ਸਿੰਗਾਪੁਰ (ਏਜੰਸੀ)- ਦੁਨੀਆ ਭਰ ਵਿੱਚ ਆਸਮਾਨ ਛੂੰਹਦੀ ਮਹਿੰਗਾਈ ਦਰਮਿਆਨ ਲੋਕਾਂ ਨੂੰ ਸਭ ਤੋਂ ਵੱਧ ਪਰੇਸ਼ਾਨ ਭੋਜਨ ਦੀਆਂ ਵਧਦੀਆਂ ਕੀਮਤਾਂ ਕਰ ਰਹੀਆਂ ਹਨ। ਵਿਕਾਸਸ਼ੀਲ ਦੇਸ਼ਾਂ ਤੋਂ ਇਲਾਵਾ ਸਿੰਗਾਪੁਰ ਵਰਗਾ ਉੱਨਤ ਅਰਥਵਿਵਸਥਾ ਵਾਲਾ ਦੇਸ਼ ਵੀ ਇਸ ਦੇ ਪ੍ਰਭਾਵ ਤੋਂ ਅਛੂਤਾ ਨਹੀਂ ਹੈ। ਘਰੇਲੂ ਕੀਮਤਾਂ 'ਤੇ ਕਾਬੂ ਪਾਉਣ ਲਈ ਕਈ ਦੇਸ਼ਾਂ ਨੇ ਭੋਜਨ ਦੇ ਆਯਾਤ 'ਤੇ ਪਾਬੰਦੀ ਲਗਾ ਦਿੱਤੀ ਹੈ। ਮਲੇਸ਼ੀਆ ਨੇ ਪਿਛਲੇ ਮਹੀਨੇ ਜ਼ਿੰਦਾ ਬਰਾਇਲਰ ਚਿਕਨ ਦੇ ਨਿਰਯਾਤ 'ਤੇ ਪਾਬੰਦੀ ਲਗਾ ਦਿੱਤੀ ਸੀ।
ਇਹ ਵੀ ਪੜ੍ਹੋ: ਅਮਰੀਕਾ ਦੇ ਆਯੋਵਾ 'ਚ ਇਕੋ ਪਰਿਵਾਰ ਦੇ 3 ਜੀਆਂ ਦਾ ਗੋਲੀਆਂ ਮਾਰ ਕੇ ਕਤਲ
ਮਲੇਸ਼ੀਆ ਤੋਂ ਵੱਡੀ ਗਿਣਤੀ ਵਿੱਚ ਪੋਲਟਰੀ ਦਾ ਆਯਾਤ ਕਰਨ ਵਾਲਾ ਸਿੰਗਾਪੁਰ ਵੀ ਇਸ ਫ਼ੈਸਲੇ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਤੇਲ ਤੋਂ ਲੈ ਕੇ ਚਿਕਨ ਤੱਕ ਦੀਆਂ ਕੀਮਤਾਂ ਵਧਣ ਕਾਰਨ ਕੇਟਰਿੰਗ ਕਾਰੋਬਾਰ ਨਾਲ ਜੁੜੇ ਅਦਾਰਿਆਂ ਨੂੰ ਵੀ ਕੀਮਤਾਂ ਵਧਾਉਣੀਆਂ ਪਈਆਂ ਹਨ। ਇਸ ਕਾਰਨ ਲੋਕਾਂ ਨੂੰ ਖਾਣ-ਪੀਣ ਦੀਆਂ ਵਸਤੂਆਂ ਲਈ 10-20 ਫ਼ੀਸਦੀ ਵੱਧ ਕੀਮਤ ਚੁਕਾਉਣੀ ਪੈ ਰਹੀ ਹੈ। ਖ਼ਪਤਕਾਰਾਂ ਨੂੰ ਸਮਾਨ ਮਾਤਰਾ ਦੀ ਵਸਤੂ ਲਈ ਜਾਂ ਤਾਂ ਜ਼ਿਆਦਾ ਭੁਗਤਾਨ ਕਰਨਾ ਪੈ ਰਿਹਾ ਹੈ ਜਾਂ ਫਿਰ ਉਨ੍ਹਾਂ ਨੂੰ ਭੋਜਨ ਦੀ ਮਾਤਰਾ ਵਿਚ ਕਟੌਤੀ ਕਰਨੀ ਪੈ ਰਹੀ ਹੈ। ਲੇਬਨਾਨ ਵਿੱਚ ਸੰਯੁਕਤ ਰਾਸ਼ਟਰ ਫੂਡ ਪ੍ਰੋਗਰਾਮ ਲੋਕਾਂ ਨੂੰ ਭੋਜਨ ਖ਼ਰੀਦਣ ਲਈ ਨਕਦੀ ਦੇ ਰਿਹਾ ਹੈ। ਆਰਥਿਕ ਖੋਜ ਏਜੰਸੀ ਕੈਪੀਟਲ ਇਕਨਾਮਿਕਸ ਦੇ ਅਨੁਸਾਰ, ਉਭਰ ਰਹੇ ਬਾਜ਼ਾਰਾਂ ਵਿੱਚ ਇਸ ਸਾਲ ਭੋਜਨ ਦੀਆਂ ਕੀਮਤਾਂ ਵਿੱਚ ਲਗਭਗ 14 ਫ਼ੀਸਦੀ ਅਤੇ ਵਿਕਸਤ ਅਰਥਚਾਰਿਆਂ ਵਿੱਚ 7 ਫ਼ੀਸਦੀ ਤੋਂ ਵੱਧ ਦਾ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ: ਨਿਊਯਾਰਕ 'ਚ ਦਹਾਕੇ ਬਾਅਦ ਪੋਲੀਓ ਦੇ ਪਹਿਲੇ ਕੇਸ ਦੀ ਹੋਈ ਪੁਸ਼ਟੀ, 20 ਸਾਲਾ ਨੌਜਵਾਨ 'ਚ ਮਿਲੇ ਲੱਛਣ
ਏਜੰਸੀ ਦਾ ਅੰਦਾਜ਼ਾ ਹੈ ਕਿ ਉੱਚ ਮਹਿੰਗਾਈ ਕਾਰਨ ਵਿਕਸਤ ਬਾਜ਼ਾਰਾਂ ਵਿੱਚ ਇਸ ਸਾਲ ਅਤੇ ਅਗਲੇ ਸਾਲ ਵੀ ਖਾਣ-ਪੀਣ ਦੀਆਂ ਵਸਤੂਆਂ 'ਤੇ ਪਰਿਵਾਰਾਂ ਨੂੰ 7 ਅਰਬ ਡਾਲਰ ਵਾਧੂ ਖ਼ਰਚ ਕਰਨੇ ਪੈਣਗੇ। ਵਰਲਡ ਫੂਡ ਪ੍ਰੋਗਰਾਮ ਅਤੇ ਸੰਯੁਕਤ ਰਾਸ਼ਟਰ ਦੀਆਂ 4 ਹੋਰ ਏਜੰਸੀਆਂ ਦੀ ਗਲੋਬਲ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਿਛਲੇ ਸਾਲ 2.3 ਅਰਬ ਲੋਕਾਂ ਨੂੰ ਗੰਭੀਰ ਜਾਂ ਮੱਧਮ ਪੱਧਰ ਦੀ ਭੁੱਖਮਰੀ ਦਾ ਸਾਹਮਣਾ ਕਰਨਾ ਪਿਆ। ਸੂਡਾਨ ਵਿੱਚ ਹਾਲਾਤ ਗੰਭੀਰ ਹਨ, ਜਿੱਥੇ ਇਸ ਸਾਲ ਮਹਿੰਗਾਈ ਇੱਕ 245 ਫ਼ੀਸਦੀ ਦੇ ਅਵਿਸ਼ਵਾਸਯੋਗ ਪੱਧਰ ਤੱਕ ਪਹੁੰਚ ਸਕਦੀ ਹੈ। ਉਥੇ ਹੀ ਈਰਾਨ 'ਚ ਮਈ ਮਹੀਨੇ 'ਚ ਚਿਕਨ, ਅੰਡੇ ਅਤੇ ਦੁੱਧ ਦੀਆਂ ਕੀਮਤਾਂ 'ਚ 300 ਫ਼ੀਸਦੀ ਦਾ ਵਾਧਾ ਹੋਇਆ ਹੈ। ਅਕਾਲ, ਸਪਲਾਈ ਚੇਨ ਦੇ ਮੁੱਦਿਆਂ, ਉੱਚ ਊਰਜਾ ਕੀਮਤਾਂ ਅਤੇ ਖਾਦ ਦੀਆਂ ਕੀਮਤਾਂ ਕਾਰਨ ਦੁਨੀਆ ਭਰ ਵਿੱਚ ਭੋਜਨ ਦੀਆਂ ਕੀਮਤਾਂ ਆਸਮਾਨ ਨੂੰ ਛੂਹ ਰਹੀਆਂ ਹਨ। ਇਸ ਦੀ ਜ਼ਿਆਦਾ ਮਾਰ ਵਿਕਾਸਸ਼ੀਲ ਦੇਸ਼ਾਂ ਦੇ ਹੇਠਲੇ ਵਰਗ ਦੇ ਲੋਕ ਝੱਲ ਰਹੇ ਹਨ ਅਤੇ ਉਨ੍ਹਾਂ ਲਈ ਢੁੱਕਵੇਂ ਭੋਜਨ ਦਾ ਪ੍ਰਬੰਧ ਕਰਨਾ ਮੁਸ਼ਕਲ ਹੋ ਗਿਆ ਹੈ।
ਇਹ ਵੀ ਪੜ੍ਹੋ: ਪਾਰਟੀ ਇੰਜੁਆਏ ਕਰ ਰਹੇ ਵਿਅਕਤੀ ਨੂੰ ਅਚਾਨਕ ਨਿਗਲ ਗਿਆ ਸਵਿਮਿੰਗ ਪੂਲ, ਦੇਖੋ ਖੌਫ਼ਨਾਕ ਵੀਡੀਓ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਅਮਰੀਕਾ ਦੇ ਆਯੋਵਾ 'ਚ ਇਕੋ ਪਰਿਵਾਰ ਦੇ 3 ਜੀਆਂ ਦਾ ਗੋਲੀਆਂ ਮਾਰ ਕੇ ਕਤਲ
NEXT STORY