ਇੰਟਰਨੈਸ਼ਨਲ ਡੈਸਕ—ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੇ ਸੀਨੀਅਰ ਨੇਤਾ ਫਵਾਦ ਚੌਧਰੀ ਨੇ ਸੋਮਵਾਰ ਨੂੰ ਕਿਹਾ ਕਿ ਪਾਰਟੀ ਦਾ ਲਾਂਗ ਮਾਰਚ ਮੰਗਲਵਾਰ ਦੀ ਬਜਾਏ ਬੁੱਧਵਾਰ ਨੂੰ ਫਿਰ ਤੋਂ ਸ਼ੁਰੂ ਹੋਵੇਗਾ। ਇਸ ਮਾਰਚ ਨੂੰ ਪਿਛਲੇ ਹਫ਼ਤੇ ਪਾਰਟੀ ਮੁਖੀ ਇਮਰਾਨ ਖਾਨ 'ਤੇ ਹੋਏ ਜਾਨਲੇਵਾ ਹਮਲੇ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਸੀ। ਸਾਬਕਾ ਸੂਚਨਾ ਮੰਤਰੀ ਅਤੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਚੌਧਰੀ ਨੇ ਇੱਕ ਟਵੀਟ 'ਚ ਕਿਹਾ ਕਿ ਪਾਰਟੀ ਦਾ ਲਾਂਗ ਮਾਰਚ ਸਥਾਨਕ ਸਮੇਂ ਅਨੁਸਾਰ ਮੰਗਲਵਾਰ ਦੁਪਹਿਰ ਦੀ ਬਜਾਏ ਬੁੱਧਵਾਰ ਨੂੰ ਫਿਰ ਤੋਂ ਸ਼ੁਰੂ ਹੋਵੇਗਾ।
ਇਸ ਤੋਂ ਪਹਿਲਾਂ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਸੀ ਕਿ ਲਾਂਗ ਮਾਰਚ ਮੰਗਲਵਾਰ ਨੂੰ ਉਸੇ ਥਾਂ ਤੋਂ ਸ਼ੁਰੂ ਹੋਵੇਗਾ ਜਿੱਥੇ ਪਾਰਟੀ ਮੁਖੀ ਇਮਰਾਨ ਖਾਨ 'ਤੇ ਹਮਲਾ ਹੋਇਆ ਸੀ। ਲਾਹੌਰ 'ਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੁਰੈਸ਼ੀ ਨੇ ਕਿਹਾ ਕਿ ਇਸ ਕਦਮ ਨੇ ਪਾਰਟੀ ਕਾਰਜਕਰਤਾਵਾਂ ਅਤੇ ਰਾਸ਼ਟਰ ਨੂੰ ਇੱਕ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਜਦੋਂ ਤੱਕ "ਹਕੀਕੀ ਅਜ਼ਾਦੀ" ਪ੍ਰਾਪਤ ਨਹੀਂ ਹੋ ਜਾਂਦੀ ਉਦੋਂ ਤੱਕ ਮਾਰਚ ਜਾਰੀ ਰਹੇਗਾ। ਕੁਰੈਸ਼ੀ ਨੇ ਕਿਹਾ ਕਿ ਸਰਜਰੀ ਤੋਂ ਬਾਅਦ ਠੀਕ ਹੋ ਰਹੇ ਖਾਨ ਮਾਰਚ ਦੇ ਅੱਗੇ ਵਧਣ ਦੇ ਨਾਲ ਵੀਡੀਓ ਲਿੰਕ ਰਾਹੀਂ ਭਾਸ਼ਣ ਦੇਣਗੇ। ਐਤਵਾਰ ਨੂੰ ਸਫਲ ਸਰਜਰੀ ਤੋਂ ਬਾਅਦ ਖਾਨ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ।
ਹੁਣ ਉਹ ਲਾਹੌਰ 'ਚ ਇੱਕ ਨਿੱਜੀ ਰਿਹਾਇਸ਼ 'ਚ ਹੈ। 'ਡਾਨ' ਅਖਬਾਰ ਦੀ ਇਕ ਖ਼ਬਰ ਮੁਤਾਬਕ ਕੁਰੈਸ਼ੀ ਨੇ ਐਤਵਾਰ ਨੂੰ ਫੈਸਲਾਬਾਦ ਦੇ ਘੰਟਾਘਰ ਚੌਕ 'ਤੇ ਇਕ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਖਾਨ ਨੇ ਉਨ੍ਹਾਂ ਨੂੰ ਆਪਣੀ ਜਗ੍ਹਾ 'ਤੇ ਮਾਰਚ ਦੀ ਅਗਵਾਈ ਕਰਨ ਲਈ ਕਿਹਾ ਸੀ। ਉਨ੍ਹਾਂ ਕਿਹਾ ਕਿ ਭਾਵੇਂ ਉਹ (ਖਾਨ) ਪੂਰੀ ਤਰ੍ਹਾਂ ਠੀਕ ਨਹੀਂ ਹੋਏ ਹਨ, ਪਰ ਉਹ ਰਾਵਲਪਿੰਡੀ 'ਚ ਮਾਰਚ 'ਚ ਸ਼ਾਮਲ ਹੋਣਗੇ।
ਉਨ੍ਹਾਂ ਕਿਹਾ ਕਿ ਫੈਸਲਾਬਾਦ ਅਤੇ ਪੂਰੇ ਦੇਸ਼ ਦੇ ਲੋਕਾਂ ਦੀ ਮੰਗ ਹੈ ਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਗ੍ਰਹਿ ਮੰਤਰੀ ਰਾਣਾ ਸਨਾਉੱਲਾ ਖਾਨ ਨੂੰ ਅਹੁਦਾ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਉਹ ਵਜ਼ੀਰਾਬਾਦ 'ਚ ਖਾਨ 'ਤੇ ਹੋਏ ਹਮਲੇ ਦੇ ਅਸਲ ਸਾਜ਼ਿਸ਼ਕਰਤਾ ਹਨ। ਪੰਜਾਬ ਸੂਬੇ ਦੇ ਵਜ਼ੀਰਾਬਾਦ ਸ਼ਹਿਰ 'ਚ ਮਾਰਚ ਦੌਰਾਨ ਪਿਛਲੇ ਵੀਰਵਾਰ ਦੋ ਬੰਦੂਕਧਾਰੀਆਂ ਨੇ ਖਾਨ 'ਤੇ ਗੋਲੀਆਂ ਚਲਾ ਦਿੱਤੀਆਂ। ਗੋਲੀ ਉਨ੍ਹਾਂ ਦੀ ਸੱਜੀ ਲੱਤ 'ਚ ਲੱਗੀ ਸੀ। ਇਸ ਹਮਲੇ 'ਚ ਪੀਟੀਆਈ ਦੇ ਇੱਕ ਕਾਰਜਕਰਤਾ ਦੀ ਮੌਤ ਹੋ ਗਈ ਸੀ।
COP27 : ਬ੍ਰਿਟਿਸ਼ PM ਸੁਨਕ ਬੋਲੇ, ਜਲਵਾਯੂ ਪਰਿਵਰਤਨ 'ਤੇ ਤੇਜ਼ੀ ਨਾਲ ਕੰਮ ਕਰਨ ਦਾ ਇਹ 'ਸਹੀ ਸਮਾਂ'
NEXT STORY