ਦੀਰ ਅਲ-ਬਲਾਹ (ਗਾਜ਼ਾ ਪੱਟੀ), (ਭਾਸ਼ਾ)- ਇਜ਼ਰਾਈਲੀ ਫੌਜਾਂ ਅਤੇ ਡਰੋਨਾਂ ਨੇ ਮੰਗਲਵਾਰ ਤੜਕੇ ਕੇਂਦਰੀ ਗਾਜ਼ਾ ’ਚ ਸਹਾਇਤਾ ਟਰੱਕਾਂ ਦੀ ਉਡੀਕ ਕਰ ਰਹੇ ਸੈਂਕੜੇ ਲੋਕਾਂ ’ਤੇ ਗੋਲੀਬਾਰੀ ਕੀਤੀ, ਜਿਸ ਨਾਲ ਘੱਟੋ-ਘੱਟ 25 ਲੋਕ ਮਾਰੇ ਗਏ। ਫਿਲਸਤੀਨੀ ਚਸ਼ਮਦੀਦਾਂ ਅਤੇ ਹਸਪਤਾਲਾਂ ਨੇ ਇਹ ਜਾਣਕਾਰੀ ਦਿੱਤੀ।
ਇਜ਼ਰਾਈਲੀ ਫੌਜ ਨੇ ਇਸ ’ਤੇ ਪ੍ਰਤੀਕਿਰਿਆ ਦਿੱਤੀ ਅਤੇ ਕਿਹਾ ਕਿ ਉਹ ਜਾਨੀ ਨੁਕਸਾਨ ਦੀਆਂ ਰਿਪੋਰਟਾਂ ਦੀ ਸਮੀਖਿਆ ਕਰ ਰਹੀ ਹੈ। ਇਸ ’ਚ ਕਿਹਾ ਗਿਆ ਹੈ ਕਿ ਲੋਕਾਂ ਦਾ ਇਕ ਸਮੂਹ ਪੂਰਬ-ਪੱਛਮੀ ਨੇਤਜ਼ਾਰਿਮ ਨਾਲ ਲੱਗਦੇ ਇਕ ਖੇਤਰ ’ਚ ਫੌਜੀਆਂ ਵੱਲ ਵਧਿਆ, ਜਿਸ ਤੋਂ ਬਾਅਦ ਗੋਲੀਬਾਰੀ ਕੀਤੀ ਗਈ। ਨੁਸੇਰਾਤ ਸ਼ਰਨਾਰਥੀ ਕੈਂਪ ’ਚ ਸਥਿਤ ਅਵਦਾ ਹਸਪਤਾਲ ਨੇ ਕਿਹਾ ਕਿ ਫਿਲਸਤੀਨੀ ਲੋਕ ਵਾਦੀ ਗਾਜ਼ਾ ਦੇ ਦੱਖਣ ’ਚ ਸਲਾਹ ਅਲ-ਦੀਨ ਰੋਡ ’ਤੇ ਟਰੱਕਾਂ ਦੀ ਉਡੀਕ ਕਰ ਰਹੇ ਸਨ। ਹਮਲੇ ’ਚ ਜ਼ਖਮੀ ਹੋਏ ਲੋਕਾਂ ਨੂੰ ਇਸ ਹਸਪਤਾਲ ’ਚ ਲਿਆਂਦਾ ਗਿਆ ਹੈ।
ਚਸ਼ਮਦੀਦਾਂ ਨੇ ਕਿਹਾ ਕਿ ਇਜ਼ਰਾਈਲੀ ਫੌਜ ਨੇ ਉਦੋਂ ਗੋਲੀਬਾਰੀ ਕੀਤੀ, ਜਦੋਂ ਲੋਕ ਪੂਰਬ ’ਚ ਟਰੱਕਾਂ ਵੱਲ ਵਧ ਰਹੇ ਸਨ। ਇਕ ਚਸ਼ਮਦੀਦ ਅਹਿਮਦ ਹਲਵਾ ਨੇ ਕਿਹਾ ਕਿ ਇਹ ਇਕ ਕਤਲੇਆਮ ਸੀ। ਉਨ੍ਹਾਂ ਕਿਹਾ ਕਿ ਟੈਂਕਾਂ ਅਤੇ ਡਰੋਨਾਂ ਨੇ ਲੋਕਾਂ ’ਤੇ ਗੋਲੀਬਾਰੀ ਕੀਤੀ। ਇਸ ਕਾਰਨ ਕਈ ਲੋਕ ਮਾਰੇ ਗਏ ਜਾਂ ਜ਼ਖਮੀ ਹੋ ਗਏ।
ਇਕ ਹੋਰ ਚਸ਼ਮਦੀਦ ਗਵਾਹ ਹੁਸੈਮ ਅਬੂ ਸ਼ਹਾਦਾ ਨੇ ਕਿਹਾ ਕਿ ਇਲਾਕੇ ’ਚ ਡਰੋਨ ਉੱਡ ਰਹੇ ਸਨ। ਪਹਿਲਾਂ ਉਨ੍ਹਾਂ ਨੇ ਭੀੜ ’ਤੇ ਨਜ਼ਰ ਰੱਖੀ, ਫਿਰ ਜਦੋਂ ਲੋਕ ਅੱਗੇ ਵਧੇ ਤਾਂ ਟੈਂਕਾਂ ਅਤੇ ਡਰੋਨਾਂ ਨਾਲ ਗੋਲੀਆਂ ਚਲਾਈਆਂ ਗਈਆਂ। ਅਵਦਾ ਹਸਪਤਾਲ ਨੇ ਕਿਹਾ ਕਿ 146 ਫਿਲਸਤੀਨੀ ਜ਼ਖਮੀ ਹੋਏ ਹਨ।
ਗਾਜ਼ਾ ਪੱਟੀ ਦੇ ਸਿਹਤ ਮੰਤਰਾਲੇ ਅਨੁਸਾਰ ਇਸ ਜੰਗ ’ਚ ਲਗਭਗ 56,000 ਫਿਲਸਤੀਨੀ ਮਾਰੇ ਗਏ ਹਨ। ਇਜ਼ਰਾਈਲ ਨੇ 7 ਅਕਤੂਬਰ 2023 ਨੂੰ ਹਮਾਸ ਵੱਲੋਂ ਦੱਖਣੀ ਇਜ਼ਰਾਈਲ ’ਤੇ ਹਮਲਾ ਕਰਨ ਤੋਂ ਬਾਅਦ ਗਾਜ਼ਾ ’ਚ ਆਪਣੀ ਮੁਹਿੰਮ ਸ਼ੁਰੂ ਕੀਤੀ ਸੀ। ਹਮਾਸ ਦੇ ਹਮਲੇ ’ਚ ਲਗਭਗ 1,200 ਲੋਕ ਮਾਰੇ ਗਏ ਸਨ ਅਤੇ 251 ਹੋਰਾਂ ਨੂੰ ਬੰਦੀ ਬਣਾਇਆ ਗਿਆ ਸੀ।
ਯੂਕਰੇਨ 'ਚ ਰੂਸੀ ਹਮਲਿਆਂ 'ਚ 24 ਮੌਤਾਂ, 200 ਜ਼ਖਮੀ
NEXT STORY