ਲਾਹੌਰ (ਭਾਸ਼ਾ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਨੇ ਮੰਗਲਵਾਰ ਨੂੰ ਲਾਹੌਰ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰਕੇ ਦੇਸ਼ ਭਰ 'ਚ ਆਪਣੇ ਖਿਲਾਫ ਦਰਜ ਸਾਰੇ ਮਾਮਲਿਆਂ 'ਚ ਗ੍ਰਿਫਤਾਰੀ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ। ਇਹ ਪਟੀਸ਼ਨ 9 ਮਈ ਨੂੰ ਨਾਗਰਿਕ ਅਤੇ ਫੌਜੀ ਟਿਕਾਣਿਆਂ 'ਤੇ ਹੋਏ ਹਮਲਿਆਂ ਤੋਂ ਬਾਅਦ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਪਾਰਟੀ 'ਤੇ ਕਾਰਵਾਈ ਦੇ ਦੌਰਾਨ ਦਾਇਰ ਕੀਤੀ ਗਈ ਹੈ। 'ਜੀਓ ਨਿਊਜ਼' ਮੁਤਾਬਕ ਖਾਨ ਦੀ ਪਤਨੀ ਨੇ ਆਪਣੀ ਪਟੀਸ਼ਨ 'ਚ ਕਿਹਾ ਹੈ ਕਿ ਉਸ ਨੂੰ ਡਰ ਹੈ ਕਿ ਉਸ ਨੂੰ ਕਿਸੇ ਮਾਮਲੇ 'ਚ ਗ੍ਰਿਫਤਾਰ ਕੀਤਾ ਜਾ ਸਕਦਾ ਹੈ।
ਬੁਸ਼ਰਾ ਨੇ ਸਰਕਾਰ ਤੋਂ ਦੇਸ਼ ਵਿਚ ਆਪਣੇ ਖਿਲਾਫ ਦਰਜ ਸਾਰੇ ਜਾਣੇ-ਪਛਾਣੇ ਅਤੇ ਅਣਪਛਾਤੇ ਮਾਮਲਿਆਂ ਦੇ ਵੇਰਵੇ ਵੀ ਮੰਗੇ ਹਨ। ਆਪਣੇ ਕੇਸ ਵਿੱਚ ਸੰਘੀ ਅਤੇ ਸੂਬਾਈ ਸਰਕਾਰਾਂ, ਇੰਸਪੈਕਟਰ ਜਨਰਲਾਂ, ਫੈਡਰਲ ਜਾਂਚ ਏਜੰਸੀ (ਐੱਫ.ਆਈ.ਏ.) ਅਤੇ ਹੋਰ ਸੰਸਥਾਵਾਂ ਦਾ ਨਾਮ ਲੈਂਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਦੀ ਪਤਨੀ ਨੇ ਅਦਾਲਤ ਨੂੰ ਪੁਲਸ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਕਿਸੇ ਵੀ ਮਾਮਲੇ ਵਿੱਚ ਗ੍ਰਿਫਤਾਰ ਕਰਨ ਤੋਂ ਰੋਕਣ ਲਈ ਆਦੇਸ਼ ਜਾਰੀ ਕਰਨ ਦੀ ਬੇਨਤੀ ਕੀਤੀ। ਰਾਸ਼ਟਰੀ ਜਵਾਬਦੇਹੀ ਬਿਊਰੋ (ਐੱਨ.ਏ.ਬੀ.), ਰਾਵਲਪਿੰਡੀ ਨੇ ਬੁੱਧਵਾਰ ਨੂੰ ਬੁਸ਼ਰਾ ਬੀਬੀ ਨੂੰ 19 ਕਰੋੜ ਪੌਂਡ ਦੇ ਨੈਸ਼ਨਲ ਕ੍ਰਾਈਮ ਏਜੰਸੀ (ਐੱਨ.ਸੀ.ਏ.) ਬ੍ਰਿਟੇਨ ਸੈਟਲਮੈਂਟ ਕੇਸ ਵਿੱਚ ਅਲ-ਕਾਦਿਰ ਯੂਨੀਵਰਸਿਟੀ ਟਰੱਸਟ ਦੀ ਟਰੱਸਟੀ ਵਜੋਂ ਬਿਆਨ ਦਰਜ ਕਰਨ ਲਈ ਤਲਬ ਕੀਤਾ ਹੈ। ਖ਼ਬਰ ਵਿੱਚ ਕਿਹਾ ਗਿਆ ਹੈ ਕਿ ਬੁਸ਼ਰਾ ਦਾ ਬਿਆਨ ਗਵਾਹ ਵਜੋਂ ਦਰਜ ਕੀਤਾ ਜਾਵੇਗਾ।
NAB ਨੇ ਅਲ-ਕਾਦਿਰ ਯੂਨੀਵਰਸਿਟੀ ਤੋਂ ਪ੍ਰਾਪਤ ਦਾਨ ਅਤੇ ਟਰੱਸਟ ਨੂੰ ਦਾਨ ਦੇਣ ਵਾਲਿਆਂ ਦਾ ਰਿਕਾਰਡ ਵੀ ਮੰਗਿਆ ਹੈ। ਭ੍ਰਿਸ਼ਟਾਚਾਰ ਰੋਕੂ ਸੰਸਥਾ ਨੇ ਅਲ-ਕਾਦਿਰ ਟਰੱਸਟ ਮਾਮਲੇ ਵਿਚ ਜਾਂਚ ਦਾ ਦਾਇਰਾ ਵਧਾਉਂਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਖਾਨ ਦੀ ਕੈਬਨਿਟ ਦੇ 22 ਮੈਂਬਰਾਂ ਵੱਲੋਂ ਵੇਚੇ ਅਤੇ ਖ਼ਰੀਦੇ ਗਏ ਵਾਹਨਾਂ ਦੇ ਵੇਰਵੇ ਮੰਗੇ ਹਨ। 9 ਮਈ ਨੂੰ, NAB ਨੇ ਖਾਨ ਨੂੰ ਜ਼ਮੀਨ 'ਤੇ ਕਥਿਤ ਨਾਜਾਇਜ਼ ਕਬਜ਼ੇ ਅਤੇ ਅਲ-ਕਾਦਿਰ ਯੂਨੀਵਰਸਿਟੀ ਦੀ ਉਸਾਰੀ ਅਤੇ ਰੀਅਲ ਅਸਟੇਟ ਕਾਰੋਬਾਰੀ ਅਤੇ ਬਹਿਰੀਆ ਟਾਊਨ ਦੇ ਮਾਲਕ, ਮਲਿਕ ਰਿਆਜ਼ ਨੂੰ ਫ਼ਾਇਦਾ ਪਹੁੰਚਾਉਣ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਸੀ। ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਦੇਸ਼ ਭਰ ਵਿੱਚ ਹਿੰਸਕ ਪ੍ਰਦਰਸ਼ਨ ਹੋਏ ਸਨ।
ਬੰਗਲਾਦੇਸ਼ 'ਚ ਟਰੱਕ-ਬੱਸ ਦੀ ਆਹਮੋ-ਸਾਹਮਣੀ ਟੱਕਰ, 14 ਲੋਕਾਂ ਦੀ ਦਰਦਨਾਕ ਮੌਤ
NEXT STORY