ਮਿਲਾਨ/ਇਟਲੀ (ਸਾਬੀ ਚੀਨੀਆ): ਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਸਿੰਘ ਸਭਾ ਫਲੈਰੋ ਵੱਲੋਂ ਬਰੇਸ਼ੀਆ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਸ ਵਿਸ਼ਾਲ ਨਗਰ ਕੀਰਤਨ ਵਿਚ ਸ੍ਰੀ ਕੇਸਗੜ਼੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਦੇ ਸਨਮੁੱਖ ਹੋ ਕੇ ਬੋਲਦਿਆਂ ਗਿਆਨੀ ਰਘਵੀਰ ਸਿੰਘ ਨੇ ਸਮੂਹ ਸੰਗਤ ਨੂੰ ਖ਼ਾਲਸਾ ਪੰਥ ਦੇ ਜਨਮ ਦਿਹਾੜੇ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਕਿਹਾ ਕਿ ਵਿਦੇਸ਼ੀ ਧਰਤੀ ਉੱਤੇ ਖ਼ਾਲਸੇ ਦਾ ਇੰਨਾ ਵੱਡਾ ਇਕੱਠ ਪਹਿਲੀ ਵਾਰ ਦੇਖਿਆ ਹੈ ਤੇ ਇੰਝ ਪ੍ਰਤੀਤ ਹੋ ਰਿਹਾ ਹੈ ਜਿਵੇਂ ਕਿ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਹੋਲੇ ਮਹੱਲੇ ਦੇ ਸਬੰਧ ਵਿੱਚ ਸਮਾਗਮ ਹੋਵੇ।
ਉਨ੍ਹਾਂ ਕਿਹਾ ਕਿ ਇੰਨੀ ਵੱਡੀ ਗਿਣਤੀ ਵਿੱਚ ਸੰਗਤਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਨਤਮਸਤਕ ਹੋਣਾ ਦੇਖਿਆ ਹੀ ਬਣਦਾ ਸੀ। ਇਹ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਦੇ ਹੇਠ ਗੁਰੂਦੁਆਰਾ ਸਿੰਘ ਸਭਾ ਫਲੈਰੋ ਬਰੇਸ਼ੀਆ ਵਿਖੇ ਅਰਦਾਸ ਉਪਰੰਤ ਪੰਜ ਪਿਆਰਿਆਂ ਅਤੇ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਦੇ ਵਿੱਚ ਵੀਆ ਕੋਰਸੀਕਾ ਬਰੇਸ਼ੀਆ ਤੋਂ ਬਹੁਤ ਹੀ ਸੁਚੱਜੇ ਢੰਗ ਨਾਲ਼ ਅਤੇ ਸਿੱਖੀ ਪਰੰਪਰਾਵਾਂ ਤਹਿਤ ਆਰੰਭ ਹੋਇਆ। ਸਾਰੇ ਰਸਤੇ ਵਿਚ ਸੰਗਤਾਂ ਦੁਆਰਾ 'ਸਤਿਨਾਮ ਵਾਹਿਗੁਰੂ' ਦਾ ਜਾਪ ਕੀਤਾ ਗਿਆ ਅਤੇ 'ਬੋਲੇ ਸੋ ਨਿਹਾਲ' ਦੇ ਜੈਕਾਰਿਆਂ ਨਾਲ ਬਰੇਸ਼ੀਆ ਸ਼ਹਿਰ ਗੂੰਜਿਆ। ਜਗ੍ਹਾ-ਜਗ੍ਹਾ 'ਤੇ ਸੰਗਤ ਵੱਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਵੱਖ ਵੱਖ ਗੁਰੂਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਵੱਖ ਵੱਖ ਸੰਸਥਾਵਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਕਈ ਤਰ੍ਹਾਂ ਦੇ ਲੰਗਰ ਲਗਾਏ ਗਏ।
ਪੜ੍ਹੋ ਇਹ ਅਹਿਮ ਖ਼ਬਰ- ਸਵੀਡਨ 'ਚ ਪਵਿੱਤਰ 'ਕੁਰਾਨ' ਸਾੜਨ ਨੂੰ ਲੈ ਕੇ ਭੜਕੇ ਦੰਗੇ, ਪੁਲਸ ਵੱਲੋਂ ਗੋਲੀਬਾਰੀ (ਤਸਵੀਰਾਂ)
ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਸਜਾਏ ਜਾਂਦੇ ਇਸ ਨਗਰ ਕੀਰਤਨ ਵਿੱਚ ਜਿੱਥੇ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਪਹੁੰਚੀਆਂ। ਉੱਥੇ ਹੀ ਇਹ ਯੂਰਪ ਦਾ ਸਭ ਤੋਂ ਵੱਡਾ ਨਗਰ ਕੀਰਤਨ ਹੁੰਦਾ ਹੈ। ਇਸ ਵਿਸ਼ਾਲ ਨਗਰ ਕੀਰਤਨ ਵਿੱਚ ਸੰਤ ਜਰਨੈਲ ਸਿੰਘ ਗੱਤਕਾ ਅਕੈਡਮੀ ਬਰੇਸ਼ੀਆਂ ਵੱਲੋਂ ਗੱਤਕੇ ਦੇ ਜੌਹਰ ਵਿਖਾਏ।ਇਸ ਤੋਂ ਪਹਿਲਾਂ ਗੁਰੂਦੁਆਰਾ ਸਾਹਿਬ ਵਿਖੇ ਬਾਬਾ ਜੋਰਾਵਰ ਸਿੰਘ ਬਾਬਾ ਫਤਹਿ ਸਿੰਘ ਦਸਤਾਰ ਲਹਿਰ ਵੱਲੋਂ ਸੈਂਕੜੇ ਹੀ ਨੌਜਵਾਨਾਂ ਦੇ ਦਸਤਾਰਾਂ ਸਜਾਈਆਂ। ਸ਼ਾਮ ਨੂੰ ਨਗਰ ਕੀਰਤਨ ਬਰੇਸ਼ੀਆ ਸ਼ਹਿਰ ਦੇ ਵੱਖ ਵੱਖ ਰਸਤਿਆਂ ਤੋਂ ਹੁੰਦਾ ਹੋਇਆ ਸੰਪੰਨ ਹੋਇਆ।ਇਸ ਮੌਕੇ ਹੈਲੀਕਾਪਟਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸੰਗਤਾਂ 'ਤੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ।ਇਸ ਨਗਰ ਕੀਰਤਨ ਮੌਕੇ ਵੱਖ-ਵੱਖ ਸੇਵਾਵਾਂ ਲਈ ਗੁਰਦਆਰਾ ਪ੍ਰਬੰਧਕ ਕਮੇਟੀ ਵਲੋਂ ਵੱਖ ਵੱਖ ਗੁਰੂਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ, ਇਲਾਕੇ ਦੀ ਸੰਗਤਾਂ ਅਤੇ ਸੇਵਾਦਾਰਾਂ ਦਾ ਸਨਮਾਨ ਕੀਤਾ ਗਿਆ।ਇਸ ਮੌਕੇ ਕਮੂਨੇ ਦੀ ਬਰੇਸ਼ੀਆ ਦੇ ਪ੍ਰਸ਼ਾਸ਼ਨਿਕ ਅਧਿਕਾਰੀ ਵੀ ਮੌਜੂਦ ਰਹੇ। ਅੰਤ ਵਿੱਚ ਗੁਰਦਆਰਾ ਸਿੰਘ ਸਭਾ ਫਲੇਰੋ ਦੀ ਪ੍ਰਬੰਧਕ ਕਮੇਟੀ, ਸੰਤ ਬਾਬਾ ਪ੍ਰੇਮ ਸਿੰਘ ਯਾਦਗਾਰੀ ਕਮੇਟੀ ਫਲੇਰੋ, ਨੌਜਵਾਨ ਸਭਾ ਫਲੇਰੋ ਦੇ ਆਗੂਆਂ ਵੱਲੋਂ ਸਮੁੱਚੀ ਸਾਧ ਸੰਗਤ ਦਾ ਧੰਨਵਾਦ ਕੀਤਾ ਗਿਆ।
ਖ਼ਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 24 ਅਪ੍ਰੈਲ ਨੂੰ
NEXT STORY