ਯੇਰੂਸ਼ਲਮ (ਬਿਊਰੋ): ਇਜ਼ਰਾਈਲ ਅਤੇ ਹਮਾਸ ਵਿਚਾਲੇ ਪਿਛਲੇ 11 ਦਿਨਾਂ ਤੋਂ ਚੱਲ ਰਿਹਾ ਸੰਘਰਸ਼ ਆਖਿਰਕਾਰ ਵੀਰਵਾਰ ਨੂੰ ਜੰਗਬੰਦੀ 'ਤੇ ਜਾ ਕੇ ਖ਼ਤਮ ਹੋ ਗਿਆ। ਇਜ਼ਰਾਇਲੀ ਮੀਡੀਆ ਰਿਪੋਰਟਾਂ ਮੁਤਾਬਕ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦੀ ਸੁਰੱਖਿਆ ਕੈਬਨਿਟ ਨੇ ਗਾਜ਼ਾ ਪੱਟੀ ਵਿਚ 11 ਦਿਨਾਂ ਦੀ ਮਿਲਟਰੀ ਮੁਹਿੰਮ ਨੂੰ ਰੋਕਣ ਲਈ ਇਕਪਾਸੜ ਜੰਗਬੰਦੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹਮਾਸ ਦੇ ਇਕ ਅਧਿਕਾਰੀ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਅਧਿਕਾਰੀ ਮੁਤਾਬਕ ਇਹ ਜੰਗਬੰਦੀ ਸ਼ੁੱਕਰਵਾਰ ਤੜਕੇ 2 ਵਜੇ ਤੋਂ ਪ੍ਰਭਾਵੀ ਹੋ ਗਈ। ਇਜ਼ਰਾਇਲੀ ਕੈਬਨਿਟ ਨੇ ਜੰਗਬੰਦੀ ਦੀ ਪੁਸ਼ਟੀ ਕੀਤੀ ਹੈ ਪਰ ਇਸ ਦੇ ਲਾਗੂ ਹੋਣ ਦਾ ਸਮਾਂ ਨਹੀਂ ਦੱਸਿਆ ਹੈ। ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਦੇ ਦਬਾਅ ਵਿਚ ਇਹ ਫ਼ੈਸਲਾ ਲਿਆ ਗਿਆ ਹੈ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਨੇਤਨਯਾਹੂ ਨੇ ਮਿਲਟਰੀ ਹੈੱਡਕੁਆਰਟਰ ਦੇ ਦੌਰੇ ਦੇ ਬਾਅਦ ਕਿਹਾ ਕਿ ਉਹ ਅਮਰੀਕਾ ਦੇ ਰਾਸ਼ਟਰਪਤੀ ਦੇ ਸਹਿਯੋਗ ਦੀ ਬਹੁਤ ਪ੍ਰਸ਼ੰਸਾ ਕਰਦੇ ਹਨ ਪਰ ਇਜ਼ਰਾਈਲ ਦੇ ਲੋਕਾਂ ਨੂੰ ਸ਼ਾਂਤੀ ਅਤੇ ਸੁਰੱਖਿਆ ਵਾਪਸ ਦਿਵਾਉਣ ਲਈ ਦੇਸ਼ ਮੁਹਿੰਮ ਜਾਰੀ ਰੱਖੇਗਾ। ਉਹਨਾਂ ਨੇ ਕਿਹਾ ਕਿ ਉਹ ਮੁਹਿੰਮ ਦਾ ਉਦੇਸ਼ ਪੂਰਾ ਹੋਣ ਤੱਕ ਉਸ ਨੂੰ ਜਾਰੀ ਰੱਖਣ ਲਈ ਵਚਨਬੱਧ ਹਨ।
ਨੇਤਨਯਾਹੂ ਦੇ ਇਸ ਬਿਆਨ ਤੋਂ ਕੁਝ ਹੀ ਦੇਰ ਪਹਿਲਾਂ ਬਾਈਡੇਨ ਨੇ ਨੇਤਨਯਾਹੂ ਤੋਂ ਤਣਾਅ ਵਿਚ ਮਹੱਤਵਪੂਰਨ ਕਮੀ ਲਿਆਉਣ ਦੀ ਅਪੀਲ ਕੀਤੀ ਸੀ। ਦੋਹਾਂ ਨੇਤਾਵਾਂ ਵਿਚਾਲੇ ਗੱਲਬਾਤ ਦੇ ਬਾਰੇ ਵਿਚ ਵ੍ਹਾਈਟ ਹਾਊਸ ਵੱਲੋਂ ਜਾਰੀ ਬਿਆਨ ਮੁਤਾਬਕ ਇਹ ਅਮਰੀਕਾ ਦੇ ਕਿਸੇ ਸਹਿਯੋਗੀ 'ਤੇ ਬਾਈਡੇਨ ਵੱਲੋਂ ਪਾਇਆ ਗਿਆ ਹੁਣ ਤੱਕ ਦਾ ਸਭ ਤੋਂ ਸਖ਼ਤ ਜਨਤਕ ਦਬਾਅ ਸੀ। ਇਸ ਵਿਚ ਕਿਹਾ ਗਿਆ ਸੀ ਕਿ ਅਮਰੀਕੀ ਰਾਸ਼ਟਰਪਤੀ ਨੇ ਟੇਲੀਫੋਨ 'ਤੇ ਹੋਈ ਗੱਲਬਾਤ ਵਿਚ ਨੇਤਨਯਾਹੂ ਤੋਂ ਜੰਗਬੰਦੀ ਦੇ ਰਸਤੇ ਵੱਲ ਵੱਧਣ ਲਈ ਕਿਹਾ।
ਇਜ਼ਰਾਇਲੀ ਰਾਜਦੂਤ ਦਾ ਵਾਕਆਊਟ
ਉੱਥੇ ਵੀਰਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਵਿਚ ਜਦੋਂ ਫਿਲਸਤੀਨੀ ਪ੍ਰਤੀਨਿਧੀ ਨੇ ਬੋਲਣਾ ਸ਼ੁਰੂ ਕੀਤਾ ਤਾਂ ਸੰਯੁਕਤ ਰਾਸ਼ਟਰ ਵਿਚ ਇਜਰਾਇਲੀ ਰਾਜਦੂਤ ਗਿਲੈਡ ਅਰਦਾਨ ਉੱਥੋਂ ਬਾਹਰ ਨਿਕਲ ਗਏ। ਇਸ ਤੋਂ ਪਹਿਲਾਂ ਅਰਦਾਨ ਨੇ ਕਿਹਾ ਸੀ ਕਿ ਇਹ ਯੁੱਧ ਇਜ਼ਰਾਈਲ ਅਤੇ ਫਿਲਸਤੀਨ ਵਿਚਾਲੇ ਨਹੀਂ ਹੈ ਸਗੋਂ ਇਜ਼ਰਾਈਲ ਅਤੇ ਅੱਤਵਾਦੀ ਸੰਗਠਨ ਹਮਾਸ ਵਿਚਾਲੇ ਹੈ। ਅਮਰੀਕਾ ਦੇ ਸੀ.ਬੀ.ਐੱਸ. ਨਿਊਜ਼ ਨਾਲ ਗੱਲਬਾਤ ਵਿਚ ਗਿਲੈਡ ਅਰਦਾਨ ਨੇ ਕਿਹਾ ਕਿ ਅਸੀਂ ਇਹ ਸੰਘਰਸ਼ ਨਹੀਂ ਚਾਹੁੰਦੇ ਸੀ। ਅਸੀਂ ਸੰਘਰਸ਼ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਹੈ ਪਰ ਹਮਾਸ ਹਿੰਸਾ ਨੂੰ ਭੜਕਾਉ ਲਈ ਵਚਨਬੱਧ ਸੀ। ਹੁਣ ਅਸੀਂ ਜੰਗਬੰਦੀ ਦੀ ਸੰਭਾਵਨਾ ਦੇ ਵਿਚ ਇਸ ਅੱਤਵਾਦੀ ਮਸ਼ੀਨ ਨੂੰ ਬਰਬਾਦ ਕਰ ਰਹੇ ਹਾਂ। ਅਸੀਂ ਇਸ ਸਮੱਸਿਆ ਦਾ ਇਲਾਜ ਲੱਭ ਰਹੇ ਹਾਂ ਨਾ ਕਿ ਸਿਰਫ ਮਰਹਮ ਪੱਟੀ।
ਘੱਟੋ-ਘੱਟ 227 ਫਿਲਸਤੀਨੀ ਮਾਰੇ ਗਏ
ਇਜ਼ਰਾਈਲ ਅਤੇ ਹਮਾਸ ਵਿਚਾਲੇ ਹੋਏ ਸੰਘਰਸ਼ 11 ਦਿਨ ਪਹਿਲਾਂ ਸ਼ੁਰੂ ਹੋਇਆ ਜਦੋਂ ਅੱਤਵਾਦੀ ਸਮੂਹ ਨੇ ਯੇਰੂਸ਼ਲਮ 'ਤੇ ਲੰਬੀ ਦੂਰੀ ਦੇ ਰਾਕੇਟ ਦਾਗੇ। ਇਸ ਤੋਂ ਪਹਿਲਾਂ ਅਲ-ਅਕਸਾ ਮਸਜਿਦ ਵਿਚ ਫਿਲਸਤੀਨੀ ਪ੍ਰਦਰਸ਼ਨਕਾਰੀਆਂ ਅਤੇ ਇਜ਼ਰਾਇਲੀ ਪੁਲਸ ਵਿਚਾਲੇ ਝੜਪਾਂ ਨਾਲ ਸਥਿਤੀ ਤਣਾਅਪੂਰਨ ਬਣੀ ਹੋਈ ਸੀ। ਇਸ ਮਗਰੋਂ ਇਜ਼ਰਾਈਲ ਨੇ ਹਮਾਸ ਨੂੰ ਨਿਸ਼ਾਨਾ ਬਣਾਉਂਦੇ ਹੋਏ ਸੈਂਕੜੇ ਹਵਾਈ ਹਮਲੇ ਕੀਤੇ। ਹਮਾਸ ਅਤੇ ਹੋਰ ਅੱਤਵਾਦੀ ਸਮੂਹਾਂ ਨੇ ਇਜ਼ਰਾਇਲੀ ਸ਼ਹਿਰਾਂ ਵਿਚ 4000 ਤੋਂ ਵੱਧ ਰਾਕੇਟ ਦਾਗੇ।
ਗਾਜ਼ਾ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ 64 ਬੱਚਿਆਂ ਅਤੇ 38 ਔਰਤਾਂ ਸਮੇਤ ਘੱਟੋ-ਘੱਟ 227 ਫਿਲਸਤੀਨੀ ਮਾਰੇ ਗਏ ਅਤੇ 1620 ਲੋਕ ਜ਼ਖਮੀ ਹਨ। ਹਮਾਸ ਅਤੇ ਇਸਲਾਮਿਕ ਜਿਹਾਦ ਨੇ ਘੱਟੋ-ਘੱਟ 20 ਲੜਾਕਿਆਂ ਦੇ ਮਾਰੇ ਜਾਣ ਦੀ ਗੱਲ ਕਹੀ ਹੈ। ਜਦਕਿ ਇਜ਼ਰਾਈਲ ਦਾ ਕਹਿਣਾ ਹੈ ਕਿ ਘੱਟੋ-ਘੱਟ 130 ਲੜਾਕੇ ਮਾਰੇ ਗਏ ਹਨ। ਕਰੀਬ 58,000 ਫਿਲਸਤੀਨੀ ਆਪਣੇ ਘਰਾਂ ਨੂੰ ਛੱਡ ਕੇ ਜਾ ਚੁੱਕੇ ਹਨ। ਇਜ਼ਰਾਈਲ ਵਿਚ ਪੰਜ ਸਾਲ ਦੇ ਮੁੰਡੇ, 16 ਸਾਲ ਦੀ ਕੁੜੀ ਅਤੇ ਇਕ ਸੈਨਿਕ ਸਮੇਤ 12 ਲੋਕਾਂ ਦੀ ਮੌਤ ਹੋਈ ਹੈ।
ਨੋਟ-11 ਦਿਨਾਂ ਦੇ ਖੂਨੀ ਸੰਘਰਸ਼ ਮਗਰੋਂ ਇਜ਼ਰਾਈਲ-ਹਮਾਸ ਵਿਚਾਲੇ 'ਜੰਗਬੰਦੀ', ਖ਼਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਟੀਕਾ ਉਤਪਾਦਨ 'ਚ ਕਈ ਕਿਸਮਾਂ ਲਿਆਉਣੀਆਂ ਪੈਣਗੀਆਂ : WTO ਮੁਖੀ
NEXT STORY