ਟੋਕੀਓ : ਦੁਨੀਆ ਦੇ ਦੋ ਵੱਡੇ ਏਸ਼ੀਆਈ ਦੇਸ਼ਾਂ, ਜਾਪਾਨ ਅਤੇ ਚੀਨ, ਦਰਮਿਆਨ ਤਾਈਵਾਨ ਨੂੰ ਲੈ ਕੇ ਫੌਜੀ ਦਖਲਅੰਦਾਜ਼ੀ ਦੀ ਸੰਭਾਵਨਾ 'ਤੇ ਇੱਕ ਗੰਭੀਰ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਵਿਵਾਦ ਦੀ ਜੜ੍ਹ ਜਾਪਾਨ ਦੀ ਨਵੀਂ ਪ੍ਰਧਾਨ ਮੰਤਰੀ ਸਾਨਾਏ ਤਾਕਾਈਚੀ ਦੇ ਉਸ ਬਿਆਨ ਵਿੱਚ ਹੈ ਜਿੱਥੇ ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਤਾਈਵਾਨ ਉੱਤੇ ਹਮਲਾ ਹੋਇਆ ਤਾਂ ਉਹ ਆਪਣੇ ਦੇਸ਼ ਦੀਆਂ ਸਵੈ-ਰੱਖਿਆ ਫੌਜਾਂ (self-defence forces) ਦੀ ਤਾਇਨਾਤੀ ਕਰ ਸਕਦੀ ਹੈ।
ਤਾਕਾਈਚੀ ਨੇ ਕਿਹਾ 'ਤਿਆਰ ਰਹੋ'
ਪ੍ਰਧਾਨ ਮੰਤਰੀ ਤਾਕਾਈਚੀ ਨੇ, ਜੋ ਕਿ ਪਿਛਲੇ ਮਹੀਨੇ ਜਾਪਾਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣੀ ਸੀ ਅਤੇ ਚੀਨ ਪ੍ਰਤੀ ਸਖ਼ਤ ਵਿਚਾਰ ਰੱਖਦੀ ਹੈ, ਨੇ ਜ਼ੋਰ ਦੇ ਕੇ ਕਿਹਾ ਕਿ ਜਾਪਾਨ ਸਮੂਹਿਕ ਸਵੈ-ਰੱਖਿਆ ਦੇ ਆਪਣੇ ਅਧਿਕਾਰ ਦੀ ਵਰਤੋਂ ਕਰ ਸਕਦਾ ਹੈ। ਉਨ੍ਹਾਂ ਇੱਕ ਸੰਸਦੀ ਕਮੇਟੀ ਨੂੰ ਦੱਸਿਆ ਕਿ ਟੋਕੀਓ ਨੂੰ ਤਾਈਵਾਨ ਸਟ੍ਰੇਟ ਵਿੱਚ 'ਸਭ ਤੋਂ ਮਾੜੇ ਹਾਲਾਤਾਂ ਦੀ ਉਮੀਦ' (anticipate a worst-case scenario) ਕਰਨੀ ਪਵੇਗੀ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਤਾਈਵਾਨ ਵਿੱਚ ਕਿਸੇ ਐਮਰਜੈਂਸੀ ਵਿੱਚ "ਜੰਗੀ ਬੇੜੇ ਅਤੇ ਤਾਕਤ ਦੀ ਵਰਤੋਂ ਸ਼ਾਮਲ ਹੈ, ਤਾਂ ਇਹ ਕਿਸੇ ਵੀ ਤਰ੍ਹਾਂ ਜਾਪਾਨ ਦੀ ਹੋਂਦ ਨੂੰ ਖ਼ਤਰਾ ਪੈਦਾ ਕਰ ਸਕਦਾ ਹੈ"। ਤਾਕਾਈਚੀ ਨੇ ਸੋਮਵਾਰ ਨੂੰ ਆਪਣੇ ਇਸ ਸਟੈਂਡ ਤੋਂ ਪਿੱਛੇ ਹਟਣ ਤੋਂ ਇਨਕਾਰ ਕਰ ਦਿੱਤਾ।
ਚੀਨ ਨੇ ਦਿੱਤੀ 'ਗਰਦਨ ਕੱਟਣ' ਦੀ ਧਮਕੀ'
ਇਸ ਵਿਵਾਦ ਨੇ ਹਫਤੇ ਦੇ ਅੰਤ ਵਿੱਚ ਹੋਰ ਵੀ ਗੰਭੀਰ ਰੂਪ ਲੈ ਲਿਆ ਜਦੋਂ ਓਸਾਕਾ ਵਿੱਚ ਚੀਨ ਦੇ ਕੌਂਸਲ ਜਨਰਲ, ਜ਼ੂ ਜਿਆਨ (Xue Jian), ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇੱਕ ਧਮਕੀ ਭਰਿਆ ਪੋਸਟ ਕੀਤਾ। ਤਾਕਾਈਚੀ ਦੀਆਂ ਟਿੱਪਣੀਆਂ ਦਾ ਹਵਾਲਾ ਦਿੰਦੇ ਹੋਏ, ਜ਼ੂ ਜਿਆਨ ਨੇ ਲਿਖਿਆ: “ਸਾਡੇ ਕੋਲ ਕੋਈ ਚਾਰਾ ਨਹੀਂ ਹੈ, ਪਰ ਉਸ ਗੰਦੀ ਗਰਦਨ ਨੂੰ ਬਿਨਾਂ ਝਿਜਕ ਕੱਟ ਦੇਣਾ ਹੈ, ਜੋ ਸਾਡੇ ਵੱਲ ਉੱਠੀ ਹੋਈ ਹੈ। ਕੀ ਤੁਸੀਂ ਤਿਆਰ ਹੋ?”।
ਟੋਕੀਓ ਦੇ ਅਧਿਕਾਰੀਆਂ ਨੇ ਤੁਰੰਤ ਇਸ ਪੋਸਟ ਦੀ ਸਖ਼ਤ ਨਿੰਦਾ ਕੀਤੀ। ਜਾਪਾਨ ਦੇ ਸੀਨੀਅਰ ਸਰਕਾਰੀ ਬੁਲਾਰੇ, ਮਿਨੋਰੂ ਕਿਹਾਰਾ, ਨੇ ਇਸ ਨੂੰ "ਬਹੁਤ ਗਲਤ" ਦੱਸਿਆ ਅਤੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ "ਜ਼ੋਰਦਾਰ ਵਿਰੋਧ ਕੀਤਾ ਅਤੇ ਇਸ ਨੂੰ ਤੁਰੰਤ ਹਟਾਉਣ ਦੀ ਅਪੀਲ ਕੀਤੀ"। ਇਹ ਪੋਸਟ ਬਾਅਦ ਵਿੱਚ ਹਟਾ ਦਿੱਤੀ ਗਈ।
ਅਮਰੀਕਾ ਅਤੇ ਤਾਈਵਾਨ ਵੀ ਬੋਲੇ
ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ, ਲਿਨ ਜਿਆਨ, ਨੇ ਜ਼ੂ ਜਿਆਨ ਦੇ ਪੋਸਟ ਦਾ ਬਚਾਅ ਕਰਦੇ ਹੋਏ ਕਿਹਾ ਕਿ ਇਹ ਤਾਕਾਈਚੀ ਦੀਆਂ ਤਾਈਵਾਨ ਬਾਰੇ "ਗਲਤ ਅਤੇ ਖਤਰਨਾਕ" ਟਿੱਪਣੀਆਂ ਦਾ ਜਵਾਬ ਸੀ।
ਇਸ ਦੌਰਾਨ, ਤਾਈਵਾਨ ਦੇ ਰਾਸ਼ਟਰਪਤੀ ਦਫ਼ਤਰ ਦੀ ਬੁਲਾਰਨ, ਕੈਰਨ ਕੁਓ, ਨੇ ਕਿਹਾ ਕਿ ਤਾਈਵਾਨ ਸਰਕਾਰ "ਚੀਨੀ ਅਧਿਕਾਰੀਆਂ ਵੱਲੋਂ ਜਾਪਾਨ ਪ੍ਰਤੀ ਕੀਤੀਆਂ ਧਮਕੀ ਭਰੀਆਂ ਟਿੱਪਣੀਆਂ ਨੂੰ ਗੰਭੀਰਤਾ ਨਾਲ ਲੈਂਦੀ ਹੈ"। ਅਮਰੀਕੀ ਰਾਜਦੂਤ ਜਾਰਜ ਗਲਾਸ ਨੇ ਵੀ ਐਕਸ (X) 'ਤੇ ਪੋਸਟ ਕਰਦੇ ਹੋਏ ਕਿਹਾ ਕਿ ਚੀਨੀ ਕੂਟਨੀਤਕ ਦੇ ਸ਼ਬਦਾਂ ਨੇ ਤਾਕਾਈਚੀ ਅਤੇ ਜਾਪਾਨੀ ਲੋਕਾਂ ਨੂੰ "ਧਮਕਾਇਆ" ਹੈ।
ਜ਼ਿਕਰਯੋਗ ਹੈ ਕਿ ਚੀਨ ਤਾਈਵਾਨ ਨੂੰ ਆਪਣਾ ਸੂਬਾ ਮੰਨਦਾ ਹੈ ਅਤੇ ਉਸ ਨੂੰ ਆਪਣੇ ਨਾਲ ਮਿਲਾਉਣ ਲਈ ਤਾਕਤ ਦੀ ਵਰਤੋਂ ਤੋਂ ਇਨਕਾਰ ਨਹੀਂ ਕਰਦਾ। ਤਾਈਵਾਨ, ਜੋ ਕਿ ਇੱਕ ਸਵੈ-ਪ੍ਰਸ਼ਾਸਿਤ ਲੋਕਤੰਤਰ ਹੈ, ਜਾਪਾਨ ਦੇ ਸਭ ਤੋਂ ਪੱਛਮੀ ਟਾਪੂ ਤੋਂ ਸਿਰਫ 100 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ।
ਦਿੱਲੀ ਧਮਾਕੇ ਕਾਰਨ ਹਿੱਲੀ ਪੂਰੀ ਦੁਨੀਆ! ਵੱਡੇ ਦੇਸ਼ਾਂ ਨੇ ਭਾਰਤ ਨਾਲ ਦਿਖਾਈ ਇਕਜੁੱਟਤਾ
NEXT STORY