ਇੰਟਰਨੈਸ਼ਨਲ ਡੈਸਕ- ਇਸਲਾਮਾਬਾਦ 'ਚ ਸ਼ਾਂਤੀ ਗੱਲਬਾਤ ਦੇ ਨਾਕਾਮ ਰਹਿਣ ਮਗਰੋਂ ਟਰੰਪ ਨੇ ਇਰਾਨ 'ਤੇ ਸ਼ਿਕੰਜਾ ਕੱਸਣ ਲਈ ਇਕ ਵਾਰ ਫ਼ਿਰ ਤੋਂ ਵੱਡੀ ਕਾਰਵਾਈ ਦੀ ਤਿਆਰੀ ਖਿੱਚ ਲਈ ਹੈ। ਇਸ ਦੌਰਾਨ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਸਾਫ਼ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਦੇਸ਼ ਇਰਾਨ ਦੀਆਂ ਬੰਦਰਗਾਹਾਂ ਦੀ ਨਾਕਾਬੰਦੀ ਕਰਨ ਦੇ ਅਮਰੀਕੀ ਫੈਸਲੇ ਦਾ ਸਾਥ ਨਹੀਂ ਦੇਵੇਗਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ 'ਹੋਰਮੁਜ਼ ਦੀ ਖਾੜੀ' ਰਾਹੀਂ ਤੇਲ ਦੀ ਸਪਲਾਈ ਰੋਕਣ ਅਤੇ ਇਰਾਨ 'ਤੇ ਸਖ਼ਤ ਸਮੁੰਦਰੀ ਪਾਬੰਦੀਆਂ ਲਾਉਣ ਦੇ ਐਲਾਨ ਤੋਂ ਬਾਅਦ ਬ੍ਰਿਟੇਨ ਨੇ ਇਹ ਅਹਿਮ ਸਟੈਂਡ ਲਿਆ ਹੈ।
ਬ੍ਰਿਟਿਸ਼ ਸਰਕਾਰ ਨੇ ਐਤਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਉਹ ਇਰਾਨ ਵਿਰੁੱਧ ਕਿਸੇ ਵੀ ਤਰ੍ਹਾਂ ਦੀ 'ਨੇਵਲ ਬਲਾਕੇਡ' ਦਾ ਹਿੱਸਾ ਨਹੀਂ ਬਣਨਗੇ। ਪੀ.ਐੱਮ. ਸਟਾਰਮਰ ਨੇ ਕਿਹਾ ਕਿ ਉਨ੍ਹਾਂ ਦੀ ਤਰਜੀਹ ਜੰਗ ਨੂੰ ਵਧਾਉਣ ਦੀ ਬਜਾਏ ਇਸ ਨੂੰ ਖ਼ਤਮ ਕਰਨਾ ਹੈ।
ਜ਼ਿਕਰਯੋਗ ਹੈ ਕਿ ਇਸਲਾਮਾਬਾਦ 'ਚ ਇਰਾਨ-ਅਮਰੀਕਾ ਵਿਚਾਲੇ ਗੱਲਬਾਤ ਨਾਕਾਮ ਹੋਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਅਮਰੀਕੀ ਜਲ ਸੈਨਾ ਇਰਾਨੀ ਬੰਦਰਗਾਹਾਂ 'ਤੇ ਆਉਣ-ਜਾਣ ਵਾਲੇ ਹਰ ਜਹਾਜ਼ ਨੂੰ ਰੋਕੇਗੀ। ਟਰੰਪ ਦਾ ਕਹਿਣਾ ਹੈ ਕਿ ਜਦੋਂ ਤੱਕ ਇਰਾਨ ਪ੍ਰਮਾਣੂ ਮੁੱਦਿਆਂ 'ਤੇ ਸਮਝੌਤਾ ਨਹੀਂ ਕਰਦਾ, ਇਹ ਨਾਕਾਬੰਦੀ ਜਾਰੀ ਰਹੇਗੀ।
ਇਹ ਵੀ ਪੜ੍ਹੋ- ਰਗੜਿਆ ਗਿਆ 'ਵਿਚੋਲਾ' ! ਇਰਾਨ ਨੇ ਹੋਰਮੁਜ਼ ਤੋਂ ਵਾਪਸ ਮੋੜ'ਤੇ ਪਾਕਿਸਤਾਨੀ ਜਹਾਜ਼
ਹਾਲਾਂਕਿ ਬ੍ਰਿਟੇਨ ਘੇਰਾਬੰਦੀ ਵਿੱਚ ਸ਼ਾਮਲ ਨਹੀਂ ਹੋਵੇਗਾ, ਪਰ ਉਸ ਨੇ ਕਿਹਾ ਹੈ ਕਿ ਉਹ ਖੇਤਰ ਵਿੱਚ ਆਪਣੇ ਸਮੁੰਦਰੀ ਜਹਾਜ਼ਾਂ ਦੀ ਸੁਰੱਖਿਆ ਅਤੇ 'ਫ੍ਰੀਡਮ ਆਫ ਨੇਵੀਗੇਸ਼ਨ' (ਸਮੁੰਦਰੀ ਰਸਤਿਆਂ ਦੀ ਆਜ਼ਾਦੀ) ਲਈ ਆਪਣੀਆਂ ਮੌਜੂਦਾ ਜਲ ਸੈਨਾ ਗਤੀਵਿਧੀਆਂ ਜਾਰੀ ਰੱਖੇਗਾ। ਬ੍ਰਿਟੇਨ ਦਾ ਮੰਨਣਾ ਹੈ ਕਿ ਇਰਾਨ ਨਾਲ ਸਿੱਧੀ ਜੰਗ ਜਾਂ ਨਾਕਾਬੰਦੀ ਕਾਰਨ ਤੇਲ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਸਕਦੀਆਂ ਹਨ, ਜਿਸ ਨਾਲ ਬ੍ਰਿਟੇਨ ਦੀ ਅਰਥਵਿਵਸਥਾ 'ਤੇ ਬੁਰਾ ਅਸਰ ਪਵੇਗਾ।
ਇਸ ਫੈਸਲੇ ਨਾਲ ਅਮਰੀਕਾ ਅਤੇ ਬ੍ਰਿਟੇਨ ਦੇ ਸਬੰਧਾਂ ਵਿੱਚ ਕੁੜੱਤਣ ਆਉਣ ਦੀ ਸੰਭਾਵਨਾ ਹੈ। ਟਰੰਪ ਨੇ ਪਹਿਲਾਂ ਹੀ ਸਟਾਰਮਰ ਦੀ ਆਲੋਚਨਾ ਕਰਦਿਆਂ ਜੰਗ ਵਿਚਾਲੇ ਉਨ੍ਹਾਂ ਦੇ ਰਵੱਈਏ ਨੂੰ ਕਮਜ਼ੋਰ ਦੱਸਿਆ ਹੈ। ਪਰ ਸਟਾਰਮਰ ਨੇ ਸਪੱਸ਼ਟ ਕੀਤਾ ਹੈ ਕਿ ਬ੍ਰਿਟੇਨ ਕਿਸੇ ਅਜਿਹੀ ਜੰਗ ਵਿੱਚ ਨਹੀਂ ਖਿੱਚਿਆ ਜਾਣਾ ਚਾਹੁੰਦਾ ਜੋ ਉਸ ਦੇ ਰਾਸ਼ਟਰੀ ਹਿੱਤ ਵਿੱਚ ਨਾ ਹੋਵੇ। ਅਜਿਹੇ 'ਚ ਦੋਵਾਂ ਦੇਸ਼ਾਂ ਵਿਚਾਲੇ ਰਿਸ਼ਤਿਆਂ 'ਚ ਕੁੜੱਤਣ ਵਧਣ ਦੀ ਸੰਭਾਵਨਾ ਵੀ ਵਧ ਗਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੁਲਾੜ ਵਿਗਿਆਨ ਦਾ ਨਵਾਂ ਕਦਮ! ਚੰਦਰਮਾ 'ਤੇ ਸੂਰਜ ਤੋਂ ਬਿਜਲੀ ਬਣਾਉਣ ਦੀ ਤਿਆਰੀ
NEXT STORY