ਰੋਮ/ਇਟਲੀ(ਕੈਂਥ): ਗੁਜਰਾਂਵਾਲਾ ਖਾਲਸਾ ਕਾਲਜ ਲੁਧਿਆਣਾ ਅਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵਲੋਂ ਸਾਂਝੇ ਤੌਰ 'ਤੇ ਕਰਤਾਰ ਸਿੰਘ ਸਰਾਭਾ ਅਤੇ ਉਸਦੇ ਸਾਥੀਆਂ ਦੀ ਸ਼ਹਾਦਤ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਜ਼ੂਮ ਦੇ ਮਾਧੀਅਮ ਰਾਹੀਂ ਹੋਏ ਇਸ ਅੰਤਰ-ਰਾਸ਼ਟਰੀ ਵੈਬੀਨਾਰ ਵਿੱਚ ਅਰੰਭਿਕ ਬੋਲਾਂ ਨਾਲ ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਨ੍ਹਾਂ ਦੇ ਛੇ ਸਾਥੀਆਂ ਦੀ ਦੇਸ਼ ਕੌਮ ਲਈ ਦਿੱਤੀ ਸ਼ਹਾਦਤ ਨੂੰ ਯਾਦ ਕਰਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਸਮਾਗਮ ਦੀ ਪ੍ਰਧਾਨਗੀ ਪ੍ਰੋਫੈਸਰ ਗੁਰਭਜਨ ਗਿੱਲ ਹੁਰਾਂ ਨੇ ਕੀਤੀ ਅਤੇ ਸ਼ਹੀਦ ਕਰਤਾਰ ਸਿੰਘ ਸਰਾਭੇ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਯਾਦ ਕਰਦਿਆਂ ਕਿਹਾ ਕਿ ਅੱਜ ਲੋੜ ਹੈ ਉਨ੍ਹਾਂ ਯੋਧਿਆਂ ਦੀ ਕੁਰਬਾਨੀ ਤੋਂ ਸਿੱਖਿਆ ਲੈਣ ਦੀ ਜਿਹਨਾਂ ਮਿਲਕੇ ਅਜ਼ਾਦੀ ਸੰਗਰਾਮ ਵਿੱਚ ਯੋਗਦਾਨ ਪਾਇਆ।ਇਸ ਲਈ ਵੰਨ ਸੁਵੰਨਤਾ ਵਿੱਚ ਹੀ ਸਾਡੀ ਖੂਬਸੂਰਤੀ ਤੇ ਅਨੇਕਤਾ ਵਿੱਚ ਹੀ ਏਕਤਾ ਹੈ।ਇਸ ਦੇ ਨਾਲ ਹੀ ਉਨਾ ਖੇਤੀ ਵਿਰੁੱਧ ਬਣਾਏ ਕਾਲੇ ਕਨੂੰਨਾਂ ਨੂੰ ਰੱਦ ਲਈ ਭਾਰਤ ਸਰਕਾਰ ਦੇ ਲਏ ਫ਼ੈਸਲੇ ਦਾ ਸਵਾਗਤ ਕਰਦਿਆਂ ਸੱਭ ਨੂੰ ਵਧਾਈ ਦਿੱਤੀ।ਪ੍ਰੋਫੈਸਰ ਜਗਮੋਹਨ ਸਿੰਘ ਜੀ ਜੋ ਕਿ ਸ਼ਹੀਦ ਭਗਤ ਸਿੰਘ ਹੋਣਾਂ ਦੇ ਭਾਣਜੇ ਹਨ, ਉਨ੍ਹਾਂ ਵੀ ਸ਼ਹੀਦ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸਾਥੀਆਂ ਬਾਰੇ ਆਪਣੇ ਕੀਮਤੀ ਵਿਚਾਰ ਸਾਂਝੇ ਕਰਦਿਆਂ ਇਤਿਹਾਸ ਦੇ ਬਹੁਤ ਸਾਰੇ ਲੁਕਵੇਂ ਪੱਖਾਂ ਨੂੰ ਉਜਾਗਰ ਕੀਤਾ ਤੇ ਕਰਤਾਰ ਸਿੰਘ ਸਰਾਭਾ ਨੂੰ ਛੋਟੀ ਉਮਰ ਦਾ ਵੱਡੀਆਂ ਪ੍ਰਾਪਤੀਆਂ ਵਾਲਾ ਚੇਤੰਨ ਸੂਰਮਾ ਆਖਿਆ।
ਪੜ੍ਹੋ ਇਹ ਅਹਿਮ ਖਬਰ -ਅਮਰੀਕਾ : ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੂਰਬ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ (ਤਸਵੀਰਾਂ)
ਕੈਨੇਡਾ ਤੋਂ ਇਸ ਵੈਬੀਨਾਰ ਵਿੱਚ ਸ਼ਾਮਿਲ ਹੋਏ ਅਮਰੀਕ ਪਲਾਹੀ ਹੁਰਾਂ ਨੇ ਕਰਤਾਰ ਸਿੰਘ ਸਰਾਭਾ ਵਾਰੇ ਵਿਚਾਰ ਚਰਚਾ ਕਰਦਿਆਂ ਉਨਾ ਦੇ ਅਮਰੀਕਾ ਵਿੱਚ ਦਾਖਲੇ ਸਮੇਂ ਇਮੀਗ੍ਰੇਸ਼ਨ ਨਾਲ ਹੋਏ ਲਿਖਤੀ ਸੰਵਾਦ ਨੂੰ ਸਰੋਤਿਆਂ ਨਾਲ ਸਾਂਝਾ ਕੀਤਾ।ਹਰਦੀਪ ਸਿੰਘ ਸਰਾਭਾ ਅਤੇ ਉਸਦੇ ਸਾਥੀਆਂ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਘਰੋਂ ਲਾਈਵ ਹੋ ਕੇ ਕਰਤਾਰ ਸਿੰਘ ਸਰਾਭੇ ਦੇ ਜੱਦੀ ਘਰ ਦੇ ਦਰਸ਼ਨ ਕਰਵਾਏ ਅਤੇ ਸਰਾਭੇ ਵਾਰੇ ਗਾਇਆ ਆਪਣਾ ਗੀਤ ਵੀ ਸਾਂਝਾ ਕੀਤਾ। ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸੁੱਖੀ ਬਾਠ ਹੁਰਾਂ ਨੇ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ 'ਤੇ ਆਪਣੀ ਹਾਜਰੀ ਲਗਵਾਉਂਦਿਆਂ ਸਾਹਿਤ ਸੁਰ ਸੰਗਮ ਸਭਾ ਇਟਲੀ ਦੀ ਸਾਰੀ ਟੀਮ ਨੂੰ ਅਜਿਹੇ ਸਾਂਝੇ ਉਪਰਾਲਿਆਂ ਲਈ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਹੋ ਜਿਹੇ ਸਮਾਗਮ ਜਰੂਰ ਕਰਵਾਏ ਜਾਣੇ ਚਾਹੀਦੇ ਹਨ।
ਸਭਾ ਦੇ ਮੰਚ ਵਲੋ ਪੰਜਾਬੀ ਸਾਹਿਤਕ ਤੇ ਸੱਭਿਆਚਾਰ ਖੇਤਰ ਵਿਚੋਂ ਪਿਛਲੇ ਸਮੇਂ ਵਿਛੜੀਆਂ ਰੂਹਾਂ, ਸੁਖਮਿੰਦਰ ਰਾਮਪੁਰੀ, ਗੁਰਮੀਤ ਬਾਵਾ, ਕੁਲਵੰਤ ਸਿੰਘ ਸੂਰੀ ਤੇ ਮਾਤਾ ਮਹਿੰਦਰ ਕੌਰ ਜੀ ਨੂੰ ਵੀ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।ਇਸ ਸ਼ਰਧਾਂਜਲੀ ਸਮਾਗਮ ਵਿੱਚ ਵਿਚਾਰ ਚਰਚਾ ਦੇ ਨਾਲ ਕਵੀ ਦਰਬਾਰ ਵੀ ਕਰਵਾਇਆ ਗਿਆ।ਵਿਸ਼ਵ ਭਰ ਵਿੱਚ ਨਾਮਣਾ ਖੱਟਣ ਵਾਲੀਆਂ ਕਲਮਾਂ ਨੇ ਇਸ ਕਵੀ ਦਰਬਾਰ ਵਿੱਚ ਹਿੱਸਾ ਲਿਆ ਅਤੇ ਸ਼ਹੀਦਾਂ ਨੂੰ ਸਮਰਪਿਤ ਰਚਨਾਵਾਂ ਸਾਝੀਆਂ ਕੀਤੀਆਂ।ਕਵੀ ਦਰਬਾਰ ਵਿੱਚ ਸ਼ਾਮਿਲ ਹੋਏ ਕਵੀਆਂ ਵਿੱਚ ਕਵਿੰਦਰ ਚਾਂਦ ਕੈਨੇਡਾ, ਅਮਰੀਕ ਪਲਾਹੀ ਕਨੇਡਾ, ਪ੍ਰੋਫੈਸਰ ਗੁਰਭਜਨ ਗਿੱਲ, ਨੀਲੂ ਜਰਮਨੀ, ਗੁਰਪ੍ਰੀਤ ਕੌਰ ਗਾਇਦੂ ਗ੍ਰੀਸ, ਜੀਤ ਸੁਰਜੀਤ ਬੈਲਜੀਅਮ ਤੋਂ ਇਲਾਵਾ ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਮੀਤ ਪ੍ਰਧਾਨ ਰਾਣਾ ਅਠੌਲਾ, ਸਿੱਕੀ ਝੱਜੀ ਪਿੰਡ ਵਾਲਾ, ਦਲਜਿੰਦਰ ਰਹਿਲ ਹੋਣਾਂ ਆਪੋ ਆਪਣੀਆਂ ਰਚਨਾਵਾਂ ਦੀ ਸਾਂਝ ਪਾਈ। ਸਭਾ ਦੇ ਪ੍ਰਧਾਨ ਬਲਵਿੰਦਰ ਚਾਹਲ ਹੋਣਾਂ ਆਪਣੀ ਰਚਨਾ ਸੁਣਾਉਣ ਦੇ ਨਾਲ ਹੋਠੀ ਬੱਲਾਂ ਵਾਲੇ ਦੀ ਸ਼ਹੀਦਾਂ ਨੂੰ ਸਮਰਪਿਤ ਰਚਨਾ ਵੀ ਸਾਂਝੀ ਕੀਤੀ। ਸਮਾਗਮ ਦੇ ਅਖੀਰ ਵਿੱਚ ਪ੍ਰੋਫੈਸਰ ਜਸਪਾਲ ਸਿੰਘ ਨੇ ਧੰਨਵਾਦੀ ਭਾਸ਼ਨ ਦੇ ਨਾਲ ਯੋਧਿਆਂ ਦੀ ਕੁਰਬਾਨੀ ਨੂੰ ਵੀ ਯਾਦ ਕੀਤਾ। ਬਹੁਤ ਹੀ ਵਧੀਆ ਤਰੀਕੇ ਨਾਲ ਇਸ ਪ੍ਰੋਗਰਾਮ ਨੂੰ ਨੇਪਰੇ ਚਾੜਨ ਲਈ ਮੰਚ ਸੰਚਾਲਕ ਦੀ ਭੂਮਿਕਾ ਦਲਜਿੰਦਰ ਰਹਿਲ ਨੇ ਬਾਖੂਬੀ ਨਿਭਾਈ।
ਤੀਜੀ ਲਹਿਰ ਨਾਲ ਜੂਝ ਰਹੇ ਆਸਟ੍ਰੇਲੀਆ 'ਚ ਕੋਰੋਨਾ ਮਾਮਲੇ 2 ਲੱਖ ਦੇ ਪਾਰ
NEXT STORY