ਲੰਡਨ/ਟੋਰਾਂਟੋ (ਸਰਬਜੀਤ ਸਿੰਘ ਬਨੂੜ) - ਕੈਨੇਡਾ ਦੀ ਖੁਫੀਆ ਏਜੰਸੀ ਕੈਨੇਡੀਅਨ ਸਕਿਉਰਿਟੀ ਇੰਟੈਲੀਜੈਂਸ ਸਰਵਿਸ (ਸੀ.ਐੱਸ.ਆਈ.ਐੱਸ.) ਵੱਲੋਂ 3 ਸਤੰਬਰ 2026 ਨੂੰ ਜਾਰੀ ਵਿਦੇਸ਼ੀ ਦਖ਼ਲਅੰਦਾਜ਼ੀ ਸਬੰਧੀ ਰਿਪੋਰਟ ਵਿੱਚ ਚੀਨ, ਭਾਰਤ, ਰੂਸ, ਪਾਕਿਸਤਾਨ ਅਤੇ ਇਰਾਨ ਦੀਆਂ ਸਰਗਰਮੀਆਂ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ ਗਿਆ ਹੈ। ਸੀ.ਐੱਸ.ਆਈ.ਐੱਸ. ਨੇ ਚੀਨ ਨੂੰ ਕੈਨੇਡਾ ਵਿੱਚ ਸਭ ਤੋਂ ਵੱਧ ਸਰਗਰਮ ਵਿਦੇਸ਼ੀ ਦਖ਼ਲਅੰਦਾਜ਼ੀ ਕਰਨ ਵਾਲਾ ਦੇਸ਼ ਦੱਸਿਆ ਹੈ, ਜਦਕਿ ਭਾਰਤ ਨੂੰ ਦੂਜਾ ਸਭ ਤੋਂ ਵਿਆਪਕ ਵਿਦੇਸ਼ੀ ਦਖ਼ਲਅੰਦਾਜ਼ੀ ਕਰਨ ਵਾਲਾ ਦੇਸ਼ ਕਰਾਰ ਦਿੱਤਾ ਹੈ।
ਕੈਨੇਡਾ ਅਤੇ ਭਾਰਤ ਵਿਚਾਲੇ ਪਿਛਲੇ ਕੁਝ ਸਾਲਾਂ ਦੌਰਾਨ ਪੈਦਾ ਹੋਏ ਤਣਾਅ ਦਾ ਕਾਰਨ ਖਾਲਿਸਤਾਨ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦਾ ਕਤਲ ਰਿਹਾ ਹੈ। 18 ਜੂਨ 2023 ਨੂੰ ਬ੍ਰਿਟਿਸ਼ ਕੋਲੰਬੀਆ ਵਿੱਚ ਨਿੱਝਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸਤੰਬਰ 2023 ਵਿੱਚ ਤਤਕਾਲੀ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੰਸਦ ਵਿੱਚ ਕਿਹਾ ਸੀ ਕਿ ਕੈਨੇਡੀਅਨ ਸੁਰੱਖਿਆ ਏਜੰਸੀਆਂ ਭਾਰਤ ਸਰਕਾਰ ਦੇ ਏਜੰਟਾਂ ਅਤੇ ਨਿੱਝਰ ਦੇ ਕਤਲ ਵਿਚਕਾਰ ਸੰਭਾਵਿਤ ਸਬੰਧਾਂ ਬਾਰੇ ਭਰੋਸੇਯੋਗ ਦੋਸ਼ਾਂ ਦੀ ਜਾਂਚ ਕਰ ਰਹੀਆਂ ਹਨ। ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕੀਤਾ ਸੀ। ਇਸ ਮਾਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਕ ਤਣਾਅ ਵਧਦਾ ਗਿਆ ਅਤੇ ਰਿਸ਼ਤਿਆਂ ਵਿੱਚ ਵੱਡੀ ਦਰਾਰ ਪੈ ਗਈ।
ਅਕਤੂਬਰ 2024 ਵਿੱਚ ਇਹ ਵਿਵਾਦ ਉਸ ਵੇਲੇ ਹੋਰ ਗੰਭੀਰ ਹੋ ਗਿਆ ਜਦੋਂ ਕੈਨੇਡਾ ਨੇ ਛੇ ਭਾਰਤੀ ਡਿਪਲੋਮੈਟਾਂ ਅਤੇ ਕੌਂਸਲਰ ਅਧਿਕਾਰੀਆਂ ਨੂੰ ਦੇਸ਼ ਛੱਡਣ ਲਈ ਕਿਹਾ। ਕੈਨੇਡੀਅਨ ਅਧਿਕਾਰੀਆਂ ਨੇ ਉਸ ਸਮੇਂ ਦਾਅਵਾ ਕੀਤਾ ਸੀ ਕਿ ਜਾਂਚ ਦੌਰਾਨ ਭਾਰਤ ਸਰਕਾਰ ਨਾਲ ਜੁੜੇ ਏਜੰਟਾਂ ਅਤੇ ਕੈਨੇਡਾ ਵਿੱਚ ਕੁਝ ਹਿੰਸਕ ਅਪਰਾਧਿਕ ਸਰਗਰਮੀਆਂ ਵਿਚਕਾਰ ਸਬੰਧਾਂ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਭਾਰਤ ਨੇ ਇਨ੍ਹਾਂ ਦੋਸ਼ਾਂ ਦਾ ਵਿਰੋਧ ਕਰਦਿਆਂ ਜਵਾਬੀ ਕੂਟਨੀਤਕ ਕਾਰਵਾਈ ਕੀਤੀ ਸੀ।
ਸੀ.ਐੱਸ.ਆਈ.ਐੱਸ. ਦੀ ਨਵੀਂ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਕੋਲ ਕੈਨੇਡੀਅਨ ਭਾਈਚਾਰਿਆਂ ਅਤੇ ਲੋਕਤੰਤਰੀ ਪ੍ਰਕਿਰਿਆਵਾਂ ਵਿੱਚ ਦਖ਼ਲ ਦੇਣ ਦੀ ਇੱਛਾ ਅਤੇ ਸਮਰੱਥਾ ਦੋਵੇਂ ਮੌਜੂਦ ਹਨ। ਰਿਪੋਰਟ ਮੁਤਾਬਕ ਇਹ ਸਰਗਰਮੀਆਂ ਕਿਸੇ ਇੱਕ ਸਿਆਸੀ ਪਾਰਟੀ ਤੱਕ ਸੀਮਤ ਨਹੀਂ ਹਨ ਅਤੇ ਸੰਘੀ, ਸੂਬਾਈ ਅਤੇ ਨਗਰ ਪੱਧਰ ਤੱਕ ਸਿਆਸੀ ਪ੍ਰਕਿਰਿਆਵਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ।
ਸੀ.ਐੱਸ.ਆਈ.ਐੱਸ. ਦਾ ਦਾਅਵਾ ਹੈ ਕਿ ਭਾਰਤੀ ਅਧਿਕਾਰੀਆਂ, ਡਿਪਲੋਮੈਟਾਂ ਅਤੇ ਐਲਾਨੇ ਜਾਂ ਗੁਪਤ ਖੁਫੀਆ ਅਧਿਕਾਰੀਆਂ ਵੱਲੋਂ ਕੈਨੇਡਾ ਵਿੱਚ ਦਖ਼ਲਅੰਦਾਜ਼ੀ ਦੀਆਂ ਸਰਗਰਮੀਆਂ ਕੀਤੀਆਂ ਜਾਂਦੀਆਂ ਰਹੀਆਂ ਹਨ। ਇਸ ਮਕਸਦ ਲਈ ਵਿਚੋਲਿਆਂ, ਪ੍ਰਭਾਵਸ਼ਾਲੀ ਵਿਅਕਤੀਆਂ ਅਤੇ ਜਥੇਬੰਦੀਆਂ ਦੀ ਵਰਤੋਂ ਕੀਤੇ ਜਾਣ ਦਾ ਵੀ ਰਿਪੋਰਟ ਵਿੱਚ ਜ਼ਿਕਰ ਹੈ।
ਰਿਪੋਰਟ ਦਾ ਇੱਕ ਅਹਿਮ ਹਿੱਸਾ ਕੈਨੇਡਾ ਵਿੱਚ ਖ਼ਾਲਿਸਤਾਨ ਪੱਖੀ ਸਰਗਰਮੀਆਂ ਨਾਲ ਸਬੰਧਤ ਹੈ। ਸੀ.ਐੱਸ.ਆਈ.ਐੱਸ. ਦਾ ਦਾਅਵਾ ਹੈ ਕਿ ਭਾਰਤੀ ਮੂਲ ਦੇ ਭਾਈਚਾਰੇ ਨਾਲ ਜੁੜੇ ਮੀਡੀਆ ਅਤੇ ਸਮਾਜਿਕ ਮੀਡੀਆ ਰਾਹੀਂ ਭਾਰਤ ਪੱਖੀ ਸੁਨੇਹਿਆਂ ਨੂੰ ਅੱਗੇ ਵਧਾ ਕੇ ਕੈਨੇਡਾ-ਅਧਾਰਿਤ ਖ਼ਾਲਿਸਤਾਨ ਲਹਿਰ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਗਲਤ ਜਾਂ ਭਰਮਾਊ ਜਾਣਕਾਰੀ ਫੈਲਾਉਣ ਅਤੇ ਮੀਡੀਆ ਰਾਹੀਂ ਲੋਕਾਂ ਦੀ ਰਾਏ ਨੂੰ ਪ੍ਰਭਾਵਿਤ ਕਰਨ ਦੀਆਂ ਕੋਸ਼ਿਸ਼ਾਂ ਦਾ ਵੀ ਰਿਪੋਰਟ ਵਿੱਚ ਜ਼ਿਕਰ ਕੀਤਾ ਗਿਆ ਹੈ।
ਸੀ.ਐੱਸ.ਆਈ.ਐੱਸ. ਨੇ ਵੀਜ਼ਿਆਂ ਦੀ ਵਰਤੋਂ, ਭਾਰਤ ਜਾਣ ਤੋਂ ਰੋਕਣ ਲਈ ਕਾਲੀਆਂ ਸੂਚੀਆਂ, ਭਾਈਚਾਰਕ ਜਥੇਬੰਦੀਆਂ ਦੀ ਨਿਗਰਾਨੀ ਅਤੇ ਭਾਰਤ ਵਿੱਚ ਰਹਿੰਦੇ ਪਰਿਵਾਰਕ ਮੈਂਬਰਾਂ ਉੱਤੇ ਦਬਾਅ ਜਾਂ ਧਮਕੀਆਂ ਵਰਗੇ ਤਰੀਕਿਆਂ ਦਾ ਵੀ ਜ਼ਿਕਰ ਕੀਤਾ ਹੈ। ਏਜੰਸੀ ਮੁਤਾਬਕ ਅਜਿਹੇ ਤਰੀਕਿਆਂ ਰਾਹੀਂ ਕੈਨੇਡਾ ਵਿੱਚ ਰਹਿੰਦੇ ਲੋਕਾਂ ਦੇ ਵਿਚਾਰਾਂ ਅਤੇ ਸਰਗਰਮੀਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ।
ਰਿਪੋਰਟ ਮੁਤਾਬਕ ਛੇ ਭਾਰਤੀ ਡਿਪਲੋਮੈਟਾਂ ਅਤੇ ਕੌਂਸਲਰ ਅਧਿਕਾਰੀਆਂ ਨੂੰ ਕੈਨੇਡਾ ਤੋਂ ਕੱਢੇ ਜਾਣ ਤੋਂ ਬਾਅਦ ਵੀ ਭਾਰਤ ਨਾਲ ਜੋੜੀਆਂ ਵਿਦੇਸ਼ੀ ਦਖ਼ਲਅੰਦਾਜ਼ੀ ਦੀਆਂ ਕੋਸ਼ਿਸ਼ਾਂ ਜਾਰੀ ਰਹਿਣ ਦੀ ਸੰਭਾਵਨਾ ਹੈ। ਸੀ.ਐੱਸ.ਆਈ.ਐੱਸ. ਦਾ ਮੁਲਾਂਕਣ ਹੈ ਕਿ ਕਾਰਵਾਈ ਤੋਂ ਬਾਅਦ ਅਜਿਹੀਆਂ ਸਰਗਰਮੀਆਂ ਦੇ ਢੰਗ ਬਦਲੇ ਜਾ ਸਕਦੇ ਹਨ ਅਤੇ ਉਨ੍ਹਾਂ ਦੀ ਪਛਾਣ ਕਰਨੀ ਹੋਰ ਔਖੀ ਹੋ ਸਕਦੀ ਹੈ।
ਰਿਪੋਰਟ ਵਿੱਚ ਸਿਰਫ਼ ਭਾਰਤ ਹੀ ਨਹੀਂ, ਸਗੋਂ ਚੀਨ, ਰੂਸ, ਪਾਕਿਸਤਾਨ ਅਤੇ ਇਰਾਨ ਦੀਆਂ ਸਰਗਰਮੀਆਂ ਬਾਰੇ ਵੀ ਚਿੰਤਾ ਪ੍ਰਗਟਾਈ ਗਈ ਹੈ। ਚੀਨ ਨੂੰ ਕੈਨੇਡਾ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਦਾ ਸਭ ਤੋਂ ਵੱਡਾ ਸਰੋਤ ਦੱਸਿਆ ਗਿਆ ਹੈ। ਰੂਸ ਬਾਰੇ ਕਿਹਾ ਗਿਆ ਹੈ ਕਿ ਉਹ ਗਲਤ ਜਾਣਕਾਰੀ ਅਤੇ ਪ੍ਰਭਾਵ ਮੁਹਿੰਮਾਂ ਰਾਹੀਂ ਆਪਣੇ ਹਿੱਤਾਂ ਨੂੰ ਅੱਗੇ ਵਧਾਉਣ ਦੀ ਸਮਰੱਥਾ ਰੱਖਦਾ ਹੈ। ਪਾਕਿਸਤਾਨ ਬਾਰੇ ਸੰਘੀ ਅਤੇ ਸੂਬਾਈ ਪੱਧਰ ਦੀਆਂ ਸਿਆਸੀ ਪ੍ਰਕਿਰਿਆਵਾਂ ਵਿੱਚ ਦਖ਼ਲ ਦੀ ਸਮਰੱਥਾ ਦਾ ਜ਼ਿਕਰ ਹੈ, ਜਦਕਿ ਇਰਾਨ ਨਾਲ ਸਬੰਧਤ ਖੁਫੀਆ ਸਰਗਰਮੀਆਂ ਅਤੇ ਵਿਦੇਸ਼ਾਂ ਵਿੱਚ ਵਿਰੋਧੀ ਆਵਾਜ਼ਾਂ ਉੱਤੇ ਦਬਾਅ ਨੂੰ ਵੀ ਚਿੰਤਾ ਦਾ ਵਿਸ਼ਾ ਦੱਸਿਆ ਗਿਆ ਹੈ।
ਨਿੱਝਰ ਕਤਲ ਤੋਂ ਬਾਅਦ ਪੈਦਾ ਹੋਇਆ ਕੈਨੇਡਾ-ਭਾਰਤ ਵਿਵਾਦ ਹੁਣ ਸਿਰਫ਼ ਇੱਕ ਫ਼ੌਜਦਾਰੀ ਜਾਂਚ ਤੱਕ ਸੀਮਤ ਨਹੀਂ ਰਿਹਾ। ਵਿਦੇਸ਼ੀ ਦਖ਼ਲਅੰਦਾਜ਼ੀ, ਕੌਮੀ ਸੁਰੱਖਿਆ ਅਤੇ ਵਿਦੇਸ਼ੀ ਧਰਤੀ ’ਤੇ ਵਿਰੋਧੀ ਆਵਾਜ਼ਾਂ ਨੂੰ ਦਬਾਉਣ ਸਬੰਧੀ ਦੋਸ਼ ਵੀ ਇਸ ਵਿਵਾਦ ਦਾ ਹਿੱਸਾ ਬਣ ਚੁੱਕੇ ਹਨ। ਸੀ.ਐੱਸ.ਆਈ.ਐੱਸ. ਦੀ ਨਵੀਂ ਰਿਪੋਰਟ ਨੇ ਇਨ੍ਹਾਂ ਮੁੱਦਿਆਂ ਨੂੰ ਇੱਕ ਵਾਰ ਫਿਰ ਕੈਨੇਡਾ ਦੀ ਕੌਮੀ ਸੁਰੱਖਿਆ ਸਬੰਧੀ ਚਰਚਾ ਦੇ ਕੇਂਦਰ ਵਿੱਚ ਲਿਆ ਦਿੱਤਾ ਹੈ।
ਇਸੇ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਨਿਊਯਾਰਕ ਟਾਈਮਜ਼ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਕਿ ਭਾਰਤ ਨਾਲ ਸੁਰੱਖਿਆ ਸਹਿਯੋਗ ਵਿੱਚ ਕੁਝ ਸੁਧਾਰ ਹੋਇਆ ਹੈ, ਪਰ ਉਹ ਇਸ ਗੱਲ ਦੀ ਗਾਰੰਟੀ ਨਹੀਂ ਦੇ ਸਕਦੇ ਕਿ ਕੈਨੇਡਾ ਵਿੱਚ ਮੁੜ ਅਜਿਹੇ ਅਪਰਾਧ ਨਹੀਂ ਹੋਣਗੇ।
ਕੌਂਸਲਰ ਜਗਜੀਤ ਸਿੰਘ ਹਰਦੋ ਪ੍ਰਹੌਲਾ ਨੇ ਇੱਕੋ ਦਿਨ ਦੋ ਮੈਰਾਥਨ ਦੌੜ ਕੇ ਬਣਾਇਆ ਨਵਾਂ ਰਿਕਾਰਡ
NEXT STORY