ਦੁਬਈ- ਈਰਾਨ ਨੇ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਨਰਗਿਸ ਮੁਹੰਮਦੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੇ ਸਮਰਥਕਾਂ ਨੇ ਇਹ ਜਾਣਕਾਰੀ ਦਿੱਤੀ। ਮੁਹੰਮਦੀ ਦੇ ਨਾਂ 'ਤੇ ਸਥਾਪਤ ਇਕ ਸੰਸਥਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਰਾਜਧਾਨੀ ਤੇਹਰਾਨ ਤੋਂ ਲਗਭਗ 680 ਕਿਲੋਮੀਟਰ ਉੱਤਰ-ਪੂਰਬ 'ਚ ਸਥਿਤ ਮਸ਼ਹਦ 'ਚ ਉਸ ਸਮੇਂ ਹਿਰਾਸਤ 'ਚ ਲਿਆ ਗਿਆ ਸੀ, ਜਦੋਂ ਉਹ ਇਕ ਮਨੁੱਖੀ ਅਧਿਕਾਰ ਵਕੀਲ ਦੀ ਸੋਗ ਸਭਾ 'ਚ ਹਿੱਸਾ ਲੈਣ ਗਈ ਸੀ। ਵਕੀਲ ਦੀ ਹਾਲ 'ਚ ਮੌਤ ਹੋ ਗਈ ਸੀ। ਇਕ ਸਥਾਨਕ ਅਧਿਕਾਰੀ ਨੇ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਪਰ 53 ਸਾਲਾ ਮੁਹੰਮਦੀ ਦਾ ਨਾਂ ਸਿੱਧੇ ਤੌਰ 'ਤੇ ਨਹੀਂ ਲਿਆ।
ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਅਧਿਕਾਰੀ ਮੁਹੰਮਦੀ ਨੂੰ ਤੁਰੰਤ ਜੇਲ੍ਹ ਵਾਪਸ ਭੇਜਣਗੇ ਜਾਂ ਨਹੀਂ, ਜਿੱਥੇ ਉਹ ਸਜ਼ਾ ਕੱਟ ਰਹੀ ਸੀ। ਦਸੰਬਰ 2024 'ਚ ਮੁਹੰਮਦੀ ਨੂੰ ਮੈਡੀਕਲ ਕਾਰਨਾਂ ਕਰ ਕੇ ਜੇਲ੍ਹ ਤੋਂ ਅਸਥਾਈ ਤੌਰ 'ਤੇ ਰਿਹਾਅ ਕੀਤਾ ਗਿਆ ਸੀ। ਮੁਹੰਮਦੀ ਦੀ ਗ੍ਰਿਫ਼ਤਾਰੀ ਅਜਿਹੇ ਸਮੇਂ ਹੋਈ ਹੈ, ਜਦੋਂ ਈਰਾਨ ਪਾਬੰਦੀਆਂ, ਕਮਜ਼ੋਰ ਅਰਥਵਿਵਸਥਾ ਅਤੇ ਇਜ਼ਰਾਇਲ ਨਾਲ ਨਵੇਂ ਸਿਰੇ ਤੋਂ ਯੁੱਧ ਦੇ ਖ਼ਦਸ਼ੇ ਨਾਲ ਜੂਝ ਰਿਹਾ ਹੈ ਅਤੇ ਬੁੱਧੀਜੀਵੀਆਂ ਅਤੇ ਹੋਰ ਲੋਕਾਂ 'ਤੇ ਸਖ਼ਤ ਕਾਰਵਾਈ ਕਰ ਰਿਹਾ ਹੈ। ਨਾਰਵੇ ਦੀ ਨੋਬਲ ਕਮੇਟੀ ਨੇ ਮੁਹੰਮਦੀ ਦੀ ਗ੍ਰਿਫ਼ਤਾਰੀ 'ਤੇ 'ਬੇਹੱਦ ਚਿੰਤਾ' ਜ਼ਾਹਰ ਕੀਤੀ ਹੈ।
ਈਰਾਨ : ਨੋਬਲ ਸ਼ਾਂਤੀ ਪੁਰਸਕਾਰ ਜੇਤੂ ਨਰਗਿਸ ਮੁਹੰਮਦੀ ਗ੍ਰਿਫ਼ਤਾਰ; ਨੋਬਲ ਕਮੇਟੀ ਨੇ ਪ੍ਰਗਟਾਈ ਡੂੰਘੀ ਚਿੰਤਾ
NEXT STORY