ਇਸਲਾਮਾਬਾਦ- ਪਾਕਿਸਤਾਨ ਵਿਚ ਗੁਰਦੁਆਰਿਆਂ ਦੀ ਦਿਨੋਂ-ਦਿਨ ਖ਼ਸਤਾ ਹੁੰਦੀ ਹਾਲਤ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਹਾਲ ਹੀ ਵਿਚ ਖ਼ਬਰਾਂ ਆਈਆਂ ਹਨ ਕਿ ਪਾਕਿਸਤਾਨ 'ਚ ਭਾਰਤੀ ਸਰਹੱਦ ਦੇ ਕੋਲ ਸਥਿਤ ਇਤਿਹਾਸਿਕ ਗੁਰਦੁਆਰਾ ਰੋੜੀ ਸਾਹਿਬ ਬੀਤੇ ਦਿਨੀਂ ਹੋਈ ਜ਼ੋਰਦਾਰ ਬਾਰਿਸ਼ ਦੇ ਕਾਰਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਉਥੇ ਹੀ ਪਾਕਿਸਤਾਨ ਦੇ ਰਾਜ ਪੰਜਾਬ ਦੇ ਸਾਹੀਵਾਲ ਜ਼ਿਲ੍ਹੇ ਦੇ ਪਾਕਟਨ ਇਲਾਕੇ ’ਚ ਸਥਿਤ ਗੁਰਦੁਆਰਾ ਟਿੱਬਾ ਨਾਨਕਸਰ ਸਾਹਿਬ ਪਾਕਿਸਤਾਨ ਸਰਕਾਰ ਦੀ ਅਣਗਹਿਲੀ ਦੇ ਕਾਰਨ ਖੰਡਰ ਬਣਨ ਦੇ ਕਗਾਰ ’ਤੇ ਹੈ ਪਰ ਗੁਰਦੁਆਰਿਆਂ ਦੀ ਖ਼ਸਤਾ ਹਾਲਤ 'ਤੇ ਗਰਮ ਖਿਆਲੀਆਂ ਵੱਲੋਂ ਧਾਰੀ ਚੁੱਪੀ 'ਤੇ ਹੁਣ ਸਵਾਲ ਉੱਠਣ ਲੱਗੇ ਹਨ।
ਪਾਕਿਸਤਾਨ 'ਚ ਭਾਰਤੀ ਸਰਹੱਦ ਦੇ ਕੋਲ ਸਥਿਤ ਇਤਿਹਾਸਿਕ ਗੁਰਦੁਆਰਾ ਰੋੜੀ ਸਾਹਿਬ ਬੀਤੇ ਦਿਨੀਂ ਹੋਈ ਜ਼ੋਰਦਾਰ ਬਾਰਿਸ਼ ਦੇ ਕਾਰਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਹ ਗੁਰਦੁਆਰਾ ਸਾਹਿਬ ਪਾਕਿਸਤਾਨ ਦੇ ਅੰਤਿਮ ਪਿੰਡ ਜਾਹਮਨ 'ਚ ਸਦੀਆਂ ਤੋਂ ਆਕਰਸ਼ਣ ਦਾ ਕੇਂਦਰ ਬਣਿਆ ਹੋਇਆ ਸੀ। ਸੂਤਰਾਂ ਅਨੁਸਾਰ ਇਹ ਗੁਰਦੁਆਰਾ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਵਿਚ ਬਣਾਇਆ ਗਿਆ ਸੀ। ਇਸ ਇਤਿਹਾਸਿਕ ਗੁਰਦੁਆਰੇ ਦੇ ਸਥਾਨ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਤਿੰਨ ਵਾਰ ਆਏ ਸੀ। ਸੂਤਰਾਂ ਦੇ ਅਨੁਸਾਰ ਅਧਿਕਾਰੀਆਂ ਦੀ ਲਾਪਰਵਾਹੀ ਅਤੇ 1947 ਵਿਚ ਸਿੱਖਾਂ ਵੱਲੋਂ ਇਲਾਕਾ ਛੱਡਣ ਦੇ ਬਾਅਦ ਇਸ ਗੁਰਦੁਆਰੇ ਦੀਆਂ ਜ਼ਮੀਨਾਂ ’ਤੇ ਨਾਜਾਇਜ਼ ਕਬਜ਼ੇ ਵੀ ਮੁੱਖ ਤੌਰ 'ਤੇ ਇਸ ਦੇ ਪਤਣ ਨੂੰ ਵਧਾਉਣ ਦਾ ਕਾਰਨ ਹਨ। ਇਸ ਕਾਰਨ ਇਮਾਰਤ ਦੀ ਹਾਲਤ ਕਾਫ਼ੀ ਖ਼ਸਤਾ ਹੁੰਦੀ ਗਈ, ਜਿਸ ਕਾਰਨ ਬੀਤੇ ਦਿਨੀਂ ਹੋਈ ਬਰਸਾਤ ਨੇ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਇਹ ਹਾਲ ਕਰ ਦਿੱਤਾ। ਇਸ ਗੁਰਦੁਆਰੇ ਦੀ ਜ਼ਿਆਦਾਦਰ ਜ਼ਮੀਨ ’ਤੇ ਕੁਝ ਭੂ-ਮਾਫੀਆ ਦੇ ਲੋਕਾਂ ਨੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕਿਸੇ ਸਮੇਂ ਇਹ ਗੁਰਦੁਆਰਾ ਸਿੱਖ ਬਹੁਗਿਣਤੀ ਵਾਲੇ ਪਿੰਡ ਜਾਹਮਣ ਵਿਚ ਕਰੀਬ 500 ਕਨਾਲਾਂ ਵਿਚ ਬਣਿਆ ਹੋਇਆ ਸੀ। ਜਿਸ ਵਿਚ ਸਾਹਮਣੇ ਇਕ ਵੱਡੀ ਝੀਲ ਸੀ ਜੋ ਅੱਜ ਵੀ ਮੌਜੂਦ ਹੈ। ਇਸ ਵਿਚ ਨਾਨਕਸ਼ਹੀ ਇੱਟਾਂ ਦੀ ਬਣੀ ਦੋ ਮੰਜ਼ਿਲਾ ਇਮਾਰਤ ਸੀ ਅਤੇ ਗੁਰਦੁਆਰੇ ਦੇ ਸਿਰੇ ਉੱਤੇ ਇੱਕ ਵਿਸ਼ਾਲ ਸੁਨਹਿਰੀ ਗੁੰਬਦ ਸੀ। ਪਰ ਹੁਣ ਬਰਸਾਤ ਕਾਰਨ ਗੁਰਦੁਆਰੇ ਦਾ ਗੁੰਬਦ, ਅੰਦਰਲਾ ਹਿੱਸਾ ਅਤੇ ਅਗਲਾ ਹਿੱਸਾ ਪੂਰੀ ਤਰਾਂ ਢਹਿ ਗਿਆ ਹੈ। ਕਰੀਬ 20 ਦਿਨ ਪਹਿਲਾਂ ਹੋਈ ਭਾਰੀ ਬਾਰਿਸ਼ ਤੋਂ ਪਹਿਲਾਂ ਇਹ ਗੁਰਦੁਆਰਾ ਪੂਰੀ ਸ਼ਾਨ ਨਾਲ ਖੜਾ ਸੀ। ਸੂਤਰਾਂ ਅਨੁਸਾਰ ਇਹ ਇਤਿਹਾਸਕ ਗੁਰਦੁਆਰਾ ਰੋੜੀ ਸਾਹਿਬ ਲਾਹੌਰ ਤੋਂ ਕਰੀਬ 30 ਕਿਲੋਮੀਟਰ ਦੂਰ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਾਵਨ ਅਸਥਾਨ ਪਿੰਡ ਤੋਂ ਅੱਧਾ ਕਿੱਲੋਮੀਟਰ ਬਾਹਰ ਸਥਿਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਇਸ ਅਸਥਾਨ ’ਤੇ ਠਹਿਰਦੇ ਸਨ। ਇਸ ਗੁਰਦੁਆਰਾ ਸਾਹਿਬ ਦੇ ਢਹਿ ਜਾਣ ਦੇ ਬਾਵਜੂਦ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਅਤੇ ਪ੍ਰਮੁੱਖ ਸਿੱਖ ਅਜੇ ਤਕ ਇਸ ਗੁਰਦੁਆਰੇ ਦੀ ਹਾਲਤ ਦੇਖਣ ਨਹੀਂ ਆਏ।
ਉਥੇ ਹੀ ਪਾਕਿਸਤਾਨ ਦੇ ਰਾਜ ਪੰਜਾਬ ਦੇ ਸਾਹੀਵਾਲ ਜ਼ਿਲ੍ਹੇ ਦੇ ਪਾਕਟਨ ਇਲਾਕੇ ’ਚ ਸਥਿਤ ਗੁਰਦੁਆਰਾ ਟਿੱਬਾ ਨਾਨਕਸਰ ਸਾਹਿਬ ਪਾਕਿਸਤਾਨ ਸਰਕਾਰ ਦੀ ਅਣਗਹਿਲੀ ਦੇ ਕਾਰਨ ਖੰਡਰ ਬਣਨ ਦੇ ਕਗਾਰ ’ਤੇ ਹੈ। ਪਾਕਿਸਤਾਨ ਵਕਫ਼ ਬੋਰਡ ਅਤੇ ਪਾਕਿਸਤਾਨ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਪਾਕਿਸਤਾਨ ਵਿਚ ਇਤਿਹਾਸਕ ਗੁਰਦੁਆਰਿਆਂ ਦੀ ਸੰਭਾਲ ਕਰਨ ਵਿਚ ਪੂਰੀ ਤਰ੍ਹਾਂ ਨਾਲ ਅਸਫ਼ਲ ਰਹੀ ਹੈ। ਪਾਕਟਨ ਤੋਂ ਲਗਭਗ 6 ਕਿਲੋਮੀਟਰ ਦੂਰ ਸਥਿਤ ਇਹ ਪਵਿੱਤਰ ਗੁਰਦੁਆਰਾ ਸ੍ਰੀ ਨਾਨਕ ਦੇਵ ਜੀ ਮਹਾਰਾਜ ਨਾਲ ਸਬੰਧਤ ਹੈ। ਸੂਤਰਾਂ ਅਨੁਸਾਰ ਸਿੱਖ ਧਰਮ ’ਚ ਇਸ ਧਾਰਮਿਕ ਸਥਾਨ ਦਾ ਬਹੁਤ ਮਹੱਤਵ ਹੈ, ਕਿਉਂਕਿ ਇਹ ਮੰਨਿਆ ਜਾਦਾ ਹੈ ਕਿ ਇਹ ਉਹ ਸਥਾਨ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਾ ਇਬ੍ਰਾਹਿਮ ਫਰੀਦ ਸਾਨੀ ਨਾਲ ਬਾਬਾ ਫਰੀਦ ਜੀ ਦੀ ਬਾਣੀ ਨੂੰ ਇਕੱਠਾ ਕੀਤਾ ਸੀ, ਜੋ ਬਾਅਦ ’ਚ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਕੀਤੀ ਗਈ ਸੀ। ਸੂਤਰਾਂ ਅਨੁਸਾਰ ਇਹ ਗੁਰਦੁਆਰਾ ਸਾਹਿਬ ਦੀ ਸੀਮਾ ’ਚ ਹੀ ਬਾਬਾ ਫਰੀਦ ਦੇ ਵੰਸ਼ਜ਼ ਬਾਬਾ ਫਤਿਹਸ਼ਾਹ ਉੱਲਾ ਨੂਰੀ ਚਿਸ਼ਤੀ ਦੇ ਮਕਬਰੇ ਅਤੇ ਮਸਜਿਦ ਨੂੰ ਬਹੁਤ ਹੀ ਚੰਗੇ ਢੰਗ ਨਾਲ ਸਾਫ ਸੁਥਰਾ ਰੱਖਦੇ ਹਨ, ਉੱਥੇ ਪ੍ਰਬੰਧਕਾਂ ਦੁਆਰਾ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਅਣਦੇਖੀ ਕੀਤੀ ਜਾਂਦੀ ਹੈ। ਇਸ ਗੁਰਦੁਆਰੇ ਦੀ ਇਮਾਰਤ ਨੂੰ ਪਿੰਡ ਦੇ ਲੋਕ ਪਸ਼ੂਆਂ ਦੇ ਚਾਰੇ ਨੂੰ ਰੱਖਣ ਲਈ ਪ੍ਰਯੋਗ ਕਰਦੇ ਹਨ ਅਤੇ ਇਸ ਦੀਆਂ ਕੰਧਾਂ ’ਤੇ ਗੋਬਰ ਦੇ ਉਪਲੇ ਅਤੇ ਕਮਰੇ ਗੰਦਗੀ ਅਤੇ ਪਸ਼ੂਆਂ ਦੇ ਚਾਰੇ ਨਾਲ ਭਰੇ ਹੋਏ ਹਨ। ਸ਼ੁਕਰਪੁਰ ਦੇ ਵਪਾਰੀ ਅਤੇ ਸਮਾਜ ਸੇਵਕ ਦੇਵਾ ਸਿਕੰਦਰ ਸਿੰਘ ਨੇ ਕਿਹਾ ਕਿ ਉਸ ਨੇ ਕਈ ਵਾਰ ਵਕਫ ਬੋਰਡ ਅਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗੁਰਦੁਆਰੇ ਦੀ ਮੁਰੰਮਤ ਕਰਵਾਉਣ ਅਤੇ ਸੰਭਾਲ ਕਰਨ ਦੀ ਜ਼ਿੰਮੇਵਾਰੀ ਉਸ ਨੂੰ ਸੌਂਪਣ ਦੀ ਬੇਨਤੀ ਕੀਤੀ ਹੈ ਪਰ ਵਕਫ਼ ਬੋਰਡ ਨੇ ਉਸ ਦੀ ਬੇਨਤੀ ਨੂੰ ਇਹ ਕਹਿ ਕੇ ਅਸਵੀਕਾਰ ਕਰ ਦਿੱਤਾ।
ਬ੍ਰਿਸਬੇਨ 'ਚ ਸੁਰਤਾਲ ਭੰਗੜਾ ਅਕੈਡਮੀ ਵੱਲੋਂ ਲੋਕ ਨਾਚ ਵਰਕਸ਼ਾਪ ਆਯੋਜਿਤ
NEXT STORY