ਇਸਲਾਮਾਬਾਦ (ਵਾਰਤਾ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਲਾਹਕਾਰ ਮੌਲਾਨਾ ਤਾਹਿਰ ਅਸ਼ਰਫੀ ਨੇ ਵਿਗਿਆਪਨ ਨਿਰਮਾਤਾਵਾਂ ਦੀ ਆਲੋਚਨਾ ਕੀਤੀ ਹੈ, ਕਿਉਂਕਿ ਉਹ ਅਕਸਰ ਆਪਣੇ ਬ੍ਰਾਂਡ ਦੀ ਨੁਮਾਇੰਦਗੀ ਕਰਨ ਲਈ ਔਰਤਾਂ ਨੂੰ ਚੁਣਦੇ ਹਨ, ਜਦੋਂਕਿ ਦੇਸ਼ ਵਿਚ ਚੰਗੇ ਦਿੱਖ ਵਾਲੇ ਪੁਰਸ਼ਾਂ ਦੀ ਗਿਣਤੀ ਵਿਚ ਕੋਈ ਕਮੀ ਨਹੀਂ ਹੈ। ਜੀਓ ਟੀਵੀ ਨੇ ਐਤਵਾਰ ਨੂੰ ਅਸ਼ਰਫ਼ੀ ਦੇ ਹਵਾਲੇ ਨਾਲ ਕਿਹਾ ਕਿ ਵਿਗਿਆਪਨਾਂ ਵਿਚ ਔਰਤਾਂ ਨੂੰ ਬੇਲੋੜੇ ਢੰਗ ਨਾਲ ਲੈਣਾ ਉਚਿਤ ਨਹੀਂ ਹੈ ਅਤੇ ਉਹ ਇਸ ਦੇ ਸਖ਼ਤ ਖ਼ਿਲਾਫ਼ ਹਨ। ਪਾਕਿਸਤਾਨ 'ਚ ਜਿਨਸੀ ਅਪਰਾਧਾਂ ਦੀਆਂ ਵਧਦੀਆਂ ਘਟਨਾਵਾਂ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਅਸ਼ਰਫੀ ਨੇ ਕਿਹਾ, 'ਦੇਸ਼ 'ਚੋਂ ਅਸ਼ਲੀਲਤਾ, ਅੱਤਵਾਦ ਅਤੇ ਕੱਟੜਵਾਦ ਨੂੰ ਖ਼ਤਮ ਕਰਨ 'ਚ ਉਲੇਮਾ ਦੀ ਭੂਮਿਕਾ ਮਹੱਤਵਪੂਰਨ ਹੈ।'
ਏ.ਆਰ.ਵਾਈ. ਨਿਊਜ਼ ਦੀ ਰਿਪੋਰਟ ਮੁਤਾਬਕ ਇਸ ਤੋਂ ਪਹਿਲਾਂ ਕਾਊਂਸਿਲ ਆਫ ਇਸਲਾਮਿਕ ਆਡੀਡਿਓਲੌਜੀ ਨੇ ਬਲਾਤਕਾਰ ਦੇ ਦੋਸ਼ੀਆਂ ਲਈ ਕੈਮੀਕਲ ਕੈਸਟਰੇਸ਼ਨ ਦੀ ਸਜ਼ਾ ਨੂੰ ਗੈਰ-ਇਸਲਾਮਿਕ ਕਰਾਰ ਦਿੱਤਾ ਸੀ ਅਤੇ ਸਰਕਾਰ ਨੂੰ ਹੋਰ ਪ੍ਰਭਾਵਸ਼ਾਲੀ ਸਜ਼ਾਵਾਂ ਦਾ ਸੁਝਾਅ ਦੇਣ ਦੀ ਅਪੀਲ ਕੀਤੀ ਸੀ। ਸਾਲ 2020 ਵਿਚ ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਨੇ ਜਿਨਸੀ ਅਪਰਾਧੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਲਈ ਬਲਾਤਕਾਰ ਰੋਕੂ ਆਰਡੀਨੈਂਸ 2020 ਪਾਸ ਕੀਤਾ ਸੀ, ਜਿਸ ਵਿਚ ਕੈਮੀਕਲ ਕੈਸਟਰੇਸ਼ਨ ਕੀਤਾ ਜਾਣਾ ਵੀ ਸ਼ਾਮਲ ਸੀ। ਪਿਛਲੇ ਸਾਲ ਨਵੰਬਰ 'ਚ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀ ਬਲਾਤਕਾਰੀਆਂ ਦੇ ਕੈਮੀਕਲ ਕੈਸਟ੍ਰੇਸ਼ਨ ਲਈ ਬਣਾਏ ਗਏ ਕਾਨੂੰਨ ਨੂੰ ਮਨਜ਼ੂਰੀ ਦਿੱਤੀ ਸੀ। ਜੀਓ ਟੀਵੀ ਅਨੁਸਾਰ ਇਹ ਫ਼ੈਸਲਾ ਇਕ ਫੈਡਰਲ ਕੈਬਨਿਟ ਦੀ ਮੀਟਿੰਗ ਦੌਰਾਨ ਲਿਆ ਗਿਆ ਸੀ, ਜਿਸ ਵਿਚ ਕਾਨੂੰਨ ਮੰਤਰਾਲਾ ਨੇ ਬਲਾਤਕਾਰ ਰੋਕੂ ਆਰਡੀਨੈਂਸ ਦਾ ਖਰੜਾ ਪੇਸ਼ ਕੀਤਾ ਸੀ। ਡਰਾਫਟ ਵਿਚ ਪੁਲਿਸਿੰਗ ਵਿਚ ਔਰਤਾਂ ਦੀ ਭੂਮਿਕਾ ਨੂੰ ਵਧਾਉਣਾ, ਬਲਾਤਕਾਰ ਦੇ ਕੇਸਾਂ ਨੂੰ ਤੇਜ਼ੀ ਨਾਲ ਟਰੈਕ ਕਰਨਾ ਅਤੇ ਗਵਾਹਾਂ ਦੀ ਸੁਰੱਖਿਆ ਸ਼ਾਮਲ ਰਹੀ ਸੀ।
ਅਮਰੀਕਾ 'ਚ ਭਾਰਤੀ ਮੂਲ ਦੇ ਪੁਲਸ ਅਧਿਕਾਰੀ ਨੂੰ ਮਾਰੀ ਗੋਲੀ, ਗੰਭੀਰ ਜ਼ਖਮੀ
NEXT STORY