ਰੋਮ/ਇਟਲੀ (ਕੈਂਥ)— ਇਟਲੀ ਨੂੰ ਆਰਥਿਕ ਸੰਕਟ ਵਿੱਚੋਂ ਕੱਢਣ ਲਈ ਅਤੇ ਇਟਲੀ ਵਾਸੀਆਂ ਨੂੰ ਸਥਿਰ ਅਤੇ ਸਾਰਥਕ ਸਰਕਾਰ ਦੇਣ ਲਈ ਇੱਕ ਵਾਰ ਫਿਰ ਜੁਸੇਪੇ ਕੌਂਤੇ ਨੇ 5 ਸਤੰਬਰ 2019 ਨੂੰ ਦੇਸ਼ ਦੇ 44ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਇਸ ਤੋਂ ਪਹਿਲਾਂ ਉਹਨਾਂ ਨੇ 1 ਜੂਨ 2018 ਨੂੰ ਦੇਸ਼ ਦੇ 43ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਸੀ ਪਰ ਸਹਿਯੋਗੀ ਪਾਰਟੀ ਦੇ ਆਗੂ ਸਲਵੀਨੀ ਦੀਆਂ ਮਾੜੀਆਂ ਨੀਤੀਆਂ ਤੋਂ ਤੰਗ ਹੋ ਕੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ।ਇਹ ਸਰਕਾਰ ਹੁਣ ਪੀ.ਡੀ. 5 ਸਟਾਰ ਮੂਵਮੈਂਟਸ ਅਤੇ ਲੀਏ ਪਾਰਟੀ ਦੇ ਸਹਿਯੋਗ ਨਾਲ ਬਣੀ ਹੈ, ਜਿਸ ਵਿੱਚ 9 ਮੰਤਰੀ ਪੀ.ਡੀ. ਦੇ, 10 ਮੰਤਰੀ 5 ਸਟਾਰ ਮੂਵਮੈਂਟਸ ਅਤੇ ਲੀਏ ਦੇ ਹਨ, ਜਿਹਨਾਂ ਵਿੱਚ 7 ਔਰਤਾਂ ਸ਼ਾਮਿਲ ਹਨ।
ਇਟਲੀ ਦੀ ਬਣੀ ਸਰਕਾਰ ਤੋਂ ਜਿੱਥੇ ਇਟਲੀ ਵਾਸੀਆਂ ਨੂੰ ਦੇਸ਼ ਦੀ ਤਰੱਕੀ ਲਈ ਡੂੰਘੀਆਂ ਆਸਾਂ ਹਨ ਉੱਥੇ ਹੀ ਇਟਲੀ ਵਿੱਚ ਰੈਣ ਬਸੇਰਾ ਕਰਦੇ ਲੱਖਾਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਵੀ ਇਟਲੀ ਵਿੱਚ ਆਪਣੇ ਭੱਵਿਖ ਨੂੰ ਲੈਕੇ ਨਵੀਂ ਆਸ ਦੀ ਕਿਰਨ ਜਾਗੀ ਹੈ। ਕਿਉਂਕਿ ਪਹਿਲੀ ਸਰਕਾਰ ਵਿੱਚ ਜਿਹੜੇ ਗ੍ਰਹਿ ਮੰਤਰੀ ਸਲਵੀਨੀ ਸਨ ਉਹ ਸਿੱਧੇ ਤੌਰ 'ਤੇ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਵਿਰੁੱਧ ਸਨ ਤੇ ਉਹਨਾਂ ਕਈ ਅਜਿਹੇ ਕਾਨੂੰਨਾਂ ਨੂੰ ਹਰੀ ਝੰਡੀ ਦਿੱਤੀ ਜਿਹਨਾਂ ਨਾਲ ਇਟਲੀ ਵਿੱਚ ਗੈਰ-ਕਾਨੂੰਨੀ ਪ੍ਰਵਾਸੀਆਂ ਦਾ ਜਿਉਣਾ ਮੁਹਾਲ ਜਿਹਾ ਲੱਗ ਰਿਹਾ ਸੀ।
ਇਸ ਨਵੀਂ ਸਰਕਾਰ ਦੇ ਗਠਨ ਨਾਲ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਚਿਹਰੇ ਉੱਤੇ ਕਈ ਮਹੀਨਿਆਂ ਦੇ ਬਾਅਦ ਹੁਣ ਮੁਸਕਾਨ ਦੇਖਣ ਨੂੰ ਮਿਲ ਰਹੀ ਹੈ ਭਾਵੇਂਕਿ ਨਵੀਂ ਸਰਕਾਰ ਦਾ ਕੱਲ੍ਹ ਹੀ ਗਠਨ ਹੋਇਆ ਹੈ ਫਿਰ ਵੀ ਗੈਰ-ਕਾਨੂੰਨ ਪ੍ਰਵਾਸੀਆਂ ਨੂੰ ਇੰਝ ਮਹਿਸੂਸ ਹੋ ਰਿਹਾ ਹੈ ਕਿ ਬੱਸ ਹੁਣ ਇਹ ਸਰਕਾਰ ਜਲਦ ਹੀ ਉਹਨਾਂ ਲਈ ਇਮੀਗ੍ਰੇਸ਼ਨ ਖੋਲ੍ਹ ਦੇਵੇਗੀ। ਜ਼ਿਕਰਯੋਗ ਹੈ ਕਿ ਇਸ ਨਵੀਂ ਸਰਕਾਰ ਵਿੱਚ ਸਾਬਕਾ ਗ੍ਰਹਿ ਮੰਤਰੀ ਮਾਤੇਓ ਸਲਵੀਨੀ ਦੀ ਥਾਂ ਇਮੀਗ੍ਰੇਸ਼ਨ ਮਾਹਿਰ ਮੈਡਮ ਲੂਚਾਨਾ ਮੌਰਜੇਸੇ (65) ਨੇ ਗ੍ਰਹਿ ਮੰਤਰੀ ਵਜੋਂ ਸਹੁੰ ਚੁੱਕੀ ਹੈ ਜਿਹੜੀ ਕਿ ਸਾਬਕਾ ਗ੍ਰਹਿ ਮੰਤਰੀ ਸਲਵੀਨੀ ਦੁਆਰਾ ਪੈਂਦੇ ਕੀਤੇ ਸੰਕਟਾਂ ਨੂੰ ਨਜਿੱਠਣ ਲਈ ਬਹੁਤ ਹੀ ਕਾਬਲ ਅਤੇ ਤਜਰਬੇਕਾਰ ਸ਼ਖਸੀਅਤ ਮੰਨੀ ਜਾ ਰਹੀ ਹੈ।
ਲੂਚਾਨਾ ਮੌਰਜੇਸੇ ਪਿਛਲੇ ਸਾਲਾਂ ਵਿੱਚ ਉੱਤਰੀ ਇਟਲੀ ਦੇ ਸ਼ਰਨਾਰਥੀ ਅਤੇ ਪ੍ਰਵਾਸੀ ਸਵਾਗਤੀ ਕੇਂਦਰਾਂ ਦੀ ਯੋਜਨਾ ਬਣਾਉਣ ਦੀ ਇੰਚਾਰਜ਼ ਰਹੀ ਹੈ ਅਤੇ ਏਕੀਕਰਣ ਸਮਾਗਮਾਂ ਅਤੇ ਨੀਤੀਆਂ ਨੂੰ ਉਤਸ਼ਾਹਤ ਕਰਨ ਲਈ ਜਾਣੀ ਜਾਂਦੀ ਹੈ।ਉਹ ਮਿਲਾਨ ਦੀ ਪਹਿਲੀ ਮਹਿਲਾ ਸੁੱਰਖਿਆ ਮੁੱਖੀ ਵੀ ਰਹੀ ਹੈ ਜਿਹੜੀ ਕਿ ਇਸ ਇਸ ਅਹੁੱਦੇ ਲਈ ਪ੍ਰਫੈਕਟ ਵਜੋਂ ਵੀ ਜਾਣੀ ਜਾਂਦੀ ਹੈ।ਆਸ ਪ੍ਰਗਟਾਈ ਜਾ ਰਹੀ ਹੈ ਕਿ ਇਟਲੀ ਦੇ ਸਾਬਕਾ ਗ੍ਰਹਿ ਮੰਤਰੀ ਮਾਤੇਓ ਸਲਵੀਨੀ ਦੀਆਂ ਆਪ ਹੁੱਦਰੀਆਂ ਕਾਰਵਾਈਆਂ ਨਾਲ ਜਿਹੜੀਆਂ ਨਫ਼ਰਤ ਭਰੀਆਂ ਤਰੇੜਾਂ ਦੇਸ਼ ਦੇ ਬਨਾਵਟੀ ਢਾਂਚੇ ਵਿੱਚ ਆਈਆਂ ਹਨ। ਉਹਨਾਂ ਨੂੰ ਜਲਦ ਹੀ ਪੂਰਿਆ ਜਾਵੇਗਾ ਕਿਉਂਕਿ ਇਟਲੀ ਦੀ ਨਵੀਂ ਚੁਣੀ ਸਰਕਾਰ ਦੇ ਪ੍ਰਧਾਨ ਮੰਤਰੀ ਆਪ ਇਹ ਗੱਲ ਖੁੱਲ੍ਹ ਕੇ ਮੰਨਦੇ ਹਨ ਕਿ ਪਿਛਲੀ ਸਰਕਾਰ ਚਾਹੇ ਕੁਝ ਮਹੀਨਿਆਂ ਦੀ ਸੀ ਪਰ ਇਸ ਵਿੱਚ ਕਾਫੀ ਕੁਝ ਗੈਰ-ਅਨੁਸ਼ਾਸ਼ਨ ਹੋਇਆ ਸੀ।
WHO ਦੀ ਵਾਰਨਿੰਗ, ਮੋਟਾਪੇ ਤੇ ਕੁਪੋਸ਼ਣ ਕਾਰਨ 2025 ਤੱਕ ਹੋਣਗੀਆਂ 37 ਲੱਖ ਮੌਤਾਂ
NEXT STORY