ਰੋਮ (ਦਲਵੀਰ ਕੈਂਥ) : ਇਟਲੀ ਯੂਰਪ ਦਾ ਅਜਿਹਾ ਦੇਸ਼ ਹੈ, ਜਿਸ ਨੂੰ ਰੱਬ ਅਤੇ ਬੰਦੇ ਦੋਵਾਂ ਦੀ ਮਾਰ ਝੱਲਣੀ ਪੈ ਰਹੀ ਹੈ। ਭਾਵ ਇਟਲੀ ਵਿੱਚ ਕੋਰੋਨਾ ਸੰਕਟ, ਜਲਵਾਯੂ ਸੰਕਟ ਤੇ ਰਾਜਨੀਤਕ ਸੰਕਟ ਨੇ ਆਮ ਲੋਕਾਂ ਨੂੰ ਝੰਬਿਆ ਹੋਇਆ ਹੈ, ਜਿਸ ਤੋਂ ਬਾਹਰ ਨਿਕਲਣ ਲਈ ਇਟਲੀ ਨੂੰ ਪਿਆਰ ਕਰਨ ਵਾਲਾ ਹਰ ਸ਼ਖਸ ਚਿੰਤਾ 'ਚ ਹੁੰਦਿਆਂ ਇਟਲੀ ਦੀ ਬਿਹਤਰੀ ਤੇ ਬੁਲੰਦੀਆਂ ਲਈ ਅਰਦਾਸਾਂ ਕਰ ਰਿਹਾ ਹੈ। ਕੋਰੋਨਾ ਸੰਕਟ 'ਚੋਂ ਨਿਕਲਣ ਤੋਂ ਬਾਅਦ ਇਟਲੀ ਨਿਰੰਤਰ ਕਾਮਯਾਬੀ ਵੱਲ ਵਧ ਰਿਹਾ ਹੈ। ਹੁਣ ਸਿਆਸੀ ਸੰਕਟ ਵੀ ਖਤਮ ਹੋਣ ਜਾ ਰਿਹਾ ਹੈ, ਜਿਸ ਬਾਰੇ ਇਟਲੀ 'ਚ ਨਵੀਂ ਸਰਕਾਰ ਬਣਾਉਣ ਲਈ 25 ਸਤੰਬਰ ਨੂੰ ਇਟਾਲੀਅਨ ਲੋਕਾਂ ਨੇ ਵੋਟਾਂ ਦੁਆਰਾ ਜਿੱਤ ਦਾ ਫ਼ਤਵਾ ਇਟਲੀ ਦੇ ਸੱਜੇ ਪੱਖੀ ਸਿਆਸੀ ਗਠਜੋੜ ਨੂੰ ਦੇ ਦਿੱਤਾ ਹੈ।
ਇਹ ਵੀ ਪੜ੍ਹੋ : ਹੈਰਾਨੀਜਨਕ! ਡੇਢ ਸਾਲ ਤੋਂ ਪੁੱਤ ਦੀ ਲਾਸ਼ ਨਾਲ ਰਹਿ ਰਹੇ ਸਨ ਮਾਪੇ, ਕੋਰੋਨਾ ਦੌਰਾਨ ਹੋਈ ਸੀ ਮੌਤ
ਇਸ ਗਠਜੋੜ ਵਿੱਚ ਫਰਤੇਲੀ ਇਤਾਲੀਆ, ਲੇਗਾ ਤੇ ਫੋਰਸਾ ਇਤਾਲੀਆ ਦੀ ਭਾਈਵਾਲੀ ਹੈ। ਇਟਾਲੀਅਨ ਭਾਈਚਾਰੇ ਨੇ ਸਭ ਤੋਂ ਵੱਧ ਵੋਟਾਂ ਇਟਲੀ ਦੇ ਭਰਾਵਾਂ ਦੀ ਪਾਰਟੀ 'ਫਰਤੇਲੀ ਦਿ ਇਟਾਲੀਆ' ਨੂੰ 26.1 ਫ਼ੀਸਦੀ ਦੇ ਕੇ ਨਿਵਾਜਿਆ ਹੈ, ਜਦੋਂ ਕਿ ਪੀ.ਡੀ. ਨੂੰ 19.0 ਫ਼ੀਸਦੀ, 5 ਤਾਰਾ ਨੂੰ 15.5 ਫ਼ੀਸਦੀ, ਲੇਗਾ ਨੂੰ 8.9 ਫ਼ੀਸਦੀ, ਐੱਫ਼.ਆਈ. ਨੂੰ 8.3 ਫ਼ੀਸਦੀ ਤੇ ਹੋਰ ਨੂੰ 7.7 ਫ਼ੀਸਦੀ ਵੋਟਾਂ ਮਿਲੀਆਂ ਹਨ। ਇਟਲੀ ਵਿੱਚ ਸਭ ਤੋਂ ਸ਼ਕਤੀਸ਼ਾਲੀ ਸਿਆਸੀ ਪਾਰਟੀ ਵਜੋਂ ਉਭਰ ਕੇ ਸਾਹਮਣੇ ਆਈ 'ਫਰਤੇਲੀ ਦਿ ਇਟਾਲੀਆ' ਪਾਰਟੀ ਦੀ ਆਗੂ ਮੈਡਮ ਜਾਰਜੀਆ ਮੇਲੋਨੀ ਨੇ ਇਸ ਕਾਮਯਾਬੀ 'ਤੇ ਉਨ੍ਹਾਂ ਉਪਰ ਵਿਸ਼ਵਾਸ ਕਰਨ ਲਈ ਇਟਾਲੀਅਨ ਭਾਈਚਾਰੇ ਦਾ ਤਹਿ-ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਜਿਸ ਵਿਸ਼ਵਾਸ ਤੇ ਆਸ ਨਾਲ ਇਟਲੀ ਦੀ ਆਵਾਮ ਨੇ ਦੇਸ਼ ਦੀ ਆਰਥਿਕਤਾ ਤੇ ਅਖੰਡਤਾ ਨੂੰ ਮਜ਼ਬੂਤ ਕਰਨ ਲਈ ਉਨ੍ਹਾਂ ਨੂੰ ਚੁਣ ਕੇ ਮੋਹਰੀ ਕਤਾਰ ਵਿੱਚ ਖੜ੍ਹਾ ਕੀਤਾ ਹੈ, ਉਸ ਲਈ ਉਹ ਸਦਾ ਹੀ ਇਟਾਲੀਅਨ ਲੋਕਾਂ ਦੀ ਰਿਣੀ ਰਹੇਗੀ ਤੇ ਕਦੀ ਵੀ ਉਨ੍ਹਾਂ ਦਾ ਭਰੋਸਾ ਤੋੜ ਕੇ ਧੋਖਾ ਨਹੀਂ ਦੇਵੇਗੀ।
ਇਹ ਵੀ ਪੜ੍ਹੋ : ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਔਰਤ ਸਣੇ 3 ਗ੍ਰਿਫ਼ਤਾਰ, 510 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ
ਦੂਜੀ ਸੰਸਾਰ ਜੰਗ ਤੋਂ ਬਾਅਦ ਇਟਲੀ ਦੀ ਸਿਆਸਤ ਵਿੱਚ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਕੋਈ ਮਹਿਲਾ ਆਗੂ ਮੋਹਰੀ ਬਣ ਕੇ ਪ੍ਰਧਾਨ ਮੰਤਰੀ ਦੀ ਕੁਰਸੀ ਦੀ ਦਾਅਵੇਦਾਰ ਹੋਵੇ ਤੇ ਇਸ ਪਾਰਟੀ ਦੀ ਜਿੱਤ ਤੋਂ ਇਹ ਗੱਲ ਸਾਫ਼ ਝਲਕਣ ਲੱਗੀ ਹੈ ਕਿ ਇਟਾਲੀਅਨ ਲੋਕ ਇਸ ਨੂੰ ਹੀ ਦੇਸ਼ ਦੀ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਹਨ। ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਂ ਦਾ ਐਲਾਨ ਇਸ ਵਕਤ ਇਟਲੀ ਦਾ ਹਰ ਬਾਸ਼ਿੰਦਾ ਬਹੁਤ ਬੇਸਬਰੀ ਨਾਲ ਉਡੀਕ ਰਿਹਾ ਹੈ। ਇਟਲੀ ਦੀ ਸਰਕਾਰ ਬਣਾਉਣ ਵਿੱਚ ਬਰਲਸਕੋਨੀ ਤੇ ਸਲਵੀਨੀ ਦਾ ਵੀ ਬਹੁਤ ਵੱਡਾ ਯੋਗਦਾਨ ਹੋਵੇਗਾ। ਦੂਜੇ ਪਾਸੇ ਇਟਲੀ ਦੀ ਬਣਨ ਜਾ ਰਹੀ ਨਵੀਂ ਸਰਕਾਰ ਪ੍ਰਤੀ ਇਟਲੀ ਦੇ ਵਿਦੇਸ਼ੀ ਲੋਕਾਂ ਵਿਚਕਾਰ ਇਹ ਚਰਚਾ ਵੀ ਪੂਰੇ ਜ਼ੋਰਾਂ 'ਤੇ ਹੈ ਕਿ ਮੈਡਮ ਮੇਲੋਨੀ ਤੇ ਸਲਵੀਨੀ ਦਾ ਰਵੱਈਆ ਅਤੇ ਵਿਚਾਰ ਵਿਦੇਸ਼ੀਆਂ ਦੀ ਤਰੱਕੀ ਲਈ ਨਾਂਹ-ਪੱਖੀ ਹਨ, ਜਿਸ ਕਾਰਨ ਹੋ ਸਕਦਾ ਹੈ ਕਿ ਇਹ ਨਵੀਂ ਬਣਨ ਜਾ ਰਹੀ ਗਠਜੋੜ ਸਰਕਾਰ ਵਿਦੇਸ਼ੀਆਂ ਪ੍ਰਤੀ ਕਈ ਤਰ੍ਹਾਂ ਦੀਆਂ ਸਖ਼ਤੀਆਂ ਵਾਲੇ ਕਾਨੂੰਨ ਲਾਗੂ ਕਰੇ ਪਰ ਕੀ ਇਹ ਸੱਚ ਹੋ ਸਕਦਾ ਹੈ। ਇਸ ਦਾ ਖੁਲਾਸਾ ਤਾਂ ਸਮਾਂ ਹੀ ਕਰੇਗਾ। ਫਿਲਹਾਲ ਇਸ ਗਠਜੋੜ ਵਾਲੀ ਸਰਕਾਰ ਦੇ ਪ੍ਰਧਾਨ ਮੰਤਰੀ ਉਮੀਦਵਾਰ ਮੈਡਮ ਜਾਰਜੀਆ ਮੇਲੋਨੀ ਨੂੰ ਚੁਫੇਰਿਓਂ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਦੁਬਈ ’ਚ ਮਿਲੀ ਮਾਸਕ ਤੋਂ ਛੁੱਟੀ, ਹੁਣ ਨਹੀਂ ਲੱਗੇਗਾ ਜੁਰਮਾਨਾ
NEXT STORY