚ ਲਈ ਇੱਕ ਫ਼ੌਜੀ ਕਮੇਟੀ ਬਣਾਉਣ ਦੇ ਹੁਕਮ ਦਿੱਤੇ ਹਨ ਤਾਂ ਜੋ ਰੱਸੀਆਂ ਟੁੱਟਣ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ। ਸੋਸ਼ਲ ਮੀਡੀਆ 'ਤੇ ਇਸ ਹਾਦਸੇ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਹੈਲੀਕਾਪਟਰ ਨੂੰ ਅਸਮਾਨ ਵਿੱਚੋਂ ਡਿੱਗਦਿਆਂ ਅਤੇ ਜ਼ਮੀਨ ਨਾਲ ਟਕਰਾ ਕੇ ਚਕਨਾਚੂਰ ਹੁੰਦਿਆਂ ਸਾਫ਼ ਦੇਖਿਆ ਜਾ ਸਕਦਾ ਹੈ। ਹਾਦਸੇ ਤੋਂ ਬਾਅਦ ਜਹਾਜ਼ ਦਾ ਪਿਛਲਾ ਹਿੱਸਾ ਟੁੱਟ ਗਿਆ ਹੈ, ਹਾਲਾਂਕਿ ਬਾਕੀ ਹਿੱਸਾ ਸੁਰੱਖਿਅਤ ਦੱਸਿਆ ਜਾ ਰਿਹਾ ਹੈ।
ਹੁਣ ਨਹੀਂ ਚੱਲੇਗੀ ਤਨਖਾਹਾਂ 'ਤੇ ਕੈਂਚੀ; ਪੜ੍ਹਾਈ ਲਈ Loan ਲੈਣ ਵਾਲਿਆਂ ਨੂੰ ਟਰੰਪ ਪ੍ਰਸ਼ਾਸਨ ਨੇ ਦਿੱਤੀ ਵੱਡੀ ਰਾਹਤ
NEXT STORY