ਕੋਲੰਬੋ (ਏਜੰਸੀ)- ਸ਼੍ਰੀਲੰਕਾ ਵਿੱਚ ਭਾਰਤੀ ਹਾਈ ਕਮਿਸ਼ਨਰ ਗੋਪਾਲ ਬਾਗਲੇ ਨੇ ਪ੍ਰਧਾਨ ਮੰਤਰੀ ਦਿਨੇਸ਼ ਗੁਣਾਵਰਧਨੇ ਨਾਲ ਮੁਲਾਕਾਤ ਕੀਤੀ ਅਤੇ ਆਰਥਿਕ ਸੰਕਟ ਨਾਲ ਜੂਝ ਰਹੇ ਦੇਸ਼ ਵਿੱਚ ਨਿਵੇਸ਼ ਅਤੇ ਸਮਰੱਥਾ ਨਿਰਮਾਣ ਸਮੇਤ ਕਈ ਦੁਵੱਲੇ ਮੁੱਦਿਆਂ ਬਾਰੇ ਚਰਚਾ ਕੀਤੀ। ਭਾਰਤ ਨੇ ਇਸ ਸਾਲ ਆਪਣੇ ਗੁਆਂਢੀ ਦੇਸ਼ ਸ਼੍ਰੀਲੰਕਾ ਨੂੰ ਸਭ ਤੋਂ ਵੱਧ ਵਿੱਤੀ ਸਹਾਇਤਾ ਦਿੱਤੀ ਹੈ। ਸ਼੍ਰੀਲੰਕਾ ਸੱਤ ਦਹਾਕਿਆਂ ਤੋਂ ਵੱਧ ਸਮੇਂ ਵਿੱਚ ਆਪਣੇ ਸਭ ਤੋਂ ਗੰਭੀਰ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ ਅਤੇ ਆਯਾਤ ਲਈ ਭੁਗਤਾਨ ਕਰਨ ਲਈ ਸੰਘਰਸ਼ ਕਰ ਰਿਹਾ ਹੈ।

ਭਾਰਤੀ ਹਾਈ ਕਮਿਸ਼ਨ ਨੇ ਪਿਛਲੇ ਹਫਤੇ ਸ਼੍ਰੀਲੰਕਾ ਸਰਕਾਰ ਨਾਲ ਇਸ ਟਾਪੂ ਦੇਸ਼ ਦੇ ਦੁਵੱਲੇ ਅਧਿਕਾਰਤ ਕਰਜ਼ੇ ਦੀ ਅਦਾਇਗੀ ਦੀਆਂ ਸ਼ਰਤਾਂ ਵਿੱਚ ਬਦਲਾਅ ਦੇ ਵਿਸ਼ੇ 'ਤੇ ਪਹਿਲੇ ਦੌਰ ਦੀ ਗੱਲਬਾਤ ਕੀਤੀ ਸੀ। ਭਾਰਤੀ ਹਾਈ ਕਮਿਸ਼ਨ ਨੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਇਹ ਚਰਚਾ ਸ਼੍ਰੀਲੰਕਾ ਲਈ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਦੀ ਛੇਤੀ ਪ੍ਰਵਾਨਗੀ ਲਈ ਭਾਰਤ ਦੇ ਸਮਰਥਨ ਦਾ ਪ੍ਰਤੀਕ ਹੈ।
ਹਾਈ ਕਮਿਸ਼ਨ ਨੇ ਵੀਰਵਾਰ ਨੂੰ ਹੋਈ ਬੈਠਕ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਟਵੀਟ ਕੀਤਾ, 'ਹਾਈ ਕਮਿਸ਼ਨਰ ਨੇ ਪ੍ਰਧਾਨ ਮੰਤਰੀ ਗੁਣਵਰਧਨੇ ਨਾਲ ਮੁਲਾਕਾਤ ਕੀਤੀ। ਨਿਵੇਸ਼, ਸਾਂਝੀ ਵਿਰਾਸਤ ਅਤੇ ਸਮਰੱਥਾ ਨਿਰਮਾਣ ਸਮੇਤ ਸਾਂਝੇ ਹਿੱਤਾਂ ਦੇ ਕਈ ਦੁਵੱਲੇ ਮੁੱਦਿਆਂ 'ਤੇ ਚਰਚਾ ਕੀਤੀ ਗਈ।' ਜ਼ਿਕਰਯੋਗ ਹੈ ਕਿ ਸ਼੍ਰੀਲੰਕਾ ਅਤੇ ਆਈ.ਐੱਮ.ਐੱਫ. ਨੇ ਸਤੰਬਰ ਦੀ ਸ਼ੁਰੂਆਤ ਵਿਚ ਲਗਭਗ 2.9 ਅਰਬ ਡਾਲਰ ਦੇ ਕਰਜ਼ੇ ਲਈ ਇਕ ਸ਼ੁਰੂਆਤੀ ਸਮਝੌਤਾ ਕੀਤਾ ਸੀ।
ਨੇਪਾਲ 'ਚ ਮਿੰਨੀ ਬੱਸ ਹਾਦਸਾਗ੍ਰਸਤ, ਇਕ ਭਾਰਤੀ ਸਮੇਤ 7 ਲੋਕਾਂ ਦੀ ਮੌਤ
NEXT STORY