ਸਿਡਨੀ— ਭਾਰਤੀ ਵਿਦਿਆਰਥੀ ਚੰਗੀ ਪੜ੍ਹਾਈ ਅਤੇ ਸੁਨਹਿਰੇ ਭਵਿੱਖ ਬਣਾਉਣ ਲਈ ਆਸਟ੍ਰੇਲੀਆ ਜਾਣ ਲਈ ਕਾਫੀ ਉਤਸੁਕ ਰਹਿੰਦੇ ਹਨ ਪਰ ਪਿਛਲੇ ਸਮੇਂ ਤੋਂ ਇੱਥੋਂ ਦੇ ਸਖਤ ਕਾਨੂੰਨਾਂ ਕਾਰਨ ਵਿਦਿਆਰਥੀਆਂ ਲਈ ਆਸਟ੍ਰੇਲੀਆ ਜਾਣ ਦਾ ਰਾਹ ਔਖਾ ਹੁੰਦਾ ਜਾ ਰਿਹਾ ਹੈ। ਸਤੰਬਰ ਮਹੀਨੇ ਵੱਡੀ ਗਿਣਤੀ 'ਚ ਭਾਰਤੀ ਵਿਦਿਆਰਥੀਆਂ ਦੇ ਵੀਜ਼ੇ ਰੱਦ ਹੋਏ ਜਿਸ ਕਾਰਨ ਆਸਟ੍ਰੇਲੀਆ ਜਾਣ ਵਾਲੇ ਵਿਦਿਆਰਥੀਆਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ 'ਚ ਵੱਡੀ ਗਿਣਤੀ ਪੰਜਾਬੀਆਂ ਤੇ ਹਰਿਆਣੇ ਦੇ ਵਿਦਿਆਰਥੀਆਂ ਦੀ ਹੈ। ਹਾਲ ਹੀ 'ਚ ਹੋਏ ਬਦਲਾਅ ਮੁਤਾਬਕ ਵਿਦਿਆਰਥੀਆਂ ਦੀ ਅੰਗਰੇਜ਼ੀ ਭਾਸ਼ਾ 'ਤੇ ਬਹੁਤ ਵਧੀਆ ਪਕੜ ਹੋਣੀ ਜ਼ਰੂਰੀ ਹੈ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਫੰਡ ਸ਼ੋਅ ਕਰਨ ਲਈ ਬੈਂਕ ਦੀ ਸਟੇਟਮੈਂਟ ਨੱਥੀ ਕਰਨ ਦੀ ਜ਼ਰੂਰਤ ਹੈ। ਸਿਰਫ ਭਾਰਤੀ ਹੀ ਨਹੀਂ ਪਾਕਿਸਤਾਨੀ ਤੇ ਨੇਪਾਲੀ ਵਿਦਿਆਰਥੀਆਂ ਨੂੰ ਵੀ ਅਜਿਹੀਆਂ ਹੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਤਰ੍ਹਾਂ ਨਾਲ ਉਹ ਹਾਈ ਰਿਸਕ ਕੈਟਾਗਰੀ 'ਚ ਪੁੱਜ ਗਏ ਹਨ।
ਚੀਨ ਤੋਂ ਬਾਅਦ ਆਸਟ੍ਰੇਲੀਆ ਜਾਣ ਵਾਲਿਆਂ 'ਚ ਸਭ ਤੋਂ ਵਧ ਭਾਰਤੀ ਵਿਦਿਆਰਥੀ ਹਨ। ਇਸ ਸਮੇਂ 72,000 ਤੋਂ ਵਧੇਰੇ ਭਾਰਤੀ ਵਿਦਿਆਰਥੀ ਆਸਟ੍ਰੇਲੀਆ 'ਚ ਹਨ। ਜ਼ਿਕਰਯੋਗ ਹੈ ਕਿ ਇਸ ਸਾਲ ਦੀ ਸ਼ੁਰੂਆਤ 'ਚ ਆਸਟ੍ਰੇਲੀਆ ਸਰਕਾਰ ਨੇ ਕਿਹਾ ਸੀ ਕਿ ਉਹ ਵਧਦੀ ਹੋਈ ਜਨਸੰਖਿਆ ਨੂੰ ਦੇਖਦੇ ਹੋਏ ਸਥਾਈ ਮਾਈਗ੍ਰੈਂਟਸ ਨੂੰ ਇੱਥੇ ਆਉਣ 'ਤੇ ਰੋਕ ਲਗਾ ਰਹੇ ਹਨ। ਮਾਇਗ੍ਰੇਸ਼ਨ ਏਜੰਟਾਂ ਦਾ ਮੰਨਣਾ ਹੈ ਕਿ ਆਸਟ੍ਰੇਲੀਆ ਸਰਕਾਰ ਦੇ ਇਸ ਫੈਸਲੇ ਦੀ ਗਾਜ ਵਿਦਿਆਰਥੀ ਵੀਜ਼ੇ 'ਤੇ ਡਿੱਗ ਸਕਦੀ ਹੈ।
ਮਾਹਿਰਾਂ ਦੀ ਰਾਇ ਹੈ ਕਿ ਵਿਦਿਆਰਥੀ ਵੀਜ਼ੇ ਲਈ ਅਪਲਾਈ ਕਰਦੇ ਸਮੇਂ ਬਿਨੈਕਾਰ ਵਧੇਰੇ ਧਿਆਨ ਨਾਲ ਫਾਰਮ ਭਰਨ ਤਾਂ ਕਿ ਉਹ ਰੀਜੈਕਟ ਤੋਂ ਬਚ ਸਕਣ। ਮਾਹਿਰਾਂ ਦਾ ਮੰਨਣਾ ਹੈ ਕਿ ਸਰਕਾਰ ਵਲੋਂ ਇਹ ਸਖਤ ਕਦਮ ਇਸ ਲਈ ਚੁੱਕੇ ਜਾ ਰਹੇ ਹਨ ਕਿਉਂਕਿ ਬਹੁਤ ਸਾਰੇ ਵਿਦਿਆਰਥੀ ਪੜ੍ਹਾਈ ਦੀ ਥਾਂ ਆਪਣੀ ਨੌਕਰੀ 'ਤੇ ਵਧੇਰੇ ਧਿਆਨ ਦੇ ਰਹੇ ਹਨ। ਸਰਕਾਰ ਵਲੋਂ ਵਿਦਿਆਰਥੀਆਂ ਨੂੰ ਇਰ ਹਫਤੇ 'ਚ ਸਿਰਫ 20 ਘੰਟੇ ਕੰਮ ਕਰਨ ਦੀ ਇਜਾਜ਼ਤ ਹੈ ਪਰ ਵਧੇਰੇ ਵਿਦਿਆਰਥੀ 40-42 ਘੰਟੇ ਤਕ ਕੰਮ ਕਰਦੇ ਹਨ। ਬਹੁਤ ਸਾਰੇ ਵਿਦਿਆਰਥੀ ਤਾਂ ਮਾਸਟਰ ਡਿਗਰੀ ਲੈਣ ਦੇ ਬਹਾਨੇ ਆਉਂਦੇ ਹਨ ਪਰ ਬਾਅਦ 'ਚ ਉਹ ਇਸ ਨੂੰ ਡਿਪਲੋਮੇ 'ਚ ਬਦਲ ਦਿੰਦੇ ਹਨ ਅਤੇ ਪੈਸਾ ਕਮਾਉਣ 'ਚ ਲੱਗੇ ਰਹਿੰਦੇ ਹਨ।
ਚੀਨ ਨੇ ਅਮਰੀਕੀ NGO 'ਤੇ ਪਾਬੰਦੀ ਲਗਾਉਣ ਦਾ ਕੀਤਾ ਐਲਾਨ
NEXT STORY