ਸਰੀ,(ਏਜੰਸੀ)— ਕੈਨੇਡਾ 'ਚ ਵੱਡੀ ਗਿਣਤੀ 'ਚ ਪੰਜਾਬੀ ਰਹਿੰਦੇ ਹਨ। ਇੱਥੇ ਬਹੁਤ ਸਾਰੇ ਪੰਜਾਬੀਆਂ ਨੇ ਨਾਮ ਕਮਾਇਆ ਹੈ। ਅੱਜ ਅਸੀਂ ਗੱਲ ਕਰ ਰਹੇ ਹਾਂ ਕੈਨੇਡਾ ਦੇ ਪਹਿਲੇ ਦਸਤਾਰਧਾਰੀ ਸਿੱਖ ਅਫਸਰ ਬਲਤੇਜ ਸਿੰਘ ਢਿੱਲੋਂ ਦੀ, ਜਿਨ੍ਹਾਂ ਨੇ ਮੁਸ਼ਕਲਾਂ ਨੂੰ ਵੀ ਮੁਸ਼ਕਲ 'ਚ ਪਾ ਦਿੱਤਾ। ਉਨ੍ਹਾਂ ਨੂੰ 1990 'ਚ ਕੈਨੇਡਾ ਦੀ ਪੁਲਸ 'ਚ ਭਰਤੀ ਹੋਣ ਦਾ ਮਾਣ ਮਿਲਿਆ। ਹੁਣ ਤਕ ਉਨ੍ਹਾਂ ਨੂੰ ਕਈ ਵਾਰ ਪ੍ਰਮੋਸ਼ਨ ਮਿਲ ਚੁੱਕੀ ਹੈ ਅਤੇ ਕਈ ਦੇਸ਼ਾਂ 'ਚ ਉਨ੍ਹਾਂ ਦਾ ਨਾਂ ਰੌਸ਼ਨ ਹੋਇਆ ਹੈ ਪਰ ਇੱਥੋਂ ਤਕ ਪੁੱਜਣ ਲਈ ਉਨ੍ਹਾਂ ਨੂੰ ਬਹੁਤ ਔਕੜਾਂ ਸਹਿਣ ਕਰਨੀਆਂ ਪਈਆਂ। ਉਨ੍ਹਾਂ ਨੇ ਆਪਣੇ ਜਜ਼ਬੇ ਨੂੰ ਕਦੇ ਘੱਟ ਨਹੀਂ ਹੋਣ ਦਿੱਤਾ ਅਤੇ ਇਸੇ ਕਾਰਨ ਹੁਣ ਉਨ੍ਹਾਂ ਨੂੰ ਸਾਲ 2018-19 ਲਈ ਕਮਿਊਨੀਕੇਸ਼ਨ ਅਤੇ ਲੀਡਰਸ਼ਿਪ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।

ਉਨ੍ਹਾਂ ਦਾ ਜਨਮ ਮਲੇਸ਼ੀਆ 'ਚ ਹੋਇਆ ਸੀ ਅਤੇ ਫਿਰ ਉਹ 16 ਸਾਲਾਂ ਬਾਅਦ ਕੈਨੇਡਾ ਆ ਗਏ। ਉਨ੍ਹਾਂ ਦੱਸਿਆ ਕਿ ਜਦ ਉਨ੍ਹਾਂ ਨੇ ਪੁਲਸ 'ਚ ਭਰਤੀ ਹੋਣ ਲਈ ਸਾਰੇ ਟੈੱਸਟ ਪਾਸ ਕਰ ਲਏ ਸਨ ਤਾਂ ਵੀ ਉਨ੍ਹਾਂ ਨੂੰ ਪੁਲਸ 'ਚ ਭਰਤੀ ਨਹੀਂ ਹੋਣ ਦਿੱਤਾ ਗਿਆ। ਰਾਇਲ ਕੈਨੇਡੀਅਨ ਮਾਊਂਟਡ ਪੁਲਸ 'ਚ ਉਸ ਸਮੇਂ ਤਕ ਕੋਈ ਦਸਤਾਰਧਾਰੀ ਨੌਕਰੀ ਨਹੀਂ ਕਰ ਰਿਹਾ ਸੀ। ਬਹੁਤ ਮੁਸ਼ਕਲਾਂ ਮਗਰੋਂ ਜਦ ਉਨ੍ਹਾਂ ਨੂੰ ਨੌਕਰੀ ਮਿਲੀ ਤਦ ਵੀ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕੀਤਾ ਗਿਆ। ਉਨ੍ਹਾਂ ਨੂੰ ਚਿੱਠੀਆਂ ਭੇਜੀਆਂ ਜਾਂਦੀਆਂ ਸਨ, ਜਿਸ 'ਚ ਜਾਨੋਂ ਮਾਰਨ ਦੀਆਂ ਧਮਕੀਆਂ ਹੁੰਦੀਆਂ ਸਨ। ਬਲਤੇਜ ਸਿੰਘ ਦਾ ਹੌਂਸਲਾ ਇੰਨਾ ਕੁ ਬੁਲੰਦ ਸੀ ਕਿ ਉਹ ਧਮਕੀਆਂ ਦੇ ਬਾਵਜੂਦ ਕੰਮ ਕਰਦੇ ਰਹੇ ਅਤੇ ਬੋਲਣ ਵਾਲਿਆਂ ਨੂੰ ਆਪਣੇ ਕੰਮ ਨਾਲ ਚੁੱਪ ਕਰਵਾ ਦਿੱਤਾ। ਉਨ੍ਹਾਂ ਨੂੰ ਹੁਣ ਕੌਮਾਂਤਰੀ ਐਵਾਰਡ ਮਿਲਣ ਜਾ ਰਿਹਾ ਹੈ ਅਤੇ ਇਸ ਤੋਂ ਪਹਿਲਾਂ ਭਾਰਤ 'ਚ ਵੀ ਉਨ੍ਹਾਂ ਨੂੰ ਸਾਲ 2011 'ਚ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਸਮੇਂ ਉਹ ਇੰਸਪੈਕਟਰ ਦੇ ਅਹੁਦੇ 'ਤੇ ਹਨ। ਉਹ 27 ਸਾਲਾਂ ਤੋਂ ਡਿਊਟੀ ਕਰਦੇ ਆ ਰਹੇ ਹਨ ਅਤੇ ਆਪਣੇ ਪਰਿਵਾਰ ਨਾਲ ਸਰੀ 'ਚ ਰਹਿ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਦੋ ਧੀਆਂ ਹਨ, ਜਿਨ੍ਹਾਂ 'ਚੋਂ ਇਕ ਮਿਲਟਰੀ 'ਚ ਸੇਵਾ ਨਿਭਾਅ ਰਹੀ ਹੈ। ਉਨ੍ਹਾਂ ਦਾ ਜਨਮ ਮਲੇਸ਼ੀਆ 'ਚ ਹੋਇਆ ਸੀ ਅਤੇ ਫਿਰ ਉਹ 16 ਸਾਲਾਂ ਬਾਅਦ ਕੈਨੇਡਾ ਆ ਗਏ, ਜਿੱਥੇ ਉਨ੍ਹਾਂ ਦੀ ਜ਼ਿੰਦਗੀ ਲੋਕਾਂ ਲਈ ਮਿਸਾਲ ਬਣ ਗਈ।
2 ਹਿੰਦੂ ਭੈਣਾਂ ਦੇ ਜ਼ਬਰੀ ਧਰਮ ਪਰਿਵਰਤਨ ਮਾਮਲੇ 'ਚ ਨਵਾਂ ਖੁਲਾਸਾ
NEXT STORY